ਕੇਂਦਰ ਤੋਂ ਸੂਬੇ ਨੂੰ ਕੋਈ ਮਦਦ ਰਾਸ਼ੀ ਨਹੀਂ ਮਿਲੀ: ਕੈਪਟਨ
Wednesday, Apr 29, 2020 - 02:41 AM (IST)
ਜਲੰਧਰ, (ਧਵਨ)– ਕੇਂਦਰ ਸਰਕਾਰ ਵਲੋਂ ਕੋਰੋਨਾ ਵਾਇਰਸ ਖਿਲਾਫ ਲੜਾਈ ’ਚ ਗੈਰ-ਭਾਜਪਾ ਸਾਸ਼ਕ ਸੂਬਿਆਂ ਦੇ ਨਾਲ ਭੇਦਭਾਵ ਕਰਨ ਦੇ ਮੁੱਦੇ ’ਤੇ ਪੰਜਾਬ ਕਾਂਗਰਸ ਨੇ ਸੂਬੇ ਦੇ ਸਾਰੇ ਨਾਗਰਿਕਾਂ ਨੂੰ 1 ਮਈ ਨੂੰ ਆਪਣੇ ਘਰਾਂ/ਛੱਤਾਂ ’ਤੇ ਖੜ੍ਹੇ ਹੋ ਕੇ ਰਾਸ਼ਟਰੀ ਝੰਡਾ ਲਹਿਰਾਉਣ ਲਈ ਕਿਹਾ। ਪਾਰਟੀ ਨੇ ਕੇਂਦਰ ਤੋਂ ਤੁਰੰਤ 20000 ਕਰੋੜ ਦੀ ਰਾਹਤ ਰਾਸ਼ੀ ਮੰਗੀ ਹੈ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹ ਮਾਮਲਾ ਵੀਡੀਓ ਕਾਨਫਰੰਸਿੰਗ ਦੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਉਠਾਇਆ ਜਿਸ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੇ ਵਲੋਂ ਪੂਰੀ ਸਹਿਮਤੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਹਰ ਮਹੀਨੇ ਮਹਾਮਾਰੀ ਕਾਰਣ ਲਾਗੂ ਕਰਫਿਊ/ਲਾਕਡਾਊਨ ਕਾਰਣ 3360 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਅਤੇ ਪੂਰੇ ਸਾਲ ’ਚ ਸੂਬੇ ਨੂੰ 50000 ਕਰੋੜ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਸੂਬੇ ਨੂੰ ਹਾਲੇ ਤੱਕ ਕੇਂਦਰ ਤੋਂ ਇਸ ਸੰਕਟ ਨਾਲ ਨਜਿੱਠਣ ਲਈ ਕੋਈ ਮਦਦ ਨਹੀਂ ਮਿਲੀ ਹੈ।
ਜਾਖੜ ਨੇ ਕਿਹਾ ਕਿ 1 ਮਈ ਦਾ ਦਿਨ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਉਸ ਦਿਨ ਪੂਰੇ ਦੇਸ਼ ’ਚ ਲੇਬਰ ਡੇਅ ਮਨਾਇਆ ਜਾਂਦਾ ਹੈ। ਅਜਿਹਾ ਕਰ ਕੇ ਅਸੀਂ ਕੇਂਦਰ ਤੋਂ ਪੰਜਾਬ ਲਈ ਅਧਿਕਾਰ ਮੰਗਾਂਗੇ। ਪੰਜਾਬ ਭਾਰਤ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਕੇਂਦਰ ਸਰਕਾਰ ਨੂੰ ਸਾਡੇ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਮੰਗ ਕਰਦੀ ਹੈ ਕਿ ਕੇਂਦਰ ਨੂੰ ਤੁਰੰਤ 20000 ਕਰੋੜ ਦੀ ਰਾਸ਼ੀ ਰਿਲੀਜ਼ ਕਰ ਦੇਣੀ ਚਾਹੀਦੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ 1 ਮਈ ਨੂੰ ਅਸੀਂ ਨਾਲ ਹੀ ਕਿਸਾਨਾਂ, ਵਰਕਰਾਂ ਅਤੇ ਸਾਰੇ ਕੋਰੋਨਾ ਵਾਇਰਸ ਪ੍ਰਤੀ ਇਕਜੁੱਟਤਾ ਦਿਖਾਵਾਂਗੇ ਜੋ ਸੰਕਟ ਦੇ ਬਾਵਜੂਦ ਫਰੰਟ ’ਤੇ ਕੰਮ ਕਰ ਰਹੇ ਹਨ। ਜਾਖੜ ਨੇ ਕਿਹਾ ਕਿ ਪੰਜਾਬ ਕੋਈ ਭੀਖ ਨਹੀਂ ਮੰਗ ਰਿਹਾ ਸਗੋਂ ਆਪਣੇ ਅਧਿਕਾਰ ਦਾ ਹਿੱਸਾ ਮੰਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਤਾਂ ਬਹੁਤ ਘੱਟ ਰਾਸ਼ੀ ਮੰਗੀ ਹੈ ਜਦੋਂ ਕਿ ਹੋਰ ਸੂਬਿਆਂ ਪ੍ਰਤੀ ਕੇਂਦਰ ਦਯਾਵਾਨ ਬਣਿਆ ਹੋਇਆ ਹੈ। ਜਾਖੜ ਨੇ ਕਿਹਾ ਕਿ 1 ਮਈ ਨੂੰ ਹਿੱਸਾ ਲੈਣ ਵਾਲਿਆਂ ਨੂੰ ਕੌਮੀ ਝੰਡੇ ਪਾਰਟੀ ਵਲੋਂ ਮੁਹੱਈਆ ਕਰਵਾਏ ਜਾਣਗੇ।