ਕਾਂਗਰਸੀਆਂ ਦੀ ਆਪਸੀ ਖਿੱਚੋਤਾਨ ''ਚ ਪਿਸ ਰਹੀ ਹੈ ਹਲਕੇ ਦੀ ਆਮ ਜਨਤਾ

Sunday, Jun 11, 2017 - 05:10 PM (IST)

ਕਾਂਗਰਸੀਆਂ ਦੀ ਆਪਸੀ ਖਿੱਚੋਤਾਨ ''ਚ ਪਿਸ ਰਹੀ ਹੈ ਹਲਕੇ ਦੀ ਆਮ ਜਨਤਾ


ਜਲਾਲਾਬਾਦ(ਸੇਤੀਆ)—ਭਾਵੇਂ ਚੋਣਾਂ ਦੌਰਾਨ ਰਾਜਨੇਤਾਵਾਂ ਵਲੋਂ ਜਨਤਾ ਨਾਲ ਕਈ ਤਰ੍ਹਾਂ ਦੇ ਕੌਲ ਕਰਾਰ ਕੀਤੇ ਜਾਂਦੇ ਹਨ ਕਿ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਪਰ ਸ਼ਾਇਦ ਇਹਨਾਂ ਲੋਕਾਂ ਨੂੰ ਰਾਜਨੇਤਾਵਾਂ ਦੀ ਭਾਸ਼ਾ ਨੂੰ ਸਮਝਣ 'ਚ ਅਜੇ ਕਈ ਹੋਰ ਸਾਲ ਲੱਗਣ ਵਾਲੇ ਹਨ ਕਿਉਂਕਿ ਜੋ ਹਾਲਾਤ ਸੂਬੇ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਬਣਨ ਤੋਂ ਬਾਅਦ ਜਲਾਲਾਬਾਦ ਹਲਕੇ ਦੇ ਹੋਏ ਹਨ ਉਨ੍ਹਾਂ ਦਾ ਅਹਿਸਾਸ ਤਾਂ ਪਿਛਲੇ ਕੁੱਝ ਮਹੀਨਿਆਂ 'ਚ ਜਲਾਲਾਬਾਦ ਦੀ ਜਨਤਾ ਨੂੰ ਹੋ ਚੁੱਕਿਆ ਹੈ ਕਿਉਂਕਿ ਜਲਾਲਾਬਾਦ 'ਚ ਚੱਲ ਰਹੀ ਖਿੱਚੋਤਾਨੀ ਦੀ ਰਾਜਨੀਤੀ ਕਾਰਣ ਆਮ ਜਨਤਾ ਦਾ ਬੁਰਾ ਹਾਲ ਹੈ ਅਤੇ ਇਥੇ ਕਾਂਗਰਸ ਦੇ ਖਾਸ ਵਰਕਰਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਾਫੀ ਜੱਦੋਜਹਿਦ ਕਰਨੀ ਪੈਂਦੀ ਹੈ ਅਤੇ ਆਮ ਜਨਤਾ ਦੇ ਅੱਗੇ ਤਾਂ ਅਫਰਸ਼ਾਹੀ ਕਿਸ ਤਰਾਂ ਪੇਸ਼ ਆਉਂਦੀ ਹੋਵੇਗੀ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। 
ਜਾਨਕਾਰੀ ਅਨੁਸਾਰ ਜਲਾਲਾਬਾਦ ਹਲਕੇ ਤੋਂ ਚੋਣ ਲੜੇ ਰਵਨੀਤ ਸਿੰਘ ਬਿੱਟੂ ਦੀ ਦਿਲਚਸਪੀ ਜਲਾਲਾਬਾਦ ਦੇ ਲੋਕਾਂ ਨਾਲ ਦਿਖਾਈ ਨਹੀਂ ਦੇ ਰਹੀ ਹੈ ਪਰ ਇਨ੍ਹਾਂ ਜਰੂਰ ਹੈ ਕਿ ਜਲਾਲਾਬਾਦ 'ਚ ਚੱਲ ਰਹੇ ਮੁਨਾਫੇ ਵਾਲੇ ਕੰਮਾਂ ਤੇ ਪੂਰੀ ਤਰਾਂ ਨਜ਼ਰ ਰੱਖੀ ਜਾ ਰਹੀ ਹੈ। ਕਾਂਗਰਸ ਨਾਲ ਜੁੜੇ ਆਮ ਲੋਕ ਇਸ ਗੱਲ ਨੂੰ ਲੈ ਕੇ ਪੂਰੀ ਤਰਾਂ ਚਿੰਤਾਂ 'ਚ ਹਨ ਕਿ ਉਹ ਆਖਿਰਕਾਰ ਕਿਸ ਲੋਕਲ ਲੀਡਰ ਕੋਲ ਆਪਣੇ ਕੰਮ ਦੇ ਲਈ ਜਾਣ ਜਿਸ ਨਾਲ ਉਨ੍ਹਾਂ ਦਾ ਕੰਮ ਆਸਾਨੀ ਨਾਲ ਹੋ ਸਕੇ ਪਰ ਜੇਕਰ ਦੇਖਿਆ ਜਾਵੇ ਤਾਂ ਹਲਕੇ 'ਚ ਕਾਂਗਰਸ ਦੀ ਲੋਕਲ ਲੀਡਰਸ਼ਿਪ ਕਈ ਧੜਿਆ 'ਚ ਵੰਡੀ ਹੋਈ ਹੈ। ਜੇਕਰ ਕਿਸੇ ਵਰਕਰ ਦਾ ਕੰਮ ਹੁੰਦਾ ਹੈ ਤਾਂ ਦੂਜਾ ਧੜਾ ਸਮਰਥਨ ਦੀ ਬਜਾਏ ਅੜਿੱਕਾ ਪਾਉਣ 'ਚ ਕੋਈ ਕਸਰ ਨਹੀਂ ਛੱਡਦਾ। ਹਲਕੇ ਦੀ ਵਾਂਗਡੋਰ ਨਾ ਹੋਣ ਕਾਰਣ ਅਫਸਰ ਵੀ ਇਨ੍ਹਾਂ ਲੀਡਰਾਂ ਦੀ ਕੋਈ ਖਾਸ ਤਵੋਜੋ ਨਹੀਂ ਦਿੰਦੇ। ਧੜੇਬੰਦੀ ਦੇ ਕਾਰਣ ਕਾਂਗਰਸ ਦੀ ਹੋ ਰਹੀ ਕਿਰਕਿਰੀ ਨੂੰ ਦੂਜੀਆਂ ਵਿਰੋਧੀ ਪਾਰਟੀਆਂ ਨੇ ਹਾਸੋਹਾਣੀ ਬਣਾ ਰੱਖਿਆ ਹੈ ਅਤੇ ਉਹ ਇਨ੍ਹਾਂ ਦੀ ਖਿੱਚੋਤਾਨੀ ਦਾ ਤਮਾਸ਼ਾ ਦੇਖ ਰਹੇ ਹਨ। ਹਾਲਾਂਕਿ ਕਈ ਕਾਂਗਰਸੀ ਅਜਿਹੀ ਧੜੇਬੰਦੀ ਤੋਂ ਕਾਫੀ ਪਰੇਸ਼ਾਨ ਹਨ ਅਤੇ ਕਾਂਗਰਸ ਦੇ ਝੰਡੇ ਨੂੰ ਬੁਲੰਦ ਹੁੰਦਾ ਦੇਖਣਾ ਚਾਹੁੰਦੇ ਹਨ। ਪਰ ਸ਼ਾਇਦ ਇਸ ਕੰਮ ਦੇ ਲਈ ਤਾਂ ਲੋਕਲ ਲੀਡਰਸ਼ਿਪ ਚਾਹਵਾਨ ਹੈ ਅਤੇ ਨਾ ਹੀ ਸੀਨੀਅਰ ਲੀਡਰਸ਼ਿਪ, ਕਿਉਂਕਿ ਜੋ ਕੁਝ ਜਲਾਲਾਬਾਦ 'ਚ ਹੋ ਰਿਹਾ ਹੈ ਉਹ ਸਭ ਸੀਨੀਅਰ ਲੀਡਰਾਂ ਦੀਆਂ ਅੱਖਾਂ 'ਚ ਹੈ ਪਰ ਫਿਰ ਸੀਨੀਅਰ ਲੀਡਰ ਅੱਖਾਂ ਬੰਦ ਕਰਕੇ ਜਲਾਲਾਬਾਦ ਹਲਕੇ ਦਾ ਤਮਾਸ਼ਾ ਦੇਖ ਰਹੇ ਹਨ। ਕੁੱਝ ਪੁਰਾਣੇ ਵਰਕਰਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਜੇਕਰ ਕਾਂਗਰਸ ਦੇ ਹਾਲਾਤ ਇਹੀ ਰਹੇ ਤਾਂ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ 'ਚ ਜਲਾਲਾਬਾਦ ਸ਼ਹਿਰ 'ਚ ਬੂਥ ਲੱਗਣੇ ਵੀ ਮੁਸ਼ਕਿਲ ਹੋ ਜਾਣਗੇ। ਪਿਛਲੇ ਦੌਰ 'ਚ ਸਥਾਨਕ ਐਸ. ਡੀ. ਐਮ ਅਵਿਕੇਸ਼ ਗੁਪਤਾ ਦੀ ਬਦਲੀ ਸੰਗਰੂਰ ਹੋਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਜਲਾਲਾਬਾਦ ਲਈ ਐਸ. ਡੀ. ਐਮ ਨਿਯੁਕਤ ਨਹੀਂ ਕੀਤਾ ਗਿਆ ਅਤੇ ਐਸ. ਡੀ. ਐਮ ਦੀ ਕੁਰਸੀ ਖਾਲੀ ਪਈ ਹੈ ਤੇ ਫਾਜ਼ਿਲਕਾ ਦੇ ਐਸ. ਡੀ. ਐਮ ਨੂੰ ਅਡੀਸ਼ਨਲ ਚਾਰਜ ਦਿੱਤਾ ਸੀ ਪਰ ਉਨਾਂ ਵਲੋਂ ਦਫਤਰ 'ਚ ਆਉਣਾ ਠੀਕ ਨਹੀਂ ਸਮਝਿਆ ਅਤੇ ਵਾਂਗਡੋਰ ਦੀ ਕਮੀ ਕਾਰਣ ਅਫਸਰਸ਼ਾਹੀ ਆਮ ਲੋਕਾਂ ਨੂੰ ਰਿਸ਼ਵਤ ਦੇਣ ਲਈ ਮਜ਼ਬੂਰ ਕਰ ਰਹੀ ਹੈ।


Related News