ਪੁਲਸ ਵੱਲੋਂ ਨੌਜਵਾਨ ਦੀ ਕੁੱਟਮਾਰ, ਪੈਰ ਦੀ ਹੱਡੀ ਟੁੱਟੀ

Tuesday, Sep 19, 2017 - 02:59 AM (IST)

ਪੁਲਸ ਵੱਲੋਂ ਨੌਜਵਾਨ ਦੀ ਕੁੱਟਮਾਰ, ਪੈਰ ਦੀ ਹੱਡੀ ਟੁੱਟੀ

ਸੰਗਰੂਰ, (ਬਾਵਾ)- ਸਿਵਲ ਹਸਪਤਾਲ ਸੰਗਰੂਰ ਵਿਚ ਜ਼ੇਰੇ ਇਲਾਜ ਜਸਪਾਲ ਸਿੰਘ ਨੇ ਪੰਜਾਬ ਪੁਲਸ 'ਤੇ ਦੋਸ਼ ਲਾਇਆ ਹੈ ਕਿ ਚੀਮਾ ਥਾਣੇ ਦੀ ਪੁਲਸ ਨੇ ਉਸ ਨੂੰ ਥਾਣੇ ਬੁਲਾ ਕੇ ਉਸ ਨਾਲ ਮਾੜਾ ਸਲੂਕ ਕੀਤਾ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੇ ਪੈਰ ਦੀ ਹੱਡੀ ਟੁੱਟ ਗਈ। ਉਹ ਪਹਿਲਾਂ ਸਿਵਲ ਹਸਪਤਾਲ ਸੁਨਾਮ ਦਾਖਲ ਰਿਹਾ ਤੇ ਹੁਣ ਉਸ ਦਾ ਇਲਾਜ ਸਥਾਨਕ ਹਸਪਤਾਲ ਵਿਚ ਚੱਲ ਰਿਹਾ ਹੈ ਅਤੇ ਉਹ ਕੁੱਟਮਾਰ ਦੇ ਸਮੇਂ ਤੋਂ ਹੀ ਹਸਪਤਾਲ ਵਿਚ ਦਾਖਲ ਹੈ। 
ਜਸਪਾਲ ਸਿੰਘ ਨੇ ਦੱਸਿਆ ਕਿ 11 ਸਤੰਬਰ ਦੀ ਦੁਪਹਿਰ ਉਸ ਨੂੰ ਥਾਣਾ ਚੀਮਾ ਦੇ ਇੰਚਾਰਜ ਨੇ ਥਾਣੇ ਬੁਲਾਇਆ ਸੀ ਅਤੇ ਉਹ ਪੰਚਾਇਤੀ ਵਿਅਕਤੀਆਂ ਜਗਦੇਵ ਸਿੰਘ ਪੰਚ ਅਤੇ ਟੇਕ ਸਿੰਘ ਵਾਸੀ ਸ਼ਾਹਪੁਰ ਨਾਲ ਪੇਸ਼ ਹੋ ਗਿਆ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਥਾਣੇ ਆਉਂਦੇ ਹੀ ਇਕ ਪੁਲਸ ਮੁਲਾਜ਼ਮ ਨੇ ਸੋਟੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਗਾਲ੍ਹਾਂ ਕੱਢੀਆਂ। ਜਸਪਾਲ ਸਿੰਘ ਨੇ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਹੈ ਕਿ ਉਸ ਨਾਲ ਵਧੀਕੀ ਕਰਨ ਵਾਲੇ ਪੁਲਸ ਮੁਲਾਜ਼ਮਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰ ਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ। 
ਦਰਜ ਮੁਕੱਦਮੇ ਸਬੰਧੀ ਬੁਲਾਇਆ ਸੀ, ਨਹੀਂ ਕੀਤੀ ਕੁੱਟਮਾਰ : ਥਾਣਾ ਮੁਖੀ
ਓਧਰ, ਥਾਣਾ ਚੀਮਾ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਉਪਰ 16 ਜੁਲਾਈ ਨੂੰ ਇਕ ਮੁਕੱਦਮਾ ਦਰਜ ਹੋਇਆ ਸੀ, ਜਿਸ ਸਬੰਧੀ ਉਸ ਨੂੰ ਥਾਣੇ ਬੁਲਾਇਆ ਗਿਆ ਸੀ ਪਰ ਇਸ ਨਾਲ ਕਿਸੇ ਤਰ੍ਹਾਂ ਦੀ ਕੋਈ ਕੁੱਟਮਾਰ ਨਹੀਂ ਹੋਈ। ਜਸਪਾਲ ਸਿੰਘ ਸ਼ਾਮ ਵਕਤ ਆਪਣੇ ਘਰ ਚਲਾ ਗਿਆ ਸੀ।


Related News