ਰਾਘਵ ਚੱਢਾ ਦਾ ਦਾਅਵਾ: ਦਿੱਲੀ ’ਚ ਨਾੜ ਸਾੜਨ ਦੀ ਸਮੱਸਿਆ ਹੱਲ ਹੋਈ, ਪੰਜਾਬ ’ਚ ਵੀ ਹੋਵੇਗੀ

Saturday, May 28, 2022 - 01:47 PM (IST)

ਰਾਘਵ ਚੱਢਾ ਦਾ ਦਾਅਵਾ: ਦਿੱਲੀ ’ਚ ਨਾੜ ਸਾੜਨ ਦੀ ਸਮੱਸਿਆ ਹੱਲ ਹੋਈ, ਪੰਜਾਬ ’ਚ ਵੀ ਹੋਵੇਗੀ

ਜਲੰਧਰ (ਧਵਨ) : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਹੈ ਕਿ ਦਿੱਲੀ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਾੜ ਸਾੜਨ ਦੀ ਸਮੱਸਿਆ ਦਾ ਹੱਲ ਕਰ ਕੇ ਪ੍ਰਦੂਸ਼ਣ ’ਤੇ ਰੋਕ ਲਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਵਿਚ ਵੀ ਇਸੇ ਤਰ੍ਹਾਂ ‘ਆਪ’ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਨਾੜ ਸਾੜਨ ਦੀ ਸਮੱਸਿਆ ਦਾ ਹੱਲ ਲੱਭ ਲਵੇਗੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ ਕੈਪਟਨ ਅਮਰਿੰਦਰ ਸਿੰਘ, ਕਰਨਗੇ ਵੱਡਾ ਧਮਾਕਾ

ਰਾਘਵ ਚੱਢਾ ਜੋ ਕਿ ਦਾਵੋਸ ਵਿਚ ਸੰਮੇਲਨ ਵਿਚ ਹਿੱਸਾ ਲੈਣ ਲਈ ਗਏ ਹੋਏ ਹਨ, ਨੇ ਕਿਹਾ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਨਵੇਂ ਵਿਚਾਰਾਂ ਅਤੇ ਤਕਨੀਕ ਦੇ ਸਹਾਰੇ ਫ਼ਸਲਾਂ ਦੀ ਨਾੜ ਸਾੜਨ ਦੀ ਸਮੱਸਿਆ ਦਾ ਹੱਲ ਲੱਭ ਲਿਆ ਸੀ, ਜਿਸ ਨਾਲ ਸਾਰੇ ਲੋਕਾਂ ਨੇ ਰਾਹਤ ਦਾ ਸਾਹ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ‘ਆਪ’ ਸਰਕਾਰ ਵਲੋਂ ਇਸ ਸਮੱਸਿਆ ਦਾ ਹੱਲ ਛੇਤੀ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ ਜੇਕਰ ਸਿਆਸਤਦਾਨਾਂ ਦੀ ਇੱਛਾ ਸ਼ਕਤੀ ਸਾਫ਼ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ‘ਆਪ’ ਸਰਕਾਰ ਸਾਫ਼-ਸੁਥਰੀ ਅਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਕੰਮ ਕਰ ਰਹੀ ਹੈ ਅਤੇ ਹਰੇਕ ਸਮੱਸਿਆ ਦਾ ਹੱਲ ਕੱਢਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਦਾਅ ਖੇਡਣ ਦੀ ਤਿਆਰੀ ’ਚ ‘ਆਪ’, ਸੰਤ ਸੀਚੇਵਾਲ ਨੂੰ ਭੇਜਿਆ ਜਾ ਸਕਦੈ ਰਾਜ ਸਭਾ

ਉਨ੍ਹਾਂ ਕਿਹਾ ਕਿ ਦਾਵੋਸ ਦੇ ਸੰਮੇਲਨ ਵਿਚ ਪੰਜਾਬ ਲਈ ਇੰਡਸਟਰੀ, ਸਿਹਤ ਸਹੂਲਤਾਂ ਅਤੇ ਬਿਜਲੀ ਖੇਤਰ ਦੇ ਵਿਸਤਾਰ ਤੇ ਸੂਬੇ ਵਿਚ ਨਵੇਂ ਪੂੰਜੀ ਨਿਵੇਸ਼ ਨੂੰ ਸੱਦਣ ਵੱਲ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਾਵੋਸ ਦਾ ਸੰਮੇਲਨ ਪੰਜਾਬ ਲਈ ਵੀ ਵਰਦਾਨ ਸਿੱਧ ਹੋਵੇਗਾ ਅਤੇ ਇਸ ਨਾਲ ਦੇਸ਼ ਨੂੰ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਆਪਸੀ ਵਿਚਾਰ-ਵਟਾਂਦਰੇ ਰਾਹੀਂ ਕਈ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ।

ਕੀ ਤੁਸੀਂ ਰਾਘਵ ਚੱਢਾ ਦੇ ਇਸ ਬਿਆਨ ਨਾਲ ਸਹਿਮਤ ਹੋ? ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News