ਕੇਰਲਾ ''ਚ ਲਾਗੂ ਹੋਵੇਗਾ ‘ਪੰਜਾਬ ਮਾਡਲ’, ਬਣਾਏਗਾ ਇਹ ਕਾਨੂੰਨ
Friday, Nov 11, 2022 - 05:17 AM (IST)
ਚੰਡੀਗੜ੍ਹ (ਬਿਊਰੋ) : ਕੇਰਲਾ ਦੀ ਪਸ਼ੂ ਪਾਲਣ ਮੰਤਰੀ ਜੇ. ਚਿਨਚੁਰਾਨੀ ਨੇ ਅੱਜ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਪਸ਼ੂਆਂ ਦੇ ਚਾਰਾ ਪ੍ਰਬੰਧਨ ਲਈ ‘ਪੰਜਾਬ ਮਾਡਲ’ ਅਪਣਾਉਣ ਵਿਚ ਦਿਲਚਸਪੀ ਦਿਖਾਈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੇਰਲਾ ਨੂੰ ਪਸ਼ੂਆਂ ਦੇ ਚਾਰੇ ਵਾਸਤੇ ਪਰਾਲੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ, ਜਿਸ ਨਾਲ ਪੰਜਾਬ ਵਿਚ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਸਣੇ ਵੱਡੀ ਮਾਤਰਾ ਵਿਚ ਬਣਦੀ ਪਰਾਲੀ ਨਾਲ ਨਜਿੱਠਣ ਵਿਚ ਮਦਦ ਮਿਲੇਗੀ।
ਪੰਜਾਬ ਦੀ ਤਰਜ਼ ’ਤੇ ਪਸ਼ੂ-ਧੰਨ ਲਈ ਖ਼ੁਰਾਕ, ਬੁਨਿਆਦੀ ਢਾਂਚਾ ਅਤੇ ਢੁਕਵਾਂ ਮਾਹੌਲ ਸਿਰਜਣ ਹਿਤ ਕਾਨੂੰਨ ਬਣਾਉਣ ਵਾਸਤੇ ਕੇਰਲਾ ਸਰਕਾਰ ਦੇ 21 ਮੈਂਬਰੀ ਵਫ਼ਦ ਦੀ ਅਗਵਾਈ ਕਰ ਰਹੀ ਪਸ਼ੂ ਪਾਲਣ ਮੰਤਰੀ ਜੇ. ਚਿਨਚੁਰਾਨੀ ਨੇ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਪੱਤਰ ਸੌਂਪਿਆ। ਇਸ ਉਦਮ ਨੂੰ ਕੈਬਨਿਟ ਮੰਤਰੀ ਨੇ ਦੋਹਾਂ ਸੂਬਿਆਂ ਲਈ ਮੁਨਾਫ਼ੇ ਵਾਲਾ ਦੱਸਦਿਆਂ ਕਿਹਾ ਕਿ ਮਾਨ ਸਰਕਾਰ ਇਸ ਦਿਸ਼ਾ ਵਿਚ ਹਰ ਸੰਭਵ ਸਹਿਯੋਗ ਲਈ ਤਿਆਰ ਹੈ। ਅਗਲੇ ਦਿਨਾਂ ਦੌਰਾਨ ਇਸ ਪ੍ਰਸਤਾਵਤ ਪ੍ਰਾਜੈਕਟ ਨੂੰ ਸਿਰੇ ਚਾੜ੍ਹਨ ਲਈ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ।
ਆਪਣੇ ਦੋ ਦਿਨਾ ਪੰਜਾਬ ਦੌਰੇ ਲਈ ਅੱਜ ਚੰਡੀਗੜ੍ਹ ਪੁੱਜੇ ਕੇਰਲਾ ਸਰਕਾਰ ਦੇ ਵਫ਼ਦ ਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਨਿੱਘਾ ਸਵਾਗਤ ਕੀਤਾ। ਇਸ ਪਿਛੋਂ ਮੀਟਿੰਗ ਦੌਰਾਨ ਚਿਨਚੁਰਾਨੀ ਨੇ ਕਿਹਾ ਕਿ ਕੇਰਲਾ ਵਿਚ ਲੋਕਾਂ ਲਈ ਡੇਅਰੀ ਫ਼ਾਰਮਿੰਗ ਰੋਜ਼ੀ-ਰੋਟੀ ਦਾ ਅਹਿਮ ਕਿੱਤਾ ਹੈ ਅਤੇ ਲੱਖਾਂ ਕਿਸਾਨਾਂ ਲਈ ਡੇਅਰੀ ਕਿੱਤਾ ਆਮਦਨ ਦਾ ਮੁੱਖ ਸਾਧਨ ਹੈ।
ਪੰਜਾਬ ਤੋਂ ਬਾਅਦ ਕੇਰਲਾ ਦੁੱਧ ਉਤਪਾਦਕਤਾ ਵਿਚ ਦੇਸ਼ ਵਿਚ ਦੂਜੇ ਨੰਬਰ ’ਤੇ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿਚ ਪਸ਼ੂ ਚਾਰੇ ਦੀਆਂ ਕੀਮਤਾਂ ਵਧਣ ਕਾਰਨ ਡੇਅਰੀ ਨਾਲ ਜੁੜੇ ਕਿਸਾਨਾਂ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਤੱਟੀ ਰਾਜ ਕੇਰਲਾ ਵਿਚ ਖੇਤੀਯੋਗ ਜ਼ਮੀਨ ਘੱਟ ਹੋਣ ਕਰਕੇ ਪਸ਼ੂਆਂ ਲਈ ਲੋੜੀਂਦਾ ਚਾਰਾ ਪੈਦਾ ਨਹੀਂ ਹੁੰਦਾ। ਜੇਕਰ ਕੇਂਦਰ ਸਰਕਾਰ ਵੱਲੋਂ ਐਲਾਨੇ ਕਿਸਾਨ ਰੇਲ ਪ੍ਰਾਜੈਕਟ ਰਾਹੀਂ ਪਰਾਲੀ ਕੇਰਲਾ ਰਾਜ ਵਿਚ ਭੇਜੀ ਜਾਂਦੀ ਹੈ ਤਾਂ ਇਸ ਨਾਲ ਕੇਰਲਾ ਦੇ ਵੱਡੀ ਗਿਣਤੀ ਡੇਅਰੀ ਕਿਸਾਨਾਂ ਨੂੰ ਲਾਭ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਚਿੰਤਾਜਨਕ! ਪੰਜਾਬ 'ਚ ਪੁਲਸ ਸੁਰੱਖਿਆ ਮਿਲਣ ਦੇ ਬਾਵਜੂਦ ਹੋ ਰਹੇ ਕਤਲ, ਇਕੋ ਹਫ਼ਤੇ ਹੋਈਆਂ 2 ਵਾਰਦਾਤਾਂ
‘ਕੇਰਲਾ ਪਸ਼ੂ ਧਨ ਅਤੇ ਪੋਲਟਰੀ ਫ਼ੀਡ ਤੇ ਮਿਨਰਲ ਮਿਕਸਚਰ (ਨਿਰਮਾਣ ਤੇ ਵਿਕਰੀ ਨਿਯਮ) ਬਿਲ, 2022’ ਬਣਾਉਣ ਲਈ ਅਧਿਐਨ ਕਰਨ ਵਾਸਤੇ ਪੰਜਾਬ ਦੌਰੇ ’ਤੇ ਪੁੱਜੀ ਕੇਰਲਾ ਵਿਧਾਨ ਸਭਾ ਦੀ ਸਲੈਕਟ ਕਮੇਟੀ ਨੂੰ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ, ਪਸ਼ੂਆਂ ਦੀ ਕੌਮੀ ਆਬਾਦੀ ਵਿਚ 1.31 ਫ਼ੀਸਦੀ ਦਾ ਯੋਗਦਾਨ ਪਾਉਂਦਾ ਹੈ ਜਦਕਿ ਸੂਬੇ ਵਿਚ ਦੁੱਧ ਦਾ ਉਤਪਾਦਨ ਕੌਮੀ ਉਤਪਾਦਨ ਦਾ 6.70 ਫ਼ੀਸਦੀ ਹੁੰਦਾ ਹੈ। ਪੰਜਾਬ ਵਿਚ ਪ੍ਰਤੀ ਵਿਅਕਤੀ ਦੁੱਧ ਤੇ ਅੰਡੇ ਦੀ ਉਪਲੱਬਧਤਾ ਦੇਸ਼ ਵਿਚ ਸਭ ਤੋਂ ਵੱਧ ਹੈ ਅਤੇ ਪਸ਼ੂ ਪਾਲਣ ਖੇਤਰ ਦਾ ਸੂਬੇ ਦੀ ਖੇਤੀਬਾੜੀ ਦੀ ਜੀ.ਡੀ.ਪੀ. ਵਿਚ ਵੱਡਾ ਯੋਗਦਾਨ ਹੈ।
ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਸੂਬੇ ਵਿਚ ਪਸ਼ੂ ਰੋਗ ਅਤੇ ਵੈਕਸੀਨ ਸੰਸਥਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਇਸ ਵੇਲੇ ਲਗਭਗ 3000 ਪਸ਼ੂ ਸੰਸਥਾਵਾ ਹਨ, ਜੋ ਸੂਬੇ ਵਿਚ ਔਸਤਨ 2400 ਪਸ਼ੂ ਪ੍ਰਤੀ ਸੰਸਥਾ ਅਤੇ ਲਗਭਗ 4.5 ਕਿਲੋਮੀਟਰ ਦੇ ਘੇਰੇ ਨੂੰ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।