ਨਸ਼ੇ ਦੀ ਓਵਰਡੋਜ਼ ਕਾਰਣ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

Wednesday, Jul 22, 2020 - 10:00 PM (IST)

ਨਸ਼ੇ ਦੀ ਓਵਰਡੋਜ਼ ਕਾਰਣ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਮਾਛੀਵਾਡ਼ਾ ਸਾਹਿਬ, (ਟੱਕਰ, ਸਚਦੇਵਾ)- ਅੱਜ ਸਵੇਰੇ ਸਥਾਨਕ ਰੋਪਡ਼ ਰੋਡ ’ਤੇ ਸਥਿਤ ਸ਼ਹਿਰ ਦੀ ਅਬਾਦੀ ਨੇਡ਼ੇ ਹੀ ਇਕ ਸੁੰਨਸਾਨ ਇਲਾਕੇ ਵਿਚ ਨੌਜਵਾਨ ਵਰਿੰਦਰ ਕੁਮਾਰ ਉਰਫ਼ ਕਾਲਾ ਦੀ ਲਾਸ਼ ਮਿਲਣ ਕਾਰਣ ਇਲਾਕੇ ਵਿਚ ਸਨਸਨੀ ਫੈਲ ਗਈ ਅਤੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਨੂੰ ਨਸ਼ਿਆਂ ਦਾ ਦੈਂਤ ਖਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਵਰਿੰਦਰ ਕੁਮਾਰ ਉਰਫ਼ ਕਾਲਾ ਕੱਲ ਸ਼ਾਮ ਤੋਂ ਹੀ ਘਰੋਂ ਲਾਪਤਾ ਸੀ ਅਤੇ ਅੱਜ ਸਵੇਰੇ ਉਸਦੀ ਲਾਸ਼ ਮਿਲਣ ਕਾਰਣ ਪਰਿਵਾਰਕ ਮੈਂਬਰਾਂ ’ਤੇ ਕਹਿਰ ਟੁੱਟ ਗਿਆ। ਵਰਿੰਦਰ ਕੁਮਾਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹ ਆਪਣੀ ਵਿਧਵਾ ਮਾਂ ਦਾ ਸਹਾਰਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਮਰਾਲਾ ਜਸਵਿੰਦਰ ਸਿੰਘ, ਐੱਸ. ਐੱਚ. ਓ. ਸੁਖਵੀਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਲਾਸ਼ ਦਾ ਮੁਆਇਨਾ ਕੀਤਾ। ਨੌਜਵਾਨ ਵਰਿੰਦਰ ਦੀ ਲਾਸ਼ ਆਕਡ਼ੀ ਪਈ ਸੀ, ਜਿਸ ਦੇ ਚਿਹਰੇ ’ਤੇ ਕੁੱਝ ਖੂਨ ਵੀ ਫੈਲਿਆ ਹੋਇਆ ਸੀ। ਪੁਲਸ ਵਲੋਂ ਮੁੱਢਲੀ ਜਾਂਚ ਦੌਰਾਨ ਪਾਇਆ ਗਿਆ ਕਿ ਉਸਦੇ ਸਰੀਰ ’ਤੇ ਕਿਤੇ ਵੀ ਸੱਟ ਨਹੀਂ ਸੀ ਤੇ ਖੂਨ ਉਸ ਦੇ ਨੱਕ ’ਚ ਵਗਿਆ ਹੋਇਆ ਲੱਗ ਰਿਹਾ ਸੀ ਅਤੇ ਵਰਿੰਦਰ ਕੁਮਾਰ ਦੀ ਮੌਤ ਨਸ਼ੇ ਦੀ ਓਵਰਡੋਜ਼ ਲੈਣ ਕਾਰਣ ਹੋਈ ਜਾਪ ਰਹੀ ਸੀ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਨੌਜਵਾਨ ਨਸ਼ੇ ਕਰਨ ਦਾ ਆਦੀ ਸੀ ਅਤੇ ਅੱਜ ਉਸਦੀ ਮੌਤ ਵੀ ਨਸ਼ੇ ਦੀ ਓਵਰਡੋਜ਼ ਕਾਰਣ ਹੋਈ ਹੈ।


author

Bharat Thapa

Content Editor

Related News