ਪਾਵਰਕਾਮ ਦੇ ਖੁੱਲ੍ਹੇ ਮੀਟਰ ਬਕਸਿਆਂ ''ਚ ਬਰਸਾਤੀ ਮੌਸਮ ਦੌਰਾਨ ਕਰੰਟ ਆਉਣ ਦਾ ਡਰ

08/07/2017 2:33:29 AM

ਤਪਾ ਮੰਡੀ,  (ਮੇਸ਼ੀ)-  ਪਾਵਰਕਾਮ ਵਿਭਾਗ ਤਪਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ 4-4 ਅਤੇ 20-20 ਮੀਟਰਾਂ ਵਾਲੇ ਲਾਏ ਗਏ ਬਕਸਿਆਂ 'ਚ ਬਿਜਲੀ ਮੀਟਰ ਦੀ ਸਪਲਾਈ ਦਿੱਤੀ ਜਾ ਰਹੀ ਹੈ, ਜੋ ਕਿ ਲੋਕਾਂ ਦੇ ਦਿਲਾਂ ਵਿਚ ਖੌਫ ਪੈਦਾ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਸਬੰਧਿਤ ਵਿਭਾਗ ਦੀ ਕਾਰਗੁਜ਼ਾਰੀ ਕਾਰਨ ਇਹ ਵਧੇਰੇ ਖਸਤਾ ਹਾਲਤ ਬਕਸੇ ਖੁੱਲ੍ਹੇ ਹੀ ਵੇਖਣ ਨੂੰ ਮਿਲ ਰਹੇ ਹਨ। ਸਥਾਨਕ ਇਲਾਕੇ ਦੀ ਘੁੰਨਸ ਰੋਡ, ਬਾਜ਼ੀਗਰ ਬਸਤੀ, ਮਾਡਲ ਟਾਊਨ, ਸੁਖਾਨੰਦ ਬਸਤੀ, ਢਿੱਲਵਾਂ ਰੋਡ, ਧੱਕਾ ਬਸਤੀ, ਬੱਸ ਸਟੈਂਡ ਨਜ਼ਦੀਕ ਅਤੇ ਹੋਰ ਵੱਖ–ਵੱਖ ਗਲੀਆਂ ਵਿਚ ਪਿੱਲਰ ਬਣਾ ਕੇ ਰੱਖੇ ਵੱਡੇ ਬਕਸੇ ਅਤੇ ਬਿਜਲੀ ਦੇ ਖੰਭੇ 'ਤੇ ਲੱਗੇ 4 ਮੀਟਰਾਂ ਵਾਲੇ ਬਕਸਿਆਂ ਦੀ ਖਸਤਾ ਹਾਲਤ ਕਾਰਨ ਖੁੱਲ੍ਹੇ ਹੀ ਰਹਿੰਦੇ ਹਨ।
ਇਥੋਂ ਦੇ ਖਪਤਕਾਰਾਂ ਨੇ ਦੱਸਿਆ ਕਿ ਜਿਥੇ ਬਿਜਲੀ ਮੀਟਰ ਚੋਰੀ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਉਥੇ ਹੀ ਖੁੱਲ੍ਹੇ ਮੀਟਰ ਬਕਸਿਆਂ ਵਿਚ ਬਿਜਲੀ ਦੇ ਮੀਟਰਾਂ ਵਿਚ ਬਰਸਾਤੀ ਮੌਸਮ ਕਰ ਕੇ ਮੀਂਹ ਦਾ ਪਾਣੀ ਪੈਣ ਕਾਰਨ ਮੀਟਰ ਸੜਨ ਅਤੇ ਕਰੰਟ ਆਉਣ ਦਾ ਡਰ ਬਣਿਆ ਰਹਿੰਦਾ ਹੈ ਤੇ ਨਾਲ ਹੀ ਲਟਕਦੀਆਂ ਨੰਗੀਆਂ ਤਾਰਾਂ ਵੱਡੇ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ। 
ਉਨ੍ਹਾਂ ਦੱਸਿਆ ਕਿ ਕੁਝ ਅਜਿਹੇ ਵੀ ਬਕਸੇ ਹਨ ਜੋ ਖੁੱਲ੍ਹੇ ਪਏ ਹਨ ਤੇ ਸ਼ਰਾਰਤੀ ਲੋਕਾਂ ਵਲੋਂ ਕੀਤੀ ਗਈ ਸ਼ਰਾਰਤ ਦਾ ਹਰਜਾਨਾ ਵੀ ਖਪਤਕਾਰ ਨੂੰ ਭੁਗਤਣਾ ਪੈਂਦਾ ਹੈ। ਇਨ੍ਹਾਂ ਖੁੱਲ੍ਹੇ ਬਕਸਿਆਂ ਨੂੰ ਬੰਦ ਕਰਨ ਲਈ ਸਬੰਧਤ ਅਫਸਰਾਂ ਤੱਕ ਵੀ ਬੇਨਤੀ ਕੀਤੀ ਗਈ ਹੈ ਪਰ ਹਾਲੇ ਤੱਕ ਕਿਸੇ ਕਿਸਮ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸਬੰਧਿਤ ਲੋਕਾਂ ਨੇ ਮੰਗ ਕੀਤੀ ਹੈ ਇਨ੍ਹਾਂ ਮੀਟਰ ਬਕਸਿਆਂ ਨੂੰ ਬੰਦ ਕੀਤਾ ਜਾਵੇ। ਜਦੋਂ ਪਾਵਰਕਾਮ ਸਰਕਲ ਦੇ ਐੱਸ. ਈ. ਬਰਨਾਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ। ਹੁਣ ਤੁਹਾਡੇ ਤੋਂ ਪਤਾ ਲੱਗਾ ਹੈ, ਜਲਦੀ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।


Related News