ਕੁਦਰਤੀ ਨਜ਼ਾਰਿਆਂ ਨੂੰ ਚਾਰ ਚੰਨ ਲਗਾ ਰਹੀ ਪ੍ਰਵਾਸੀ ਮਹਿਮਾਨਾਂ ਦੀ ਚਹਿਕ, ਹੁਣ ਤੱਕ ਪਹੁੰਚੇ 1200 ਤੋਂ ਜ਼ਿਆਦਾ ਪੰਛੀ

Tuesday, Oct 24, 2023 - 05:41 PM (IST)

ਕੁਦਰਤੀ ਨਜ਼ਾਰਿਆਂ ਨੂੰ ਚਾਰ ਚੰਨ ਲਗਾ ਰਹੀ ਪ੍ਰਵਾਸੀ ਮਹਿਮਾਨਾਂ ਦੀ ਚਹਿਕ, ਹੁਣ ਤੱਕ ਪਹੁੰਚੇ 1200 ਤੋਂ ਜ਼ਿਆਦਾ ਪੰਛੀ

ਗੁਰਦਾਸਪੁਰ (ਹਰਮਨ)- ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਸਾਲ 2007 ਵਿਚ ਐਲਾਨੇ ਗਏ ਦੇਸ਼ ਦੇ ਪਹਿਲੇ ਕਮਿਊਨਿਟੀ ਰਿਜਰਵ ਕੇਸ਼ੋਪੁਰ ਛੰਭ ਵਿਚ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਜਿਉਂ-ਜਿਉਂ ਤਾਪਮਾਨ ਵਿਚ ਗਿਰਾਵਟ ਆ ਰਹੀ ਹੈ, ਉਵੇਂ-ਉਵੇਂ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਇਸ ਛੰਭ ਵਿਚ ਪ੍ਰਵਾਸੀ ਮਹਿਮਾਨਾਂ ਦੀ ਚਹਿਕ ਚਕਾਹਟ ਵਧਦੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਕਰੀਬ 850 ਏਕੜ ਰਕਬੇ ’ਚ ਫ਼ੈਲੇ ਇਸ ਛੰਭ ਵਿਚ ਹਰ ਸਾਲ ਅਕਤੂਬਰ ਮਹੀਨੇ ਵੱਖ-ਵੱਖ ਦੇਸ਼ਾਂ ਤੋਂ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਅਤੇ ਠੰਡ ਦੇ ਮਹੀਨਿਆਂ ਵਿਚ ਇਹ ਪੰਛੀ ਇਸੇ ਛੰਭ ਵਿਚ ਰਹਿ ਕੇ ਜਿਥੇ ਖੁਦ ਕੁਦਰਤ ਦੇ ਨਜ਼ਾਰਿਆਂ ਵਿਚ ਰਹਿੰਦੇ ਹਨ, ਉਥੇ ਇਸ ਇਲਾਕੇ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਹਨ।

PunjabKesari

ਸਾਲ 2021-22 ਵਿਚ ਇਸ ਛੰਭ ਵਿਚ ਪਹੁੰਚੇ ਪੰਛੀਆਂ ਦੀ ਗਿਣਤੀ ਨੇ ਪਿਛਲੇ ਕਰੀਬ 25 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਸੀ, ਜਿਸ ਤਹਿਤ 29 ਹਜ਼ਾਰ ਤੋਂ ਵੀ ਜ਼ਿਆਦਾ ਪੰਛੀਆਂ ਦੀ ਆਮਦ ਦਰਜ ਕੀਤੀ ਗਈ ਸੀ ਪਰ ਪਿਛਲੇ ਸਾਲ ਗਰਮੀ ਜ਼ਿਆਦਾ ਹੋਣ ਕਾਰਨ ਅਤੇ ਯੂਕਰੇਨ ਤੇ ਰੂਸ ’ਚ ਲੱਗੀ ਜੰਗ ਕਾਰਨ ਪੰਛੀਆਂ ਦੀ ਆਮਦ 15 ਹਜ਼ਾਰ ਦੇ ਕਰੀਬ ਹੀ ਰਹੀ ਸੀ। ਇਸ ਸਾਲ ਮੌਸਮ ਵਿਚ ਠੰਡਕ ਜ਼ਿਆਦਾ ਹੋਣ ਕਾਰਨ ਇਹ ਮੰਨਿਆ ਜਾ ਰਿਹਾ ਹੈ ਪੰਛੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਵਧੇਗੀ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਐਲਾਨ: ਹਰੇਕ ਲੋੜਵੰਦ ਪਰਿਵਾਰ ਦਾ ਬਣੇਗਾ ਨੀਲਾ ਕਾਰਡ, ਨਵਾਂ ਪੋਰਟਲ ਹੋਵੇਗਾ ਲਾਂਚ

ਅੰਤਰਰਾਸ਼ਟਰੀ ਪੱਧਰ ’ਤੇ ਅਹਿਮ ਹੈ ਕੇਸ਼ੋਪੁਰ ਛੰਭ

ਜੰਗਲੀ ਜੀਵ ਤੇ ਵਣ ਸੁਰੱਖਿਆ ਵਿਭਾਗ ਦੇ ਡੀ. ਐੱਫ. ਓ. ਪਰਮਜੀਤ ਸਿੰਘ ਨੇ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਛੰਭ ਕਰੀਬ 850 ਏਕੜ ਵਿਚ ਫੈਲਿਆ ਹੋਇਆ ਹੈ, ਜਿਸ ਨੂੰ ਭਾਰਤ ਸਰਕਾਰ ਨੇ 2007 ਵਿਚ ਦੇਸ਼ ਦਾ ਪਹਿਲਾ ਕਮਿਊਨਿਟੀ ਰਿਜਰਵ ਐਲਾਨਿਆ ਸੀ ਅਤੇ 2019 ਵਿਚ ਇਸ ਨੂੰ ਇੰਟਰਨੈਸ਼ਨਲ ਰਾਮਸਰ ਸਾਈਟ ਵੀ ਐਲਾਨਿਆ ਗਿਆ ਸੀ। ਸ਼ੁਰੂਆਤੀ ਦੌਰ ਵਿਚ ਇਸ ਕੁਦਰਤੀ ਛੰਭ ਵਿਚ ਕਈ ਸਮੱਸਿਆਵਾਂ ਹੋਣ ਕਾਰਨ ਪ੍ਰਵਾਸੀ ਪੰਛੀਆਂ ਦੀ ਆਮਦ ਘੱਟ ਸੀ।

PunjabKesari

ਜੰਗਲੀ ਬੂਟੀਆਂ ਕਾਰਨ ਇਥੇ ਪਾਣੀ ਦਾ ਪੱਧਰ ਡਿੱਗ ਰਿਹਾ ਸੀ ਪਰ ਵਿਭਾਗ ਨੇ ਇਸ ਛੰਭ ਦੀ ਖੂਬਸੂਰਤੀ ਬਚਾਉਣ ਲਈ ਨਾ ਸਿਰਫ਼ ਇਸ ਦੀ ਸਾਫ਼-ਸਫ਼ਾਈ ਕਰਵਾਈ ਸਗੋਂ ਛੰਭ ਦੇ ਅੰਦਰ ਤੱਕ ਜਾਣ ਲਈ ਕਰੀਬ 9 ਕਿਲੋਮੀਟਰ ਕੱਚੇ ਰਸਤੇ ਵੀ ਤਿਆਰ ਕਰਵਾਏ। ਪਾਣੀ ਵਿਚ ਉਗਣ ਵਾਲੀ ਹਰੀ ਬੂਟੀ ਨੂੰ ਹਟਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਅਤੇ ਤਿੰਨ ਉੱਚੇ ਟਾਵਰ ਵੀ ਬਣਾਏ ਤਾਂ ਜੋ ਕੁਦਰਤ ਪ੍ਰੇਮੀ ਇਨ੍ਹਾਂ ਟਾਵਰਾਂ ਉਪਰ ਚੜ੍ਹ ਕੇ ਦੂਰ-ਦੂਰ ਤੱਕ ਕੁਦਰਤ ਦੇ ਨਜ਼ਾਰੇ ਦੇਖ ਸਕਣ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਗਾਹਕਾਂ ਨੂੰ ਭਰਮਾਉਣ ਲਈ ਵਿਦੇਸ਼ੋਂ ਮੰਗਵਾਈਆਂ ਕੁੜੀਆਂ

ਵਿਦੇਸ਼ਾਂ ਤੋਂ ਪਹੁੰਚਦੇ ਹਨ ਕਰੀਬ 63 ਪ੍ਰਜਾਤੀਆਂ ਦੇ ਪੰਛੀ

ਪਰਮਜੀਤ ਸਿੰਘ ਨੇ ਦੱਸਿਆ ਕਿ ਤਿੱਬਤ, ਸਾਈਬੇਰੀਆ, ਚੀਨ ਵਰਗੇ ਅਨੇਕਾਂ ਦੇਸ਼ਾਂ ’ਚ ਜਦੋਂ ਠੰਡ ਜ਼ਿਆਦਾ ਹੋ ਜਾਂਦੀ ਹੈ ਤਾਂ ਉਨ੍ਹਾਂ ਦੇਸ਼ਾਂ ’ਚੋਂ ਪੰਛੀ ਆਪਣੀ ਜਾਨ ਬਚਾਉਣ ਲਈ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਭਾਰਤ ਅੰਦਰ ਕੇਸ਼ੋਪੁਰ ਛੰਭ ਸਮੇਤ ਹੋਰ ਥਾਵਾਂ ’ਤੇ ਪਹੁੰਚ ਜਾਂਦੇ ਹਨ। ਕੇਸ਼ੋਪੁਰ ਛੰਬ ’ਚ ਇਨ੍ਹਾਂ ਦੀ ਆਮਦ ਅਕਤੂਬਰ ਤੇ ਨਵੰਬਰ ਮਹੀਨੇ ਸ਼ੁਰੂ ਹੁੰਦੀ ਹੈ ਅਤੇ ਮਾਰਚ ਮਹੀਨੇ ਤੋਂ ਜਦੋਂ ਤਾਪਮਾਨ ਵਧਣਾ ਸ਼ੁਰੂ ਹੁੰਦਾ ਹੈ ਤਾਂ ਇਹ ਪੰਛੀ ਵਾਪਸ ਪਰਤਣੇ ਸ਼ੁਰੂ ਹੋ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਉਤਰੀ ਪਿਨਟੇਲ, ਉਤਰੀ ਸ਼ਾਵਲਰ, ਕਾਮਨਟੀਲ, ਗ੍ਰਲੈਕ ਕੋਸ, ਕਾਮਨ ਕੂਟਸ, ਕਾਮਨ ਕ੍ਰੇਨ, ਰੋਡੀ ਸ਼ੈਲਡਕ, ਸਪਾਟ ਬਿਲਟ ਟਕ ਅਤੇ ਸਾਰਸ ਕ੍ਰੇਨ ਆਦਿ ਜਾਤੀਆਂ ਦੇ ਪੰਛੀ ਇਸ ਛੰਭ ਵਿਚ ਪਹੁੰਚਦੇ ਹਨ। ਹੁਣ ਵੀ ਕਰੀਬ 1200 ਪੰਛੀ ਇਸ ਛੰਭ ਵਿਚ ਪਹੁੰਚ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨਾਰਦਨ ਲੈਪ ਇਕ ਅਜਿਹਾ ਪੰਛੀ ਹੈ, ਜੋ ਜਿਸਦੀ ਗਿਣਤੀ ਪਿਛਲੇ ਸਾਲਾਂ ਦੌਰਾਨ ਸਿਰਫ 40 ਤੋਂ 50 ਦੇ ਕਰੀਬ ਹੀ ਰਹਿੰਦੀ ਸੀ ਪਰ 2 ਸਾਲਾਂ ਤੋਂ ਇਸ ਦੀ ਗਿਣਤੀ ਵਧ ਰਹੀ ਹੈ ਅਤੇ 2021-22 'ਚ ਇਸ ਦੀ ਗਿਣਤੀ 170 ਤੱਕ ਪਹੁੰਚ ਗਈ ਸੀ।

PunjabKesari

ਇਹ ਵੀ ਪੜ੍ਹੋ- ਨਿੱਕੀ ਜਿਹੀ ਗੱਲ ਨੇ ਧਾਰਿਆ ਖੂਨੀ ਰੂਪ, ਵੀਡੀਓ ’ਚ ਦੇਖੋ ਕਿਵੇਂ ਖੇਤਾਂ ’ਚ ਭਿੜੀਆਂ ਦੋ ਧਿਰਾਂ

ਕੀ ਸੀ ਪਿਛਲੇ ਸਾਲਾਂ ਦੀ ਸਥਿਤੀ?

ਪਿਛਲੇ ਸਾਲ 2022-23 ਦੌਰਾਨ ਕੇਸ਼ੋਪੁਰ ਛੰਬ ’ਚ ਕਰੀਬ 15 ਹਜ਼ਾਰ 500 ਪੰਛੀਆਂ ਦੀ ਆਮਦ ਹੋਈ ਸੀ, ਜਦੋਂ ਕਿ ਉਸ ਤੋਂ ਪਿਛਲੇ ਸਾਲ ਵਿਚ 15 ਫਰਵਰੀ 2022 ਨੂੰ ਕੀਤੀ ਗਈ ਗਿਣਤੀ ਅਨੁਸਾਰ ਕੇਸ਼ੋਪੁਰ ਛੰਭ ਵਿਚ 29, 280 ਪੰਛੀ ਪਹੁੰਚ ਚੁੱਕੇ ਸਨ। ਉਸ ਤੋਂ ਪਹਿਲਾਂ 2021-22 ਦੌਰਾਨ ਇਹ ਗਿਣਤੀ ਸਿਰਫ਼ 11,458 ਹੀ ਸੀ, ਜਦੋਂ ਕਿ 2020 ਵਿਚ 20,883 ਪੰਛੀਆਂ ਦੀ ਆਮਦ ਹੋਈ ਸੀ। 2019 ਵਿਚ 23 ਹਜ਼ਾਰ 23 ਪੰਛੀ ਇਸ ਛੰਭ ਵਿਚ ਪਹੁੰਚੇ, ਜਦੋਂ ਕਿ ਉਸ ਤੋਂ ਪਹਿਲਾਂ ਸਾਲ 2018 ਵਿਚ 21,040 ਅਤੇ ਸਾਲ 2017 ਵਿਚ 21,181 ਪੰਛੀ ਇਸ ਛੰਭ ਵਿਚ ਆਏ ਸਨ।

ਸਾਫ਼-ਸਫ਼ਾਈ ਤੇ ਸਾਂਭ-ਸੰਭਾਲ ਦਾ ਕੰਮ ਜਾਰੀ

ਡੀ. ਐੱਫ. ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਹੁਣ ਜਦੋਂ ਪ੍ਰਵਾਸੀ ਪੰਛੀ ਆਉਣੇ ਸ਼ੁਰੂ ਹੋ ਗਏ ਹਨ ਤਾਂ ਇਸ ਛੰਭ ਦੀ ਸਾਂਭ-ਸੰਭਾਲ ਅਤੇ ਪੰਛੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਛੰਭ ਦੀ ਸੁਰੱਖਿਆ ਲਈ ਰੇਂਜ ਅਫ਼ਸਰ ਵਣ ਗਾਰਡ ਸਮੇਤ ਹੋਰ ਸਟਾਫ਼ ਤਾਇਨਾਤ ਹੈ ਤਾਂ ਜੋ ਛੰਭ ਦੀ ਮਿੱਟੀ ਤੇ ਪਾਣੀ ਰਸਾਇਣਿਕ ਦਵਾਈਆਂ ਤੇ ਜ਼ਹਿਰੀਲੀ ਬੂਟੀਆਂ ਤੋਂ ਮੁਕਤ ਰੱਖਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News