ਮਾਮਲਾ ਰਿਜਨਲ ਸੈਂਟਰ ਦਾ : ਸ੍ਰੀ ਮੁਕਤਸਰ ਸਾਹਿਬ ਖੇਤਰ ਦੇ ਸਿਆਸੀ ਆਗੂਆਂ ਤੇ ਆਮ ਲੋਕਾਂ ਨੇ ਕੀਤਾ ਭਾਰੀ ਵਿਰੋਧ

Thursday, Nov 23, 2017 - 04:57 PM (IST)


ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਜਦੋਂ ਤੋਂ ਪੰਜਾਬ 'ਚ ਆਈ ਹੈ, ਉਦੋਂ ਤੋਂ ਇਸ ਸਰਕਾਰ ਨੇ ਨਵੇਂ ਤੋਂ ਨਵਾਂ ਵਿਵਾਦ ਖੜਾ ਕਰਕੇ ਲੋਕਾਂ ਲਈ ਵਕਤ ਖੜਾ ਕੀਤਾ ਹੈ। ਕਦੇ ਸੂਬੇ ਵਿਚ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਤੇ ਕਦੇ ਪੰਜਾਬ ਅੰਦਰ ਚੱਲ ਰਹੇ ਕਰੀਬ 26 ਹਜ਼ਾਰ 700 ਆਂਗਨਵਾੜੀ ਕੇਂਦਰਾਂ ਵਿਚ ਆਉਣ ਵਾਲੇ ਬੱਚਿਆਂ ਨੂੰ ਵਰਕਰਾਂ ਤੇ ਹੈਲਪਰਾਂ ਦੇ ਕੋਲੋ ਖੋਹ ਕੇ ਸਰਕਾਰੀ ਸਕੂਲਾਂ ਵਿਚ ਭੇਜਣ ਦਾ ਫੈਸਲਾ। ਹੁਣ ਸਿੱਖਿਆ ਸਬੰਧੀ ਸਰਕਾਰ ਦਾ ਇਕ ਨਵਾਂ ਫੁਰਮਾਣ ਸਾਹਮਣੇ ਆਇਆ ਰਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਨਾਲ ਸਬੰਧਿਤ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਲੜਕੀਆਂ ਦੇ ਗੁਰੂ ਨਾਨਕ ਕਾਲਜ ਅਤੇ ਗੁਰਦੁਆਰਾ ਟਿੱਬੀ ਦੇ ਵਿਚਕਾਰ ਚੱਲ ਰਹੇ ਸਰਕਾਰੀ ਰਿਜ਼ਨਲ ਸੈਂਟਰ ਨੂੰ ਹਲਕਾ ਗਿੱਦੜਬਾਹਾ ਦੇ ਪਿੰਡ ਕਾਉਣੀ ਜੋ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਵਿਖੇ ਤਬਦੀਲ ਕੀਤਾ ਜਾ ਸਕਦਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਜਿਥੇ ਵਿਦਿਆਰਥੀ ਵਰਗ, ਵਿਦਿਆਰਥੀਆਂ ਦੇ ਮਾਪੇ, ਰਿਜਨਲ ਸੈਂਟਰ ਦਾ ਸਮੁੱਚਾ ਸਟਾਫ਼ ਤੇ ਆਮ ਵਰਗ ਦੇ ਸਾਰੇ ਲੋਕ ਨਿਰਾਸ਼ ਹਨ, ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਖੇਤਰ ਨਾਲ ਸਬੰਧਿਤ ਸਾਰੀਆ ਸਿਆਸੀ ਪਾਰਟੀਆਂ ਜਿੰਨਾਂ ਵਿਚ ਹੁਕਮਰਾਨ ਪਾਰਟੀ ਕਾਂਗਰਸ, ਵਿਧਾਨ ਸਭਾ 'ਚ ਵਿਰੋਧੀ ਧੜਾ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਬਾਦਲ, ਅਕਾਲੀ ਦਲ ਅੰਮ੍ਰਿਤਸਰ ਤੇ ਬਹੁਜਨ ਸਮਾਜ ਪਾਰਟੀ ਆਦਿ ਸ਼ਾਮਿਲ ਹਨ, ਨੇ ਇਸ ਗੱਲ ਦਾ ਭਾਰੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਰਿਜ਼ਨਲ ਸੈਂਟਰ ਨੂੰ ਤਬਦੀਲ ਨਹੀਂ ਹੋਣ ਦੇਣਗੇ। ਇਸ ਗੰਭੀਰ ਮਸਲੇ ਨੂੰ ਲੈ ਕੇ 'ਜਗਬਾਣੀ' ਵੱਲੋਂ ਇਹ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ। ਜਿਸ 'ਚ ਸਾਹਮਣੇ ਆਇਆ ਕਿ ਸਰਕਾਰ ਦਾ ਇਹ ਫੈਸਲਾ ਬਿਲਕੁਲ ਗਲਤ ਹੈ ਤੇ ਉਕਤ ਰਿਜ਼ਨਲ ਸੈਂਟਰ ਵਿਚ ਪੜ ਰਹੇ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਹੈ। 

ਕੇਂਦਰ ਸਥਾਪਤ ਹੋਣ 'ਤੇ ਲੱਗੇ ਦੋ ਦਹਾਕੇ - ਡਾ : ਪਰਮਜੀਤ ਸਿੰਘ ਢੀਗਰਾ 
ਰਿਜ਼ਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਦੇ ਡਾਇਰੈਕਟਰ ਡਾ : ਪਰਮਜੀਤ ਸਿੰਘ ਢੀਗਰਾ ਨੇ ਕਿਹਾ ਕਿ ਇਥੇ ਸੈਂਟਰ ਨੂੰ ਸਥਾਪਤ ਕਰਨ ਲਈ ਦੋ ਦਹਾਕੇ ਬੀਤ ਗਏ ਹਨ। ਜੇਕਰ ਸਰਕਾਰ ਪਿੰਡ ਕਾਉਣੀ ਵਿਚ ਨਵੀਂ ਇਮਾਰਤ ਬਣਾ ਸਕਦੀ ਹੈ ਤਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਕਿਉਂ ਨਹੀਂ ਬਣ ਸਕਦੀ। 

27 ਨਵੰੰਬਰ ਨੂੰ ਟੀਮ ਆ ਰਹੀ ਹੈ ਸ੍ਰੀ ਮੁਕਤਸਰ ਸਾਹਿਬ
ਮਿਲੀ ਜਾਣਕਾਰੀ ਅਨੁਸਾਰ ਇਸ ਮਸਲੇ ਨੂੰ ਲੈ ਕੇ ਸੈਂਟਰ ਦੇ ਸਟਾਫ਼ ਅਤੇ ਇਥੇ ਪੜ•ਰਹੇ ਲੜਕੇ-ਲੜਕੀਆਂ ਦਾ ਪੱਖ ਜਾਨਣ ਲਈ ਇਕ ਵਿਸ਼ੇਸ਼ ਟੀਮ 27 ਨਵੰਬਰ ਦਿਨ ਸੋਮਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜ ਰਹੀ ਹੈ। 

ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਸੀ ਮੀਟਿੰਗ
ਰਿਜ਼ਨਲ ਸੈਂਟਰ ਨੂੰ ਤਬਦੀਲ ਕਰਕੇ ਪਿੰਡ ਕਾਉਣੀ ਲਿਜਾਣ ਲਈ ਚੰਡੀਗੜ ਵਿਖੇ ਖਜਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਇਹ ਮਸਲਾ ਭਖ ਗਿਆ। 

ਕਿਹੜੇ-ਕਿਹੜੇ ਕੋਰਸ ਕਰਵਾਏ ਜਾਂਦੇ ਹਨ
ਉਕਤ ਰਿਜਨਲ ਸੈਂਟਰ ਵਿਚ ਐਲ. ਐਲ. ਬੀ, ਐਮ. ਫਿਲ, ਐਮ. ਸੀ. ਏ, ਐਮ. ਏ ਦੀ ਪੜਾਈ ਕਰਵਾਈ ਜਾ ਰਹੀ ਹੈ ਤੇ ਕੁਝ ਹੋਰ ਕੋਰਸ ਵੀ ਹਨ। 

ਇਕ ਕਰੋੜ ਦੀ ਹੋਈ ਸੀ ਗ੍ਰਾਂਟ ਜਾਰੀ
ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਰਿਜਨਲ ਸੈਂਟਰ ਦੀ ਇਮਾਰਤ ਬਨਾਉਣ ਲਈ 5 ਏਕੜ ਜ਼ਮੀਨ ਦਿੱਤੀ ਗਈ ਹੈ ਤੇ ਸਾਬਕਾ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸਮੇਂ ਇਕ ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਤੇ ਕੰਮ ਸ਼ੁਰੂ ਹੋ ਚੁੱਕਾ ਸੀ। 

ਨਹੀਂ ਤਬਦੀਲ ਕਰਨ ਦੇਵਾਂਗੇ ਸੈਂਟਰ - ਹਲਕਾ ਵਿਧਾਇਕ ਰੋਜ਼ੀ ਬਰਕੰਦੀ 
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲਾ ਪ੍ਰਧਾਨ ਤੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਉਹ ਰਿਜ਼ਨਲ ਸੈਂਟਰ ਨੂੰ ਕਿਸੇ ਪਾਸੇ ਵੀ ਨਹੀਂ ਹਿੱਲਣ ਦੇਣਗੇ ਤੇ ਇਸ ਲਈ ਉਹ ਸੰਘਰਸ਼ ਕਰਨ ਨੂੰ ਤਿਆਰ ਹਨ। 
PunjabKesari
ਮੁੱਖ ਮੰਤਰੀ ਨਾਲ ਗੱਲ ਕਰਾਂਗੇ - ਸਾਬਕਾ ਵਿਧਾਇਕਾ 
ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਦਾ ਕਹਿਣਾ ਹੇ ਕਿ ਉਹ ਇਸ ਸੈਂਟਰ ਨੂੰ ਕਾਉਣੀ ਪਿੰਡ ਲਿਜਾਣ ਦੇ ਖਿਲਾਫ ਹਨ ਤੇ ਇਸ ਸਬੰਧੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਨਗੇ। 

ਨਹੀਂ ਚੁੱਕਿਆ ਜਾਣਾ ਚਾਹੀਦਾ ਸੈਂਟਰ - ਸਾਬਕਾ ਵਿਧਾਇਕ ਭਾਈ ਕੁੱਕੂ
ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਭਾਈ ਹਰਨਿਰਪਾਲ ਸਿੰਘ ਕੁੱਕੂ ਨੇ ਵੀ ਸੈਂਟਰ ਨੂੰ ਇੱਥੇ ਹੀ ਰੱਖਣ ਲਈ ਹਾਮੀ ਭਰੀ ਹੈ ਤੇ ਕਿਹਾ ਹੈ ਕਿ ਸੈਂਟਰ ਨਹੀਂ ਚੁੱਕਿਆ ਜਾਣਾ ਚਾਹੀਦਾ। 

ਪੇਂਡੂ ਖੇਤਰ ਨੂੰ ਸਹੂਲਤ ਮਿਲਣੀ ਚਾਹੀਦੀ ਹੈ - ਰਾਜਾ ਵੜਿੰਗ 
ਦੂਜੇ ਪਾਸੇ ਆਲ ਇੰਡੀਆ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਗਿੱਦੜਬਾਹਾ ਹਲਕੇ ਦੇ ਵਿਧਾਇਕ ਹਨ ਤੇ ਕਾਉਣੀ ਪਿੰਡ  ਦੇ ਵਿਧਾਨ ਸਭਾ ਖੇਤਰ ਵਿਚ ਪੈਂਦਾ ਹੈ, ਦਾ ਕਹਿਣਾ ਹੈ ਕਿ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ। ਕਾਉਣੀ ਪਿੰਡ ਵਿਚ ਵੱਡੀ ਇਮਾਰਤ ਮੌਜੂਦ ਹੈ ਤੇ 20-25 ਏਕੜ ਜ਼ਮੀਨ ਵੀ ਹੈ। ਇਸ ਲਈ ਇਹ ਸੈਂਟਰ ਕਾਉਣੀ ਹੀ ਚੱਲਣਾ ਚਾਹੀਦਾ ਹੈ। 

ਆਮ ਆਦਮੀ ਪਾਰਟੀ ਨੇ ਕੀਤਾ ਵਿਰੋਧ
ਆਮ ਆਦਮੀ ਪਾਰਟੀ ਨੇ ਰਿਜਨਲ ਸੈਂਟਰ ਤਬਦੀਲ ਕਰਨ ਦਾ ਭਾਰੀ ਵਿਰੋਧ ਕੀਤਾ ਹੈ। ਪਾਰਟੀ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਉਹ ਅਜਿਹਾ ਨਹੀਂ ਹੋਣ ਦੇਣਗੇ। 

ਜਗਮੀਤ ਸਿੰਘ ਬਰਾੜ ਨੇ ਵੀ ਕੀਤਾ ਵਿਰੋਧ
ਪੰਜਾਬ ਦੀ ਸਿਆਸਤ ਵਿਚ ਚਰਚਿਤ ਚੇਹਰੇ ਤਿਰਮੂਲ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਵੀ ਇਸ ਗੱਲ ਦਾ ਭਾਰ ਵਿਰੋਧ ਕਰਦਿਆਂ ਕਿਹਾ ਕਿ ਰਿਜ਼ਨਲ ਸੈਂਟਰ 40 ਮੁਕਤਿਆਂ ਦੀ ਇਤਿਹਾਸਕ ਧਰਤੀ 'ਤੇ ਰਹਿਣਾ ਚਾਹੀਦਾ ਹੈ, ਕਿਉਂਕਿ ਇੱਥੇ ਵਿੱਦਿਆ ਦਾ ਪ੍ਰਸਾਰ ਹੋਣਾ ਬਹੁਤ ਜਰੂਰੀ ਹੈ। 

ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਦਾ ਪੱਖ
ਇਸ ਸਾਰੇ ਮਾਮਲੇ ਨੂੰ ਲੈ ਕੇ ਜਦ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਜੀ. ਐਸ. ਚੱਢਾ ਪਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਸ੍ਰੀ ਮੁਕਤਸਰ ਸਾਹਿਬ ਦਾ ਰਿਜ਼ਨਲ ਸੈਂਟਰ ਤਬਦੀਲ ਨਹੀਂ ਕੀਤਾ ਜਾਵੇਗਾ ਅਤੇ ਕਾਉਣੀ ਪਿੰਡ ਵਿਖੇ ਚੱਲ ਰਹੇ ਸੈਂਟਰ ਬਾਰੇ ਅਜੇ ਸੋਚਿਆ ਜਾ ਰਿਹਾ ਹੈ।


Related News