2500 ਰੁਪਏ ਖਾਤਿਰ ਕੀਤਾ ਨੌਜਵਾਨ ਦਾ ਕਤਲ
Friday, Jun 15, 2018 - 06:43 AM (IST)

ਕਪੂਰਥਲਾ/ਭੁਲੱਥ, (ਭੂਸ਼ਣ, ਮਲਹੋਤਰਾ, ਰਾਜਿੰਦਰ)- 2500 ਰੁਪਏ ਦੇ ਲੈਣ-ਦੇਣ ਕਾਰਨ ਇਕ ਪਰਿਵਾਰ ਨਾਲ ਸਬੰਧਤ 3 ਮੈਂਬਰਾਂ ਨੇ ਇਕ ਨੌਜਵਾਨ ਨੂੰ ਨਸ਼ੇ ਵਾਲੇ ਪਦਾਰਥ ਦੀ ਓਵਰਡੋਜ਼ ਦੇਣ ਦੇ ਬਾਅਦ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮਾਮਲੇ ਨੂੰ ਲੈ ਕੇ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਜਿਥੇ ਮੁਲਜ਼ਮ ਪੱਖ ਦੇ ਘਰੋਂ ਨੌਜਵਾਨ ਦੀ ਲਾਸ਼ ਬਰਾਮਦ ਕਰ ਲਈ ਹੈ, ਉਥੇ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਇਕ ਔਰਤ ਸਮੇਤ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਛਾਪੇਮਾਰੀ ਕਰ ਕੇ ਉਕਤ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦ ਕਿ ਬਾਕੀ 2 ਮੁਲਜ਼ਮਾਂ ਦੀ ਭਾਲ ਜਾਰੀ ਹੈ।
ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਪਿੰਡ ਦੁਲੋ ਨੰਗਲ ਥਾਣਾ ਬਿਆਸ ਜ਼ਿਲਾ ਅੰਮ੍ਰਿਤਸਰ ਨੇ ਥਾਣਾ ਸੁਭਾਨਪੁਰ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਰਾਜਵਿੰਦਰ ਸਿੰਘ ਮਿਹਨਤ ਮਜ਼ਦੂਰੀ ਕਰਦੇ ਹਨ। ਉਸ ਦਾ ਭਰਾ ਰਾਜਵਿੰਦਰ ਸਿੰਘ ਪਹਿਲਾਂ ਇਕ ਇੱਟਾਂ ਦੇ ਭੱਠੇ 'ਤੇ ਡਰਾਈਵਰ ਵਜੋਂ ਨੌਕਰੀ ਕਰਦਾ ਸੀ ਤੇ ਉਸ ਨੇ ਪਿੰਡ ਡੋਗਰਾਵਾਲ ਨਿਵਾਸੀ ਗੁਰਬਚਨ ਕੌਰ ਉਰਫ ਜਾਣਾ, ਉਸ ਦੇ ਪਤੀ ਸ਼ਿੰਗਾਰਾ ਸਿੰਘ ਤੇ ਲੜਕੇ ਸੋਨੂੰ ਉਰਫ ਭੋਲਾ ਦੇ ਕਹਿਣ 'ਤੇ ਉਨ੍ਹਾਂ ਨੂੰ ਇੱਟਾਂ ਦਿੱਤੀਆਂ ਸਨ, ਜਿਸ ਦੇ ਬਦਲੇ ਵਿਚ ਉਸ ਨੇ ਇਨ੍ਹਾਂ ਤੋਂ 2500 ਰੁਪਏ ਲੈਣੇ ਸਨ ਪਰ ਉਕਤ ਮੁਲਜ਼ਮ ਉਸ ਦੇ ਭਰਾ ਨੂੰ 2500 ਰੁਪਏ ਨਹੀਂ ਦੇ ਰਹੇ ਸਨ। ਇਸ ਦੌਰਾਨ ਉਸ ਦੇ ਭਰਾ ਨੇ ਭੱਠੇ ਤੋਂ ਨੌਕਰੀ ਛੱਡ ਦਿੱਤੀ ਤੇ ਉਹ ਇਕ ਟੈਂਪੂ ਟਰੈਵਲਰ ਗੱਡੀ ਚਲਾਉਣ ਲੱਗ ਪਿਆ। ਰਣਜੀਤ ਸਿੰਘ ਨੇ ਦੱਸਿਆ ਕਿ ਬੀਤੀ 2 ਜੂਨ ਨੂੰ ਉਸ ਦਾ ਭਰਾ ਰਾਜਵਿੰਦਰ ਸਿੰਘ ਟੈਂਪੂ ਟਰੈਵਲਰ 'ਤੇ ਹਿਮਾਚਲ ਪ੍ਰਦੇਸ਼ ਗਿਆ ਸੀ ਤੇ ਉਹ 13 ਜੂਨ ਨੂੰ ਵਾਪਸ ਪੰਜਾਬ ਆਇਆ। ਇਸ ਦੌਰਾਨ ਰਾਜਵਿੰਦਰ ਸਿੰਘ ਤਿੰਨਾਂ ਮੁਲਜ਼ਮਾਂ ਤੋਂ 2500 ਰੁਪਏ ਲੈਣ ਲਈ ਉਨ੍ਹਾਂ ਦੇ ਘਰ ਪਿੰਡ ਡੋਗਰਾਵਾਲ ਗਿਆ ਸੀ, ਜਿਸ ਦੌਰਾਨ ਪੈਸੇ ਮੰਗਣ 'ਤੇ ਉਕਤ ਮੁਲਜ਼ਮਾਂ ਨੇ ਉਸ ਦੇ ਭਰਾ ਰਾਜਵਿੰਦਰ ਸਿੰਘ ਨੂੰ ਨਸ਼ੇ ਵਾਲੇ ਪਦਾਰਥ ਦੀ ਓਵਰਡੋਜ਼ ਦੇ ਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਰਣਜੀਤ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਹਰਦੀਪ ਸਿੰਘ ਪੁਲਸ ਪਾਰਟੀ ਦੇ ਨਾਲ ਜਦੋਂ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਨੇ ਘਰ ਵਿਚ ਛਾਪੇਮਾਰੀ ਦੌਰਾਨ ਇਕ ਕਮਰੇ 'ਚ ਰਜਾਈ ਵਿਚ ਲੁਕੋਈ ਰਾਜਵਿੰਦਰ ਸਿੰਘ ਦੀ ਲਾਸ਼ ਨੂੰ ਬਰਾਮਦ ਕਰ ਲਿਆ। ਜਿਸ ਦੇ ਆਧਾਰ 'ਤੇ ਥਾਣਾ ਸੁਭਾਨਪੁਰ ਪੁਲਸ ਨੇ ਸ਼ਿੰਗਾਰਾ ਸਿੰਘ, ਉਸ ਦੀ ਪਤਨੀ ਗੁਰਬਚਨ ਕੌਰ ਉਰਫ ਜਾਣਾ ਤੇ ਲੜਕੇ ਸੋਨੂੰ ਉਰਫ ਭੋਲਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਰਾਜਵਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤਾ ਹੈ। ਵੀਰਵਾਰ ਦੀ ਸ਼ਾਮ ਥਾਣਾ ਸੁਭਾਨਪੁਰ ਪੁਲਸ ਨੇ ਛਾਪੇਮਾਰੀ ਕਰ ਕੇ ਇਕ ਔਰਤ ਗੁਰਬਚਨ ਕੌਰ ਉਰਫ ਜਾਣਾ ਨੂੰ ਗ੍ਰਿਫਤਾਰ ਕਰ ਲਿਆ ਹੈ।