ਮਾਮਲਾ ਰੇਲ ਗੱਡੀ ''ਚੋਂ ਛਾਲ ਮਾਰ ਕੇ ਮਰੇ ਨੌਜਵਾਨਾਂ ਦਾ : ਪਿਤਾ ਨੇ ਦੋਸ਼ੀ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ

11/18/2017 4:02:51 PM

ਬੁਢਲਾਡਾ (ਬਾਂਸਲ) — ਤਿੰਨ ਨੌਜਵਾਨਾਂ ਵੱਲੋਂ ਆਭਾ ਐਕਸਪ੍ਰੈਸ ਰੇਲ ਗੱਡੀ 'ਚੋਂ ਛਾਲਾਂ ਮਾਰ ਜਾਣ ਕਾਰਨ ਦੋ ਨੌਜਵਾਨਾਂ ਦੀ ਮੌਤ ਅਤੇ ਇਕ ਨੌਜਵਾਨ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦੇ ਮਾਮਲੇ 'ਚ ਰੇਲਵੇ ਪੁਲਸ ਵੱਲੋਂ ਦੋਵੇਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਪਰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਆਪਣੇ ਪੁੱਤਰ ਦੀ ਲਾਸ਼ ਪ੍ਰਾਪਤ ਕਰਨ ਲਈ ਪਹੁੰਚੇ ਮ੍ਰਿਤਕ ਮਨਦੀਪ ਸਿੰਘ ਦੀਪੂ ਵਾਸੀ ਪਿੰਡ ਘੁੱਦਾ (ਬਠਿੰਡਾ) ਦੇ ਪਿਤਾ ਸਾਧੂ ਸਿੰਘ ਨੇ ਨੌਜਵਾਨਾਂ ਨੂੰ ਚਲਦੀ ਗੱਡੀ 'ਚੋਂ ਛਾਲਾਂ ਮਾਰਨ ਲਈ ਮਜਬੂਰ ਕਰਨ ਵਾਲੇ ਪੁਲਸ ਮੁਲਾਜ਼ਮ ਜੋ ਬਿਨ੍ਹਾਂ ਵਰਦੀ ਸਨ ਦੀ ਸ਼ਨਾਖਤ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਲਈ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ।
ਮ੍ਰਿਤਕ ਦੇ ਪਿਤਾ ਸਾਧੂ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਉਸਦਾ ਤਾਂ ਘਰ ਹੀ ਉਜੜ ਗਿਆ। ਉਸ ਨੇ ਦੱਸਿਆ ਕਿ ਉਸਦਾ ਇੱਕਲੋਤਾ ਪੁੱਤਰ 10+2 ਦਾ ਵਿਦਿਆਰਥੀ ਸੀ, ਜੋ ਘਰੋਂ ਇਹ ਕਹਿ ਕੇ ਗਿਆ ਸੀ ਕਿ ਮੈਂ ਆਪਣੇ ਦੋਸਤਾਂ ਨਾਲ ਬਠਿੰਡਾ ਵਿਖੇ ਇਕ ਪਾਰਟੀ 'ਚ ਸ਼ਾਮਲ ਹੋਣ ਜਾ ਰਿਹਾ ਹਾਂ ਅਤੇ ਘਰ ਦੇਰੀ ਨਾਲ ਆਵਾਂਗਾ। ਆਪਣੇ ਪਰਿਵਾਰ ਦਾ 2.5 ਏਕੜ ਜ਼ਮੀਨ ਨਾਲ ਪਾਲਣ ਪੋਸ਼ਣ ਕਰਦਾ ਹੈ, ਦੇ ਘਰ 'ਚ ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਮਾਤਮ ਛਾ ਗਿਆ। ਦੂਸਰੇ ਪਾਸੇ ਹਸਪਤਾਲ 'ਚ ਗੰਭੀਰ ਰੂਪ 'ਚ ਜ਼ਖਮੀ ਜ਼ੇਰੇ ਇਲਾਜ ਦਾਖਲ ਗੁਰਪ੍ਰੀਤ ਸਿੰਘ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਜਿਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।


Related News