ਇਕਾਂਤਵਾਸ ਕੀਤੇ ਯਾਤਰੀਆਂ ਨੇ ਪੱਟੀ ਦੇ ਵਿਧਾਇਕ ਨੂੰ ਸੁਣਾਈਆਂ ਖਰੀਆਂ-ਖਰੀਆਂ
Monday, May 04, 2020 - 01:43 AM (IST)
ਤਰਨਤਾਰਨ,(ਰਮਨ)- ਸ੍ਰੀ ਹਜ਼ੂਰ ਸਾਹਿਬ ਤੋਂ ਪ੍ਰਸ਼ਾਸਨ ਦੀ ਮਦਦ ਨਾਲ ਤਰਨਤਾਰਨ ਦੇ ਮਾਈ ਭਾਗੋ ਕਾਲਜ ਵਿਖੇ ਇਕਾਂਤਵਾਸ ਕੀਤੇ ਗਏ ਯਾਤਰੀਆਂ ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਹਨ ਦਾ ਅੱਜ ਕੁਝ ਦਿਨਾਂ ਬਾਅਦ ਜੂਸ ਅਤੇ ਫਲਾਂ ਸਮੇਤ ਹਾਲ ਚਾਲ ਪੁੱਛਣ ਪੁੱਜੇ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਯਾਤਰੀਆਂ ਦੀਆਂ ਖਰੀਆਂ ਖੋਟੀਆਂ ਗੱਲਾਂ ਸੁਣਨ ਲਈ ਮਜਬੂਰ ਹੋਣਾ ਪਿਆ ।
ਜਾਣਕਾਰੀ ਅਨੁਸਾਰ ਇਕਾਂਤਵਾਸ ਕੀਤੇ ਗਏ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਮਰਦ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਸਬੰਧੀ ਸੈਂਪਲ ਦੇਣ ਉਪਰੰਤ ਆਪਣੀਆਂ ਰਿਪੋਰਟਾਂ ਦਾ ਇੰਤਜ਼ਾਰ ਕਰ ਰਹੇ ਹਨ। ਜਦਕਿ ਇਨ੍ਹਾਂ ਦੀਆਂ ਰਿਪੋਰਟਾਂ ਆਉਣ ਵਿੱਚ ਕੁਝ ਦੇਰੀ ਹੋ ਰਹੀ ਹੈ ਜਿਸ ਦੌਰਾਨ ਇਕਾਂਤਵਾਸ ਕੀਤੇ ਯਾਤਰੀਆਂ ਅੰਦਰ ਪ੍ਰਸ਼ਾਸਨ ਖਿਲਾਫ ਰੋਸ ਪਾਇਆ ਜਾ ਰਿਹਾ ਹੈ।ਪ੍ਰਸ਼ਾਸਨ ਵੱਲੋਂ ਯਾਤਰੀਆਂ ਦੇ ਠਹਿਰਨ ਖਾਣ ਪੀਣ ਅਤੇ ਹੋਰ ਸੁਵਿਧਾਵਾਂ ਨੂੰ ਲੈ ਕੇ ਸਹੀ ਪ੍ਰਬੰਧ ਕੀਤੇ ਗਏ ਹਨ।ਜਿਸ ਤੋਂ ਬਾਅਦ ਸਿਆਸੀ ਲਾਹਾ ਲੈਣ ਦੇ ਚੱਕਰ ਵਿੱਚ ਹਾਲ ਚਾਲ ਪੁੱਛਣ ਪੁੱਜੇ ਹਰਮਿੰਦਰ ਸਿੰਘ ਗਿੱਲ ਵਿਧਾਇਕ ਪੱਟੀ ਨੂੰ ਇਨ੍ਹਾਂ ਯਾਤਰੀਆਂ ਦੀਆਂ ਖਰੀਆਂ ਖੋਟੀਆਂ ਸੁੰਨੀਆਂ ਪਈਆਂ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਹਰਮਿੰਦਰ ਸਿੰਘ ਗਿੱਲ ਆਪਣੇ ਕਾਂਗਰਸੀ ਵਰਕਰਾਂ ਸਮੇਤ ਵੱਡੀ ਮਾਤਰਾ ਵਿੱਚ ਜੂਸ ਦੀਆਂ ਬੋਤਲਾਂ ਅਤੇ ਹੋਰ ਖਾਣ ਪੀਣ ਦਾ ਸਾਮਾਨ ਅਤੇ ਫਲ ਲੈ ਕੇ ਪੁੱਜੇ ਸਨ ਪਰ ਹਲਕਾ ਪੱਟੀ ਨਾਲ ਸਬੰਧਤ ਯਾਤਰੀਆਂ ਨੇ ਇਹ ਸਾਰਾ ਸਾਮਾਨ ਲੈਣ ਤੋਂ ਹਰਮਿੰਦਰ ਗਿੱਲ ਦੇ ਮੂੰਹ 'ਤੇ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਮਜਬੂਰਨ ਵਾਪਸ ਪਰਤਨਾ ਪਿਆ।ਇਹ ਸਬ ਜ਼ਿਲ੍ਹੇ ਦੀ ਸਿਵਲ ਅਤੇ ਪੁਲਸ ਪ੍ਰਸ਼ਾਸਨ ਸਾਹਮਣੇ ਵਾਪਰਿਆ।ਇਹ ਵੀ ਪਤਾ ਲੱਗਾ ਹੈ ਕਿ ਯਾਤਰੀਆਂ ਵੱਲੋਂ ਵਿਧਾਇਕ ਨੂੰ ਖਰੀਆਂ ਖਰੀਆਂ ਸੁਣਾਉਂਦੇ ਹੋਏ ਆਉਣ ਵਾਲੀਆਂ ਚੋਣਾਂ ਵਿਚ ਇਸ ਦਾ ਜਵਾਬ ਦੇਣ ਦੀ ਗੱਲ ਵੀ ਆਖੀ ਗਈ। ਇਹ ਗੱਲ ਸਾਰਾ ਦਿਨ ਜ਼ਿਲ੍ਹੇ ਅੰਦਰ ਚਰਚਾ ਦਾ ਵਿਸ਼ਾ ਬਣੀ ਰਹੀ ।ਇਕਾਂਤਵਾਸ ਕੀਤੇ ਯਾਤਰੀਆਂ ਵੱਲੋਂ ਵਿਧਾਇਕ ਨੂੰ ਇਹ ਵੀ ਕਿਹਾ ਗਿਆ ਕਿ ਜਦੋਂ ਉਹ ਸਾਰੇ ਮੁਸੀਬਤ ਵਿੱਚ ਸਨ ਤਾਂ ਤੁਸੀਂ ਕਿੱਥੇ ਸੀ ਅੱਜ ਉਨ੍ਹਾਂ ਨੂੰ ਇਕਾਂਤਵਾਸ ਹੋਏ ਕਿੰਨੇ ਦਿਨ ਬੀਤ ਗਏ ਅਤੇ ਹੁਣ ਕਾਂਗਰਸੀ ਨੇਤਾ ਫੋਟੋ ਕਰਵਾਉਣ ਲਈ ਆ ਪੁੱਜੇ ਹਨ।ਯਾਤਰੀਆਂ ਨੇ ਗਿੱਲ ਨੂੰ ਸਾਫ਼ ਕਿਹਾ ਕਿ ਸਾਡਾ ਵਾਹਿਗੁਰੂ ਸਾਡੀ ਰੱਖਿਆ ਖੁਦ ਕਰੇਗਾ ਸਾਨੂੰ ਕਿਸੇ ਸਿਆਸੀ ਨੇਤਾ ਦੀ ਜ਼ਰੂਰਤ ਨਹੀਂ ਹੈ ।
ਉਧਰ ਹਰਮਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਹ ਜ਼ਿਲ੍ਹੇ ਦੇ ਯਾਤਰੀਆਂ ਦਾ ਹਾਲ ਪੁੱਛਣ ਲਈ ਪੁੱਜੇ ਸਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਵਿਅਕਤੀ ਕਿਸ ਹਲਕੇ ਅਤੇ ਕਿਸ ਪਾਰਟੀ ਨਾਲ ਸਬੰਧਤ ਹਨ ।