ਰਾਹੁਲ ਦੀ ਤਾਜਪੋਸ਼ੀ ਤੋਂ ਪਹਿਲਾਂ ਸੂਬੇ ਨੂੰ ਮਿਲ ਸਕਦੈ ਨਵਾਂ ਪ੍ਰਧਾਨ

Monday, Oct 23, 2017 - 07:02 AM (IST)

ਰਾਹੁਲ ਦੀ ਤਾਜਪੋਸ਼ੀ ਤੋਂ ਪਹਿਲਾਂ ਸੂਬੇ ਨੂੰ ਮਿਲ ਸਕਦੈ ਨਵਾਂ ਪ੍ਰਧਾਨ

ਜਲੰਧਰ  (ਰਵਿੰਦਰ ਸ਼ਰਮਾ) - ਸੂਬਾ ਕਾਂਗਰਸ 'ਚ ਜਲਦ ਹੀ ਵੱਡਾ ਬਦਲਾਅ ਹੋ ਸਕਦਾ ਹੈ। ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਹੁਣ ਸੁਨੀਲ ਜਾਖੜ ਆਪਣਾ ਪੂਰਾ ਫੋਕਸ ਕੇਂਦਰ ਦੀ ਸਿਆਸਤ 'ਤੇ ਕਰਨ ਜਾ ਰਹੇ ਹਨ। ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ 'ਚ ਸੁਨੀਲ ਜਾਖੜ ਨੂੰ ਲੋਕ ਸਭਾ 'ਚ ਕਾਂਗਰਸ ਪਾਰਟੀ ਡਿਪਟੀ ਲੀਡਰ ਨਿਯੁਕਤ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪਾਰਟੀ ਨੂੰ ਪੰਜਾਬ 'ਚ ਨਵਾਂ ਪਾਰਟੀ ਪ੍ਰਧਾਨ ਬਣਾਉਣਾ ਪਵੇਗਾ। ਪਾਰਟੀ ਦਾ ਇਸ ਵਾਰ ਜ਼ੋਰ ਵੀ ਹਿੰਦੂ ਚਿਹਰੇ 'ਤੇ ਰਹੇਗਾ। ਹਾਲਾਂਕਿ ਕਈ ਸਿੱਖ ਆਗੂ ਵੀ ਇਸ ਅਹੁਦੇ ਲਈ ਆਪਣੀ-ਆਪਣੀ ਦੌੜ ਲਗਾ ਰਹੇ ਹਨ।
ਜ਼ਿਕਰਯੋਗ ਹੈ ਕਿ 2014 'ਚ ਪਾਰਟੀ ਨੇ  ਨਵੇਂ ਤਜਰਬੇ ਕਰ ਕੇ ਕਈ ਦਿੱਗਜ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ। ਅੰਬਿਕਾ ਸੋਨੀ ਨੂੰ ਜਿੱਥੇ ਆਨੰਦਪੁਰ ਸਾਹਿਬ ਤੋਂ ਚੋਣ ਲੜਾਈ ਗਈ ਸੀ, ਉਥੇ ਰਵਨੀਤ ਬਿੱਟੂ ਨੂੰ ਆਨੰਦਪੁਰ ਸਾਹਿਬ ਤੋਂ ਲਿਆ ਕੇ ਲੁਧਿਆਣਾ ਦੀ ਜ਼ਮੀਨ 'ਤੇ ਚੋਣ ਮੈਦਾਨ 'ਚ ਉਤਾਰਿਆ ਸੀ। ਉਦੋਂ ਸੂਬਾ ਪ੍ਰਧਾਨ ਚੱਲ ਰਹੇ ਪ੍ਰਤਾਪ ਸਿੰਘ ਬਾਜਵਾ ਨੂੰ ਪਾਰਟੀ ਨੇ ਗੁਰਦਾਸਪੁਰ ਤੋਂ ਚੋਣ ਲੜਾਈ ਸੀ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੂੰ ਫਿਰੋਜ਼ਪੁਰ ਸੀਟ ਤੋਂ ਉਤਾਰਿਆ ਸੀ । ਅਕਾਲੀ-ਭਾਜਪਾ ਗਠਜੋੜ ਨੂੰ ਤਿੱਖੀ ਟੱਕਰ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਨੇ ਅੰਮ੍ਰਿਤਸਰ ਤੋਂ ਚੋਣ ਲੜਾਈ ਸੀ ਪਰ ਇਨ੍ਹਾਂ 'ਚੋਂ ਵਧੇਰੇ ਵੱਡੇ ਆਗੂ ਚੋਣ ਹਾਰ ਗਏ ਸਨ। ਰਵਨੀਤ ਬਿੱਟੂ ਜਿੱਥੇ ਲੁਧਿਆਣਾ ਤੋਂ ਚੋਣ ਜਿੱਤਣ 'ਚ ਸਫਲ ਰਹੇ ਸੀ ਤਾਂ  ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਉੱਘੇ ਆਗੂ ਅਰੁਣ ਜੇਤਲੀ ਨੂੰ ਵੱਡੇ ਅੰਤਰ ਨਾਲ ਚੋਣ 'ਚ ਹਰਾਇਆ ਸੀ।
ਜੇਤਲੀ ਵਰਗੇ ਆਗੂ 'ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕੈਪਟਨ ਦਾ ਕੱਦ ਪਾਰਟੀ ਅੰਦਰ ਕਾਫੀ ਵਧ ਗਿਆ ਸੀ। ਇਸਦਾ ਨਤੀਜਾ ਇਹ ਰਿਹਾ ਕਿ ਪਾਰਟੀ ਨੇ ਜਿੱਥੇ ਮਲਿੱਕਾਰਜੁਨ ਨੂੰ ਲੋਕ ਸਭਾ 'ਚ ਪਾਰਟੀ ਦਾ ਆਗੂ ਚੁਣਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਸਭਾ 'ਚ ਪਾਰਟੀ ਦਾ ਉਪ ਆਗੂ ਬਣਾਇਆ ਗਿਆ ਪਰ ਕੈਪਟਨ ਦੀ ਹਾਜ਼ਰੀ ਲੋਕ ਸਭਾ 'ਚ ਨਾਂਹ ਦੇ ਬਰਾਬਰ ਰਹੀ ਅਤੇ ਉਹ ਇਸ ਅਹੁਦੇ ਨੂੰ ਬਾਖੂਬੀ ਨਹੀਂ ਨਿਭਾਅ ਸਕੇ। ਉਨ੍ਹਾਂ ਦਾ ਮਨ ਕੇਂਦਰ ਦੀ ਸਿਆਸਤ 'ਚ ਘੱਟ ਤੇ ਸੂਬੇ ਦੀ ਸਿਆਸਤ 'ਚ ਵੱਧ ਸੀ।
ਪਾਰਟੀ ਨੇ ਉਨ੍ਹਾਂ ਨੂੰ ਸੂਬਾ ਕਾਂਗਰਸ ਪ੍ਰਧਾਨ ਬਣਾਇਆ ਤਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਲੋਕ ਸਭਾ ਦੇ ਉਪ ਆਗੂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਹੀ ਇਹ ਅਹੁਦਾ ਖਾਲੀ ਚੱਲ ਰਿਹਾ ਹੈ। ਸੁਨੀਲ ਜਾਖੜ ਨੇ ਗੁਰਦਾਸਪੁਰ ਤੋਂ ਵੱਡੀ ਜਿੱਤ ਪ੍ਰਾਪਤ ਕਰ ਕੇ ਆਪਣੀ ਕਾਬਲੀਅਤ ਨੂੰ ਇਕ ਵਾਰ ਫਿਰ ਜ਼ਾਹਿਰ ਕੀਤਾ ਹੈ। ਬਤੌਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਹਿੰਦੇ ਹੋਏ ਸੁਨੀਲ ਜਾਖੜ ਨੇ ਕਈ ਅਹਿਮ ਮੁੱਦੇ ਚੁੱਕੇ ਸਨ ਅਤੇ ਅਕਾਲੀ-ਭਾਜਪਾ ਸਰਕਾਰ ਦੇ ਨੱਕ 'ਚ ਦਮ ਕਰ ਕੇ ਰੱਖਿਆ ਸੀ। ਜਾਖੜ ਦੇ ਇਸੇ ਤਜਰਬੇ ਨੂੰ ਪਾਰਟੀ ਹੁਣ ਲੋਕ ਸਭਾ 'ਚ  ਇਸਤੇਮਾਲ ਕਰਨਾ ਚਾਹੁੰਦੀ ਹੈ। ਡਿਪਟੀ ਆਗੂ ਦੇ ਖਾਲੀ ਚੱਲ ਰਹੇ ਅਹੁਦੇ 'ਤੇ ਉਹ ਪਾਰਟੀ ਦੇ ਉਘੇ ਆਗੂ ਜਾਖੜ ਨੂੰ ਬਿਠਾ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਈ ਮਾਮਲਿਆਂ 'ਚ ਘੇਰਨ ਦੀ ਯੋਜਨਾ ਬਣਾ ਸਕਦੀ ਹੈ।
ਰਾਹੁਲ ਗਾਂਧੀ ਵੀ ਜਾਖੜ ਨੂੰ ਕੇਂਦਰ ਦੀ ਸਿਆਸਤ 'ਚ ਦੇਖਣਾ ਚਾਹੁੰਦੇ ਹਨ। ਇਸ ਲਈ ਪਾਰਟੀ ਸੂਬਾ ਪ੍ਰਧਾਨ ਦੇ ਅਹੁਦੇ ਲਈ ਹੁਣ ਕਿਸੇ ਨਵੇਂ ਆਗੂ ਦੀ ਭਾਲ 'ਚ ਹੈ। ਸੂਬੇ 'ਚ ਕੈਪਟਨ ਅਮਰਿੰਦਰ ਸਿੰਘ ਦੇ ਤੌਰ 'ਤੇ ਮੁੱਖ ਮੰਤਰੀ ਦੇ ਅਹੁਦੇ 'ਤੇ ਜੱਟ ਸਿੱਖ ਆਗੂ ਹੈ ਤੇ ਪਾਰਟੀ ਨੇ ਸੂਬਾ ਪ੍ਰਧਾਨ ਦੇ ਅਹੁਦੇ 'ਤੇ ਇਕ ਹਿੰਦੂ ਆਗੂ ਨੂੰ ਬਿਠਾਇਆ ਸੀ ਤਾਂ ਜੋ ਹਿੰਦੂ ਅਤੇ ਸਿੱਖ ਵੋਟ ਬੈਂਕ ਦੋਵਾਂ 'ਤੇ ਆਪਣੀ ਪਕੜ ਬਣਾਈ ਜਾ ਸਕੇ। ਜਾਖੜ ਦੇ ਕੇਂਦਰ ਦੀ ਸਿਆਸਤ 'ਚ  ਜਾਣ ਤੋਂ ਬਾਅਦ ਪਾਰਟੀ ਇਕ ਵਾਰ ਫਿਰ ਕਿਸੇ ਦੂਸਰੇ ਹਿੰਦੂ ਆਗੂ 'ਤੇ ਦਾਅ ਖੇਡ ਸਕਦੀ ਹੈ । ਪਾਰਟੀ ਜਲਦ ਹੀ ਰਾਹੁਲ ਗਾਂਧੀ ਨੂੰ ਰਾਸ਼ਟਰੀ ਪ੍ਰਧਾਨ ਬਣਾਉਣ ਜਾ ਰਹੀ ਹੈ ਤੇ ਰਾਹੁਲ ਗਾਂਧੀ ਦੀ ਤਾਜਪੋਸ਼ੀ ਤੋਂ ਪਹਿਲਾਂ ਸੂਬੇ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਕਿਸ ਆਗੂ ਦੀ ਕਿਸਮਤ ਦਾ ਤਾਲਾ ਖੁੱਲ੍ਹਦਾ ਹੈ ।


Related News