ਜ਼ਮੀਨ ਦਾ ਕਬਜ਼ਾ ਲੈਣ ਲਈ ਮੋਰਚਾ ਲਗਾ ਕੇ ਬੈਠੇ ਦਲਿਤ ਭਾਈਚਾਰੇ ਦੇ ਲੋਕ, ਕੀਤੀ ਨਾਅਰੇਬਾਜ਼ੀ
Tuesday, May 12, 2020 - 01:43 PM (IST)

ਭਵਾਨੀਗੜ੍ਹ(ਕਾਂਸਲ) : ਸਥਾਨਕ ਸ਼ਹਿਰ ਨੇੜਲੇ ਪਿੰਡ ਬਲਿਆਲ ਵਿਖੇ ਮਜਦੂਰਾਂ ਦੀ ਇੱਕ ਸਾਂਝੀ ਸੁਸਾਇਟੀ ਨੂੰ ਦਾਨ ਵਜੋਂ ਦਿੱਤੀ ਗਈ ਜ਼ਮੀਨ, ਜਿਸ ਨੂੰ ਕਥਿਤ ਤੌਰ 'ਤੇ ਕੁਝ ਕੀਮਤ ਦੇ ਕੇ ਦਲਿਤ ਭਾਈਚਾਰੇ ਦੇ ਹੀ ਕੁਝ ਹੋਰ ਵਿਅਕਤੀਆਂ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਸੀ ਨੂੰ ਵਾਪਸ ਲੈਣ ਲਈ ਮਜਦੂਰਾਂ ਜਿਸ ਵਿਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਿਲ ਸਨ ਨੇ ਖੇਤਾਂ ਵਿਚ ਮੋਰਚਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇੱਥੇ ਇਹ ਦੱਸਣਯੋਗ ਹੈ ਕਿ ਨੇੜਲੇ ਪਿੰਡ ਬਲਿਆਲ ਪਿੰਡ ਦੇ ਇਕ ਪਰਿਵਾਰ ਵੱਲੋਂ ਸੰਨ 1956 ਵਿਚ ਪਿੰਡ ਵਿਚ ਇਕ ਸੁਸਾਇਟੀ ਨੂੰ ਲਗਭਗ 400 ਵਿੱਘੇ ਦੇ ਕਰੀਬ ਜ਼ਮੀਨ ਦਾਨ ਵਜੋਂ ਦਿੱਤੀ ਸੀ, ਜਿਹੜੀ ਕਿ ਜ਼ਮੀਨ ਪਿੰਡ ਦੇ ਲਗਭਗ 68 ਮਜ਼ਦੂਰ ਪਰਿਵਾਰਾਂ ਨੂੰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਵੰਡੀ ਗਈ। ਇਸ ਜ਼ਮੀਨ ਨੂੰ ਕੋਈ ਅੱਗੇ ਖਰੀਦ ਜਾਂ ਵੇਚ ਨਹੀਂ ਸਕਦਾ ਅਤੇ ਕਬਜ਼ਾਕਾਰ ਇੱਥੇ ਸਿਰਫ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਹੀ ਕਰ ਸਕਦਾ ਹੈ। ਪਰ ਇਨ੍ਹਾਂ ਮਜਦੂਰਾਂ ਵਲੋਂ ਥੋੜ੍ਹੀ-ਥੋੜ੍ਹੀ ਕਰਕੇ ਇਹ ਜ਼ਮੀਨ ਪਿੰਡ ਦੇ ਆਪਣੇ ਹੀ ਭਾਈਚਾਰੇ ਦੇ ਰੱਜਦੇ ਪੂਜਦੇ ਵਿਅਕਤੀਆਂ ਨੂੰ ਪੈਸੇ ਲੈ ਕੇ ਦੇ ਦਿੱਤੀ। ਕਈ ਦਹਾਕਿਆਂ ਬਾਅਦ ਹੁਣ ਇਹੀ ਮਜ਼ਦੂਰ ਆਪਣੀ ਜ਼ਮੀਨ ਵਾਪਸ ਕਰਵਾਉਣ ਲਈ ਖੇਤਾਂ ਵਿਚ ਝੰਡੇ ਲਾ ਕੇ ਬੈਠ ਗਏ ਹਨ। ਖੇਤ ਵਿਚ ਮੋਰਚਾ ਲਾ ਕੇ ਬੈਠੇ ਪ੍ਰਗਟ ਸਿੰਘ, ਜਰਨੈਲ ਸਿੰਘ, ਬਚਨ ਸਿੰਘ, ਲੀਲਾ ਸਿੰਘ, ਗੁਰਮੇਲ ਕੌਰ, ਸੁਰਜੀਤ ਕੌਰ, ਮਨਜੀਤ ਕੌਰ, ਕਰਨੈਲ ਸਿੰਘ ਸੋਮਾ, ਬਲਦੇਵ ਕੌਰ, ਮੁਖਤਿਆਰ ਕੌਰ, ਬੰਤ ਕੌਰ, ਅਮਰਜੀਤ, ਕਰਨੈਲ ਕੌਰ, ਜੀਤੋ ਕੌਰ ਅਤੇ ਕਰਨੈਲ ਕੌਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਜ਼ਮੀਨਾਂ ਵਾਪਸ ਨਹੀਂ ਦਿੱਤੀਆਂ ਜਾਂਦੀਆਂ ਤਾਂ ਉਹ ਇੱਥੇ ਹੀ ਦਮ ਤੋੜ ਦੇਣਗੇ।
ਇਸ ਜ਼ਮੀਨ ਦੇ ਕਬਜ਼ਾਕਾਰ ਕਰਨੈਲ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਬਹੁਤ ਬੇਕਾਰ ਸੀ ਇੱਥੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਪਿੰਡ ਦੇ ਲੋਕਾਂ ਨੇ ਉਸਨੂੰ ਆਪਣਾ ਗੁਜ਼ਾਰਾ ਕਰਨ ਲਈ ਇਹ ਜ਼ਮੀਨ ਆਪ ਦਿੱਤੀ ਹੈ ਅਤੇ ਉਸ ਨੇ ਹੁਣ ਜ਼ਮੀਨ ਤੇ ਬਹੁਤ ਖਰਚਾ ਕੀਤਾ ਹੈ ਇਸ ਲਈ ਹੁਣ ਉਹ ਇਹ ਜ਼ਮੀਨ ਨਹੀਂ ਛੱਡ ਸਕਦਾ ।
ਅੱਜ ਖੇਤਾਂ ਵਿਚ ਮੋਰਚੇ 'ਤੇ ਬੈਠੇ ਧਰਨਾਕਾਰੀਆਂ ਨੂੰ ਸਮਝਾਉਣ ਲਈ ਗਏ ਸਬ ਡੀਵਜਨ ਦੇ ਡੀ.ਐਸ.ਪੀ ਗੋਬਿੰਦਰ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹÎਾਂ ਕਿਹਾ ਕਿ ਅਸੀ ਇਨ੍ਹਾਂ ਵਿਅਕਤੀਆਂ ਨੂੰ ਇਹ ਸਮਝਾਇਆ ਹੈ ਕਿ ਉਹ ਮਾਨ ਯੋਗ ਕੋਰਟ ਵਿਚ ਆਪਣਾ ਕੇਸ ਦਾਇਰ ਕਰਕੇ ਅਤੇ ਰੈਵੇਨਿਊ ਵਿਭਾਗ ਰਾਂਹੀ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕਰਨ ਅਤੇ ਅਜਿਹੀ ਕੋਈ ਕਰਵਾਈ ਨਾ ਕਰਨ ਜਿਸ ਨਾਲ ਇਥੇ ਕਾਨੂੰਨ ਭੰਗ ਹੋਵੇ। ਇਸ ਮੌਕੇ ਉਨ੍ਹਾਂ ਦੇ ਨਾਲ ਥਾਣਾ ਮੁਖੀ ਰਮਨਦੀਪ ਸਿੰਘ ਵੀ ਮੌਜੂਦ ਸਨ। ਅਧਿਕਾਰੀਆਂ ਦੇ ਜਾਂਦਿਆਂ ਹੀ ਧਰਨਾਕਾਰੀਆਂ ਨੇ ਇਥੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।