ਮਾਝਾ ਕਿਸਾਨ ਸੰਘਰਸ਼ ਕਮੇਟੀ ਤੇ ਮਜ਼ਦੂਰ ਸੈੱਲ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

11/06/2017 1:15:17 AM

ਗੁਰਦਾਸਪੁਰ,  (ਦੀਪਕ, ਵਿਨੋਦ)–  ਮਾਝਾ ਕਿਸਾਨ ਸੰਘਰਸ਼ ਕਮੇਟੀ ਤੇ ਮਜ਼ਦੂਰ ਸੈੱਲ ਵੱਲੋਂ ਪ੍ਰਧਾਨ ਲਖਵਿੰਦਰ ਸਿੰਘ ਦੀ ਅਗਵਾਈ ਵਿਚ ਗੰਨੇ ਦੀਆਂ ਕੀਮਤਾਂ ਵਿਚ ਵਾਧਾ ਨਾ ਕੀਤੇ ਜਾਣ ਦੇ ਵਿਰੋਧ ਵਿਚ ਪੰਜਾਬ ਸਰਕਾਰ ਤੇ ਗੰਨਾ ਮਿੱਲ ਮਾਲਕਾਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਗੁਆਂਢੀ ਸੂਬਾ ਹਰਿਆਣਾ ਵਿਚ ਗੰਨੇ ਦੀ ਕੀਮਤ 325 ਦੇ ਕਰੀਬ ਹੈ ਅਤੇ ਪੰਜਾਬ ਵਿਚ ਸਿਰਫ 295 ਰੁਪਏ ਹੈ, ਫਿਰ ਪੰਜਾਬ ਦਾ ਕਿਸਾਨ ਕਿਵੇਂ ਚੁੱਪ ਬੈਠ ਸਕਦਾ ਹੈ। ਪੰਜਾਬ ਵਿਚ ਪਹਿਲਾਂ ਹੀ ਖੇਤੀ ਧੰਦਾ ਘਾਟੇ ਵਿਚ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਵੀ ਜ਼ਰੂਰੀ ਰਾਸ਼ੀ ਗੰਨੇ ਦੀ ਕੀਮਤ ਵਿਚ ਨਹੀਂ ਪਾਈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਪਿਛਲੇ ਸਾਲ ਵੀ ਗੰਨੇ ਦੀ 300 ਰੁਪਏ ਤੋਂ ਉੱਪਰ ਕੀਮਤ ਸੀ। ਇਸ ਤੋਂ ਇਲਾਵਾ ਅਪ੍ਰੈਲ ਤੇ ਮਈ ਮਹੀਨੇ ਵਿਚ ਮਿੱਲ ਮਾਲਕਾਂ ਨੇ ਕਿਸਾਨਾਂ ਕੋਲੋਂ 330 ਤੋਂ 350 ਤੱਕ ਪ੍ਰਤੀ ਕੁਇੰਟਲ ਗੰਨੇ ਦੀ ਖਰੀਦ ਕੀਤੀ ਸੀ।  ਉਨ੍ਹਾਂ ਕਿਹਾ ਕਿ ਪਿਛਲੇ ਸਾਲ ਖੰਡ ਦੀ ਕੀਮਤ 30 ਰੁਪਏ ਦੇ ਕਰੀਬ ਸੀ ਅਤੇ ਹੁਣ 42 ਰੁਪਏ ਤੋਂ ਲੈ ਕੇ 45 ਰੁਪਏ ਤੱਕ ਹੈ। ਮਿੱਲ ਮਾਲਕ ਕਿਸਾਨਾਂ ਨੂੰ ਘੱਟ ਕੀਮਤ ਦੇ ਕੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕਰਦੇ ਹਨ ਤਾਂ ਗੰਨਾ ਉਤਪਾਦਕ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਗੰਨੇ ਦੀਆਂ ਮਿੱਲਾਂ ਸਾਹਮਣੇ ਅਣਮਿੱਛੇ ਸਮੇਂ ਲਈ ਧਰਨਾ ਲਾਉਣਗੇ ਅਤੇ ਜਦ ਤੱਕ ਰੇਟ ਨਹੀਂ ਵਧਾਇਆ ਜਾਂਦਾ, ਉਦੋਂ ਤੱਕ ਮਿਲ ਚਾਲੂ ਨਹੀਂ ਹੋਣ ਦਿੱਤੀ ਜਾਵੇਗੀ। 
ਇਸ ਮੌਕੇ ਕੁਲਵਿੰਦਰ ਸਿੰਘ, ਦਲੀਪ ਸਿੰਘ, ਸੁਰਿੰਦਰ ਸਿੰਘ, ਰਾਜੂ, ਹਰਦੀਪ ਸਿੰਘ, ਮਨਜਿੰਦਰ ਸਿੰਘ, ਜਤਿੰਦਰ ਸਿੰਘ, ਬਲਕਾਰ ਸਿੰਘ, ਮਨੋਹਰ ਲਾਲ, ਗੁਰਨਾਮ ਸਿੰਘ, ਅਜੀਤ ਸਿੰਘ, ਤਰੁਣਜੀਤ ਸਿੰਘ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸੀ।


Related News