ਮਹੰਤ ਦੇ ਘਰ ''ਚੋਂ ਚੋਰੀ ਕਰਨ ਵਾਲੇ 2 ਕਾਬੂ
Monday, Mar 12, 2018 - 11:46 PM (IST)

ਮੋਗਾ, (ਆਜ਼ਾਦ)- ਪਿੰਡ ਡਰੋਲੀ ਭਾਈ ਨਿਵਾਸੀ ਬਿੱਲੋ ਮਹੰਤ ਦੇ ਘਰ 'ਚੋਂ ਹਜ਼ਾਰਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰ ਕੇ ਲੈ ਜਾਣ ਦੇ ਮਾਮਲੇ 'ਚ ਪੁਲਸ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਬਿੱਲੋ ਮਹੰਤ ਨੇ ਕਿਹਾ ਕਿ ਬੀਤੀ 27 ਫਰਵਰੀ ਦੀ ਦੇਰ ਰਾਤ ਨੂੰ ਜਦ ਉਹ ਘਰ 'ਚ ਸੌਂ ਰਹੇ ਸਨ ਤਾਂ ਉਨ੍ਹਾਂ ਨੂੰ ਰੌਲਾ ਸੁਣਾਈ ਦਿੱਤਾ ਤਾਂ ਉਸ ਦੀ ਨੀਂਦ ਖੁੱਲ੍ਹ ਗਈ ਤਾਂ ਉਸ ਨੇ ਦੇਖਿਆ ਕਿ ਨਿੰਦਰ ਸਿੰਘ ਅਤੇ ਗੋਬਿੰਦਾ ਉਰਫ ਗੋਗਾ ਦੋਨੋਂ ਨਿਵਾਸੀ ਪਿੰਡ ਡਰੋਲੀ ਭਾਈ ਨੇ ਐੱਲ. ਸੀ. ਡੀ. ਅਤੇ ਗੈਸ ਸਿਲੰਡਰ ਚੁੱਕੇ ਹੋਏ ਸਨ, ਜਦ ਮੈਂ ਰੌਲਾ ਪਾਇਆ ਤਾਂ ਦੋਵੇਂ ਉਥੋਂ ਉਕਤ ਸਾਮਾਨ ਲੈ ਕੇ ਭੱਜ ਗਏ, ਜਿਸ 'ਤੇ ਸਾਡੇ ਪਰਿਵਾਰ ਦੇ ਹੋਰ ਮੈਂਬਰ ਵੀ ਜਾਗ ਗਏ। ਘਰ ਦੀ ਅਲਮਾਰੀ ਨੂੰ ਚੈੱਕ ਕੀਤਾ ਤਾਂ ਉਸ 'ਚੋਂ ਸੋਨੇ ਦੀ ਮੁੰਦਰੀ, 2 ਸੋਨੇ ਦੀਆਂ ਚੇਨੀਆਂ ਤੇ 2 ਵਾਲੀਆਂ ਗਾਇਬ ਸਨ, ਜੋ ਦੋਸ਼ੀ ਚੋਰੀ ਕਰ ਕੇ ਲੈ ਗਏ। ਮੈਂ ਦੋਸ਼ੀਆਂ ਦੀ ਪਛਾਣ ਕਰ ਲਈ ਸੀ ਤੇ ਅਸੀਂ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਸਾਮਾਨ ਵਾਪਸ ਮੰਗਿਆ ਤਾਂ ਉਹ ਟਾਲ-ਮਟੋਲ ਕਰਦੇ ਰਹੇ, ਜਿਸ 'ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ।
ਕੀ ਹੋਈ ਪੁਲਸ ਕਾਰਵਾਈ
ਉਕਤ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਮੋਗਾ ਦੇ ਹੌਲਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨਿੰਦਰ ਸਿੰਘ ਪੁੱਤਰ ਮੁਕੰਦ ਸਿੰਘ ਅਤੇ ਗੋਬਿੰਦਾ ਉਰਫ ਗੋਗਾ ਪੁੱਤਰ ਸੁਖਦੇਵ ਸਿੰਘ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਤੋਂ ਸਾਮਾਨ ਬਰਾਮਦ ਕੀਤਾ ਜਾਣਾ ਬਾਕੀ ਹੈ, ਜਿਨ੍ਹਾਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।