ਗੁਰਦੁਆਰਾ ਸਾਹਿਬ ਨੇੜੇ ਹੇਅਰ ਡਰੈੱਸਰ ਦੀ ਦੁਕਾਨ ਚਲਾਏ ਜਾਣ ਦਾ ਨਿਹੰਗ ਸਿੰਘਾਂ ਨੇ ਕੀਤਾ ਵਿਰੋਧ

Monday, Dec 04, 2023 - 03:18 PM (IST)

ਲੁਧਿਆਣਾ : ਲੁਧਿਆਣਾ ਦੇ ਡਾਬਾ ਇਲਾਕੇ 'ਚ ਗੁਰਦੁਆਰਾ ਸਾਹਿਬ ਨੇੜੇ ਚਲਾਈ ਜਾ ਰਹੀ ਹੇਅਰ ਡਰੈੱਸਰ ਦੀ ਦੁਕਾਨ ਖ਼ਿਲਾਫ਼ ਅੱਜ ਨਿਹੰਗ ਸਿੰਘਾਂ ਵੱਲੋਂ ਰੋਸ ਪ੍ਰਗਟਾਇਆ ਗਿਆ। ਉਨ੍ਹਾਂ ਨੇ ਉਕਤ ਦੁਕਾਨਦਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਘੱਟੋ-ਘੱਟ 500 ਮੀਟਰ ਦੀ ਦੂਰੀ 'ਤੇ ਕੰਮ ਕਰਨ ਲਈ ਆਖਿਆ। ਇਸ ਤੋਂ ਬਾਅਦ ਦੁਕਾਨਦਾਰ ਨੇ ਹਾਲਾਂਕਿ ਨਿਹੰਗ ਸਿੰਘਾਂ ਦੀ ਗੱਲ ਮੰਨ ਲਈ ਹੈ।

ਇਸ ਮੌਕੇ ਨਿਹੰਗ ਸਿੰਘਾਂ ਦਾ ਕਹਿਣਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਕਿ ਗੁਰਦੁਆਰਾ ਸਾਹਿਬ ਤੋਂ 500 ਮੀਟਰ ਦੀ ਹਦੂਦ ਦੇ ਅੰਦਰ ਕੋਈ ਹੇਅਰ ਡਰੈੱਸਰ ਜਾਂ ਫਿਰ ਤੰਬਾਕੂ ਆਦਿ ਦੀ ਦੁਕਾਨ ਨਹੀਂ ਹੋਣੀ ਚਾਹੀਦੀ। ਇਸ ਸਬੰਧੀ ਸ਼ਿਕਾਇਤ ਮਿਲਣ 'ਤੇ ਉਹ ਅੱਜ ਇੱਥੇ ਪਹੁੰਚੇ ਅਤੇ ਸਬੰਧਿਤ ਹੇਅਰ ਡਰੈੱਸਰ ਨੂੰ ਦੁਕਾਨ ਇਥੋਂ ਬੰਦ ਕਰਕੇ ਕਿਤੇ ਹੋਰ ਕਰਨ ਲਈ ਆਖਿਆ। ਇਸ ਤੋਂ ਬਾਅਦ ਉਕਤ ਦੁਕਾਨਦਾਰ ਨੇ ਇੱਕ ਦਿਨ ਦਾ ਸਮਾਂ ਮੰਗਿਆ ਹੈ ਪਰ ਜੇਕਰ ਉਸ ਨੇ ਆਪਣੀ ਦੁਕਾਨ ਨਾ ਬਦਲੀ ਤਾਂ ਉਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਗੇ।

ਉੱਥੇ ਹੀ ਉਨ੍ਹਾਂ ਨੇ ਖ਼ੁਦ ਨੂੰ ਦੁਕਾਨ ਦੀ ਮਾਲਕਣ ਦੱਸਣ ਵਾਲੀ ਔਰਤ ਦੇ ਵਤੀਰੇ ਦੀ ਵੀ ਨਿੰਦਾ ਕੀਤੀ, ਜਿਸ ਨੇ ਸਵੇਰੇ ਹੇਅਰ ਡਰੈੱਸਰ ਦੀ ਦੁਕਾਨ ਦਾ ਵਿਰੋਧ ਕਰਨ ਵਾਲੇ ਨਿਹੰਗ ਸਿੰਘ ਨੂੰ ਮਾੜੀ ਸ਼ਬਦਾਵਲੀ ਬੋਲੀ ਸੀ। ਨਿਹੰਗ ਸਿੰਘਾਂ ਨੇ ਕਿਹਾ ਕਿ ਉਕਤ ਔਰਤ ਨੂੰ ਬੁਲਾਇਆ ਗਿਆ ਸੀ ਪਰ ਉਹ ਨਹੀਂ ਪਹੁੰਚੀ ਪਰ ਅਜਿਹੀ ਭਾਸ਼ਾ ਨਹੀਂ ਸ਼ੋਭਦੀ। ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵੀ ਤੜਨਾ ਕੀਤੀ ਅਤੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵੀ ਅਜਿਹੇ ਹਾਲਾਤ 'ਤੇ ਧਿਆਨ ਰੱਖਣਾ ਚਾਹੀਦਾ ਹੈ।


Babita

Content Editor

Related News