ਜਲੰਧਰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਦੇ ਪਰਿਵਾਰ ''ਤੇ ਕਾਤਲਾਨਾ ਹਮਲਾ

Tuesday, Jul 11, 2017 - 07:43 AM (IST)

ਜਲੰਧਰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਦੇ ਪਰਿਵਾਰ ''ਤੇ ਕਾਤਲਾਨਾ ਹਮਲਾ

ਜਲੰਧਰ, (ਪਰੂਥੀ)- ਜਲੰਧਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕਰਮਪਾਲ ਸਿੰਘ ਗਿੱਲ ਦੇ ਪਰਿਵਾਰ ਉਪਰ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਸ਼੍ਰੀ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ 1992 ਵਿਚ ਪਿੰਡ ਰਾਏਪੁਰ ਅਰਾਈਆਂ, ਥਾਣਾ ਮਹਿਤਪੁਰ ਜ਼ਿਲਾ ਜਲੰਧਰ ਵਿਖੇ ਲਗਭਗ ਸਾਢੇ ਤਿੰਨ ਏਕੜ ਜ਼ਮੀਨ ਖਰੀਦੀ ਸੀ। ਇਸ ਜ਼ਮੀਨ ਦੀ ਸਾਂਭ-ਸੰਭਾਲ ਉਨ੍ਹਾਂ ਦਾ ਛੋਟਾ ਭਰਾ ਪਰਬਤਪਾਲ ਸਿੰਘ ਕਰਦਾ ਹੈ। ਇਸ ਜ਼ਮੀਨ ਦਾ ਅਦਾਲਤ ਵਿਚ ਚੰਨਣ ਸਿੰਘ, ਬਲਬੀਰ ਸਿੰਘ ਵਗੈਰਾ ਨਾਲ ਝਗੜਾ ਚੱਲ ਰਿਹਾ ਹੈ, ਜਿਸ ਵਿਚ ਅਦਾਲਤ ਨੇ ਉਨ੍ਹਾਂ ਦੇ ਹੱਕ ਵਿਚ ਸਟੇਅ ਦਿੱਤਾ ਹੈ ਤੇ ਕਬਜ਼ਾ ਵੀ ਉਨ੍ਹਾਂ ਦੇ ਪਰਿਵਾਰ ਦਾ ਚੱਲਿਆ ਆ ਰਿਹਾ ਹੈ ਅਤੇ ਅਦਾਲਤਾਂ ਦੇ ਫੈਸਲੇ ਵੀ ਉਨ੍ਹਾਂ ਦੇ ਹੱਕ ਵਿਚ ਹਨ। 
ਉਨ੍ਹਾਂ ਦੱਸਿਆ ਕਿ ਐਤਵਾਰ ਰਾਤ ਨੂੰ ਉਨ੍ਹਾਂ ਦੀ ਪਾਣੀ ਦੀ ਵਾਰੀ ਸੀ। ਲਗਭਗ 12.30 ਵਜੇ ਰਾਤ ਉਨ੍ਹਾਂ ਦਾ ਛੋਟਾ ਭਰਾ ਪਰਬਤਪਾਲ ਸਿੰਘ, ਭੈਣ ਸੁਖਜੀਤ ਕੌਰ ਅਤੇ ਜੀਜਾ ਪਰਮਪਾਲ ਸਿੰਘ ਜਦੋਂ ਫਸਲ ਨੂੰ ਪਾਣੀ ਲਾਉਣ ਲਈ ਖੇਤਾਂ ਵਿਚ ਪੁੱਜੇ ਤਾਂ ਉਥੇ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਕੁਝ ਲੋਕਾਂ ਨੇ ਉਨ੍ਹਾਂ 'ਤੇ ਕ੍ਰਿਪਾਨਾਂ, ਟਕੂਏ, ਸੂਏ ਅਤੇ ਡਾਂਗਾਂ ਨਾਲ ਜਾਨਲੇਵਾ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਨਕੋਦਰ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਐੱਮ. ਐੱਲ. ਆਰ. ਤਾਂ ਕੱਟ ਦਿੱਤੀ ਗਈ ਹੈ ਪਰ ਉਨ੍ਹਾਂ ਦੋਸ਼ ਲਾਇਆ ਕਿ ਇਸ ਹਮਲੇ ਵਿਚ ਸਾਡੀ ਜ਼ਮੀਨ ਹਥਿਆਉਣ ਲਈ ਡੂੰਘੀ ਰਾਜਸੀ ਸਾਜ਼ਿਸ਼ ਚੱਲ ਰਹੀ ਹੈ, ਜਿਸ ਵਿਚ ਪਿੰਡ ਦੇ ਹੀ ਕੁਝ ਸੱਤਾਧਾਰੀ ਆਗੂ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ। 
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਸ ਸਾਜ਼ਿਸ਼ ਦਾ ਹੀ ਨਤੀਜਾ ਹੈ ਕਿ ਹਮਲੇ ਨੂੰ ਲਗਭਗ 20 ਘੰਟੇ ਹੋਣ ਦੇ ਬਾਵਜੂਦ ਕੋਈ ਪੁਲਸ ਮੁਲਾਜ਼ਮ ਸੋਮਵਾਰ ਸ਼ਾਮ ਤੱਕ ਵੀ ਪੀੜਤਾਂ ਦੇ ਬਿਆਨ ਲੈਣ ਲਈ ਹਸਪਤਾਲ ਨਹੀਂ ਪੁੱਜਾ। ਉਨ੍ਹਾਂ ਕਿਹਾ ਕਿ ਜੇਕਰ ਕਾਨੂੰਨ ਦੀ ਪੈਰਵਾਈ ਕਰਨ ਵਾਲੇ ਇਕ ਨੁਮਾਇੰਦੇ ਦਾ ਪਰਿਵਾਰ ਹੀ ਸੁਰੱਖਿਅਤ ਨਹੀਂ ਹੈ ਤਾਂ ਫਿਰ ਆਮ ਲੋਕਾਂ ਦਾ ਕੀ ਹਾਲ ਹੋਵੇਗਾ। 


Related News