ਸੂਬਾਈ ਕਾਨਫਰੰਸ ''ਚ ਪੰਜਾਬ ਸਰਕਾਰ ਖਿਲਾਫ ਲੱਗੇ ਨਾਅਰੇ

Saturday, Nov 11, 2017 - 01:52 AM (IST)

ਅੰਮ੍ਰਿਤਸਰ, (ਛੀਨਾ)- ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੀ 37ਵੀਂ ਸੂਬਾਈ ਕਾਨਫਰੰਸ ਅੱਜ ਸਥਾਨਕ ਬੱਸ ਸਟੈਂਡ ਵਿਖੇ ਹੋਈ, ਜਿਸ ਵਿਚ ਪੰਜਾਬ ਦੇ 18 ਡਿਪੂਆਂ 'ਚੋਂ ਅਹੁਦੇਦਾਰ, ਪੈਨਸ਼ਨਰਜ਼ ਤੇ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ 'ਚ ਸ਼ਾਮਿਲ ਹੋਏ, ਜਿਨ੍ਹਾਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਮੋਤੀ ਤੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ 'ਚ ਕੈਪਟਨ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਕਿਰਤੀਆਂ ਨੂੰ ਸਿਰਫ ਨਿਰਾਸ਼ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਦਿਆਂ ਹੀ ਆਪਣੇ ਚੋਣ ਵਾਅਦਿਆਂ ਖਿਲਾਫ ਜਾਂਦਿਆਂ ਸਰਕਾਰ ਨੇ ਥਰਮਲ ਪਲਾਂਟ ਬੰਦ ਕਰਨ, ਟਰਾਂਸਪੋਰਟ ਪਾਲਿਸੀ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਹੱਕ 'ਚ ਬਣਾਉਣ, ਡੀ. ਏ. ਦੀਆਂ ਕਿਸ਼ਤਾਂ ਤੇ 2 ਮਹੀਨਿਆਂ ਦੇ ਬਕਾਏ ਤੋਂ ਕੋਰਾ ਜਵਾਬ ਦੇ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਮਹਿੰਗਾਈ ਦੀ ਚੱਕੀ 'ਚ ਪਿਸ ਰਹੇ ਸਨ ਤੇ ਉਪਰੋਂ ਸਰਕਾਰ ਨੇ ਬਿਜਲੀ ਦੇ 12 ਫੀਸਦੀ ਰੇਟ ਵਧਾ ਕੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਖਫਾ ਹੋਇਆ ਹਰ ਇਨਸਾਨ ਹੁਣ ਸੰਘਰਸ਼ ਦੇ ਰਾਹ 'ਤੇ ਆਉਣ ਲਈ ਮਜਬੂਰ ਹੈ।
ਇਸ ਮੌਕੇ ਕਾਮਰੇਡ ਜਗਰੂਪ ਸਿੰਘ, ਜਗਦੀਸ਼ ਸਿੰਘ ਚਾਹਲ, ਕਾਮਰੇਡ ਕੁਲਦੀਪ ਸਿੰਘ ਹੁਸ਼ਿਆਰਪੁਰ, ਗੁਰਚਰਨ ਸਿੰਘ ਬਟਾਲਾ, ਗੁਰਮੇਲ ਸਿੰਘ, ਬਲਕਾਰ ਸਿੰਘ ਮੋਗਾ, ਬਲਦੇਵ ਸਿੰਘ ਬੱਬੂ, ਕੁਲਵੰਤ ਸਿੰਘ ਘੁੱਕੇਵਾਲੀ, ਬਲਰਾਜ ਸਿੰਘ ਭੰਗੂ, ਅਮਰਜੀਤ ਸਿੰਘ ਲਾਹੌਰੀਆ, ਅਵਤਾਰ ਸਿੰਘ ਤਾਰੀ, ਇਕਬਾਲ ਸਿੰਘ, ਬਿਕਰਮਜੀਤ ਸਿੰਘ ਛੀਨਾ, ਤਿਲਕ ਰਾਜ, ਦੀਦਾਰ ਸਿੰਘ ਪੱਟੀ, ਗੁਰਦੇਵ ਸਿੰਘ ਰੋਪੜ, ਪ੍ਰਦੀਪ ਕੁਮਾਰ, ਜਸਵੰਤ ਸਿੰਘ, ਸੁੱਚਾ ਸਿੰਘ, ਰਣਜੀਤ ਸਿੰਘ ਰਾਣਾ ਤੇ ਕੁਲਵਿੰਦਰ ਸਿੰਘ ਬੱਲ ਸਮੇਤ ਹੋਰ ਵੀ ਬਹੁਤ ਸਾਰੇ ਯੂਨੀਅਨ ਦੇ ਆਗੂ ਹਾਜ਼ਰ ਸਨ।


Related News