ਅਧਿਆਪਕ ਨੇ ਵਿਦਿਆਰਥੀ ਦੀ ਕੁੱਟਮਾਰ ; ਘੱਟਗਿਣਤੀ ਕਮਿਸ਼ਨ ਵਲੋਂ ਜਾਂਚ ਦੇ ਹੁਕਮ
Monday, May 15, 2023 - 01:26 PM (IST)
ਬਟਾਲਾ (ਬੇਰੀ) : ਪੰਜਾਬ ਘੱਟਗਿਣਤੀ ਕਮਿਸ਼ਨ ਨੇ ਸਰਕਾਰੀ ਹਾਈ ਸਕੂਲ ਕਾਹਲਵਾਂ ਦੇ ਅਧਿਆਪਕ ਵਲੋਂ ਵਿਦਿਆਰਥੀ ਨਾਲ ਕੁੱਟਮਾਰ ਕਰਨ ਦੀ ਘਟਨਾ ਦਾ ਨੋਟਿਸ ਲਿਆ ਹੈ। ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੋਬਾ ਨੇ ਪੀੜਤ ਬੱਚੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਯੂਸਫ ਮਸੀਹ ਨੇ ਦੱਸਿਆ ਕਿ ਉਸ ਦਾ ਲੜਕਾ ਅੰਕੁਸ਼ਦੀਪ, ਜੋ ਕਿ ਸਰਕਾਰੀ ਹਾਈ ਸਕੂਲ ਕਾਹਲਵਾਂ ’ਚ ਪੰਜਵੀਂ ਜਮਾਤ ਦਾ ਵਿਦਿਆਰਥੀ ਹੈ, 30 ਅਪ੍ਰੈਲ ਨੂੰ ਸਕੂਲ ’ਚ ਲੱਗੇ ਇਕ ਫਲਦਾਰ ਦਰੱਖਤ ਕੋਲ ਖੜ੍ਹਾ ਸੀ। ਇਸੇ ਦੌਰਾਨ ਸਕੂਲ ਦੇ ਇਕ ਅਧਿਆਪਕ ਨੇ ਉਸ ਨੂੰ ਦੇਖ ਕੇ ਕਿਹਾ ਕਿ ਤੂੰ ਦਰੱਖਤ ਤੋਂ ਫਲ ਕਿਉਂ ਤੋੜਿਆ ਹੈ। ਇਸ ਗੱਲ ਨੂੰ ਲੈ ਕੇ ਅਧਿਆਪਕ ਨੇ ਅੰਕੁਸ਼ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸ ਦਾ ਬੱਚਾ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ।
ਇਹ ਵੀ ਪੜ੍ਹੋ : ਦੋਆਬੇ ਦੀ ਰਾਜਨੀਤੀ ’ਚ ਸੁਸ਼ੀਲ ਰਿੰਕੂ ਦਾ ਕੱਦ ਵਧਿਆ
ਸਕੂਲ ਦੇ ਹੋਰਨਾਂ ਅਧਿਆਪਕਾਂ ਨੇ ਉਸ ਨੂੰ ਤੁਰੰਤ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਹਸਪਤਾਲ ਵਿਚ ਉਸਦੇ ਬੱਚੇ ਦੀ ਸਿਹਤ ਲਗਾਤਾਰ ਵਿਗੜਦੀ ਰਹੀ। ਇਸ ਤੋਂ ਬਾਅਦ ਉਨ੍ਹਾਂ ਵਲੋਂ ਬੱਚੇ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਪੰਜਾਬ ਘੱਟਗਿਣਤੀ ਕਮਿਸ਼ਨ ਨੂੰ ਕੀਤੀ ਸੀ। ਕਮਿਸ਼ਨ ਵੱਲੋਂ ਜਾਂਚ ਦੇ ਹੁਕਮ ਦਿੱਤੇ ਅਤੇ ਕਮਿਸ਼ਨ ਦੇ ਮੈਂਬਰ ਡਾ. ਸੁਭਾਸ ਥੋਬਾ ਨੂੰ ਜਾਂਚ ਲਈ ਭੇਜਿਆ ਗਿਆ। ਡਾ. ਸੁਭਾਸ਼ ਨੇ ਹਸਪਤਾਲ ਜਾ ਕੇ ਬੱਚੇ ਨਾਲ ਗੱਲਬਾਤ ਕੀਤੀ ਅਤੇ ਇਸ ਬਾਰੇ ਡਾਕਟਰਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ। ਇਸ ਸਬੰਧੀ ਡਾ. ਥੋਬਾ ਨੇ ਪਿੰਡ ਦੇ ਸਰਪੰਚ ਸੁਲੱਖਣ ਨਾਲ ਵੀ ਸੰਪਰਕ ਕੀਤਾ। ਡਾ. ਸੁਭਾਸ਼ ਥੋਬਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ। ਇਸ ਮੌਕੇ ਮੈਂਬਰ ਸਲਾਹਕਾਰ ਕਮੇਟੀ ਈਸਾਦਾਸ ਟੋਨੀ ਪ੍ਰਧਾਨ, ਪੂਰਨ ਸਫਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਚੰਗੀ ਸਿੱਖਿਆ ਲਈ ਮਾਤਾਵਾਂ ਦੀ ਹੋਵੇਗੀ ਟ੍ਰੇਨਿੰਗ, ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਵਿਦਿਆਰਥੀਆਂ ’ਤੇ ਫੋਕਸ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।