ਹਿੰਦੂ ਸੰਘਰਸ਼ ਸੈਨਾ ਦੇ ਅਹੇਦਦਾਰਾਂ ਨੇ ਪ੍ਰਸ਼ਾਸਨ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
Friday, Nov 24, 2017 - 05:35 AM (IST)

ਅੰਮ੍ਰਿਤਸਰ, (ਜਸ਼ਨ)- ਹਿੰਦੂ ਸੰਘਰਸ਼ ਸੈਨਾ ਦੇ ਅਹੁਦੇਦਾਰਾਂ ਦੀ ਇਕ ਰੋਸ ਰੈਲੀ ਸਥਾਨਕ ਬਟਾਲਾ ਰੋਡ ਸਥਿਤ ਦਫ਼ਤਰ ਦੇ ਸਾਹਮਣੇ ਪੰਜਾਬ ਪ੍ਰਧਾਨ ਰਮੇਸ਼ ਕੁਮਾਰ ਮੋਨੂੰ ਦੀ ਪ੍ਰਧਾਨਗੀ 'ਚ ਕੀਤੀ ਗਈ, ਜਿਸ ਵਿਚ ਰਾਸ਼ਟਰੀ ਪ੍ਰਧਾਨ ਅਰੁਣ ਕੁਮਾਰ ਪੋਪਾ ਸ਼ਾਮਲ ਹੋਏ। ਇਸ ਦੌਰਾਨ ਸਾਰੇ ਅਹੁਦੇਦਾਰਾਂ ਨੇ ਪੁਲਸ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਪ੍ਰਧਾਨ ਅਰੁਣ ਪੋਪਾ ਤੇ ਪੰਜਾਬ ਪ੍ਰਧਾਨ ਰਮੇਸ਼ ਕੁਮਾਰ ਮੋਨੂੰ ਨੇ ਸਾਂਝੇ ਤੌਰ 'ਤੇ ਕਿਹਾ ਕਿ ਹਿੰਦੂ ਸੰਘਰਸ਼ ਸੈਨਾ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਵਿਪਨ ਸ਼ਰਮਾ ਦੀ 30 ਅਕਤੂਬਰ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਨਾਲ ਪੂਰੇ ਸ਼ਹਿਰ ਵਿਚ ਅੱਜ ਵੀ ਦਹਿਸ਼ਤ ਦਾ ਮਾਹੌਲ ਹੈ। ਇਕ ਮਹੀਨਾ ਗੁਜ਼ਰ ਚੁੱਕਾ ਹੈ ਪਰ ਕਾਤਲ ਅਜੇ ਤੱਕ ਪੁਲਸ ਦੀ ਪਕੜ ਤੋਂ ਦੂਰ ਹਨ। ਇਸ ਤੋਂ ਸਾਬਿਤ ਹੁੰਦਾ ਹੈ ਕਿ ਪੁਲਸ ਪ੍ਰਸ਼ਾਸਨ ਦੀ ਕਥਨੀ ਅਤੇ ਕਰਨੀ ਵਿਚ ਭਾਰੀ ਫਰਕ ਹੈ।
ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਕਾਰਨ ਵਿਪਨ ਸ਼ਰਮਾ ਦੇ ਕੋਲ ਹੀ ਰਹਿੰਦੇ ਪੰਜਾਬ ਪ੍ਰਧਾਨ ਰਮੇਸ਼ ਕੁਮਾਰ ਤੇ ਉਸ ਦੇ ਪਰਿਵਾਰ ਵਾਲੇ ਖੌਫ ਦੇ ਸਾਏ ਵਿਚ ਜੀਅ ਰਹੇ ਹਨ। ਪੋਪਾ ਨੇ ਕਿਹਾ ਕਿ ਰਮੇਸ਼ ਕੁਮਾਰ ਮੋਨੂੰ ਨੂੰ ਵੀ ਗਰਮ-ਖਿਆਲੀ ਸੰਗਠਨਾਂ ਵੱਲੋਂ ਕਈ ਵਾਰ ਧਮਕੀਆਂ ਮਿਲ ਰਹੀਆਂ ਹਨ ਪਰ ਇਸ ਦੇ ਬਾਵਜੂਦ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਰੱਖਿਆ ਪ੍ਰਤੀ ਕੋਈ ਕਦਮ ਨਹੀਂ ਚੁੱਕਿਆ। ਇਸ ਸਾਰੇ ਮਾਮਲੇ ਨੂੰ ਲੈ ਕੇ ਹਿੰਦੂ ਸਮਾਜ ਦੇ ਲੋਕਾਂ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਡੀ. ਜੀ. ਪੀ. ਅਤੇ ਪੁਲਸ ਕਮਿਸ਼ਨਰ ਨੂੰ ਵੀ ਮਿਲ ਚੁੱਕੇ ਹਨ ਪਰ ਹੈਰਾਨੀ ਇਹ ਹੈ ਕਿ ਕਾਤਲ ਅਜੇ ਤੱਕ ਪੁਲਸ ਨੇ ਗ੍ਰਿਫਤਾਰ ਨਹੀਂ ਕੀਤੇ।
ਇਸ ਮੌਕੇ ਸਾਰਿਆਂ ਨੇ ਇਕਸੁਰ ਮੰਗ ਕਰਦਿਆਂ ਕਿਹਾ ਕਿ ਇਕ ਤਾਂ ਵਿਪਨ ਸ਼ਰਮਾ ਦੇ ਕਾਤਲਾਂ ਨੂੰ ਛੇਤੀ ਫੜਿਆ ਜਾਵੇ ਅਤੇ ਨਾਲ ਹੀ ਪੰਜਾਬ ਪ੍ਰਧਾਨ ਰਮੇਸ਼ ਕੁਮਾਰ ਮੋਨੂੰ ਦੀ ਸੁਰੱਖਿਆ ਵਿਵਸਥਾ ਯਕੀਨੀ ਬਣਾਈ ਜਾਵੇ।
ਇਸ ਮੌਕੇ ਜ਼ਿਲਾ ਯੂਥ ਪ੍ਰਧਾਨ ਸੁਦਾਮਾ, ਕਸ਼ਿਸ਼ ਦੁੱਗਲ, ਦਿਨੇਸ਼ ਸ਼ਰਮਾ, ਵਿਸ਼ਾਲ ਦੁੱਗਲ, ਤੇਜਪਾਲ ਪੰਨੂ, ਮਣੀ ਘੁੰਮਣ, ਸ਼ਿਵ ਕੁਮਾਰ, ਗੌਰਵ ਦੁੱਗਲ, ਰਾਜ ਕੁਮਾਰ, ਗੌਰਵ ਸ਼ਰਮਾ, ਅਜੇ, ਦੀਪਕ ਕੁਮਾਰ, ਰਾਜੂ, ਰਮੇਸ਼ ਭਾਟੀਆ, ਪਵਿੱਤਰ ਸੰਨੀ ਆਦਿ ਮੌਜੂਦ ਸਨ।