ਸਕੂਲਾਂ ਨੂੰ ਮਰਜ ਕਰਨ ਦਾ ਮਾਮਲਾ ਅੱਗ ਵਾਂਗ ਭਖਿਆ
Wednesday, Oct 25, 2017 - 04:38 AM (IST)
ਅੰਮ੍ਰਿਤਸਰ, (ਦਲਜੀਤ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਮਰਜ ਕਰਨ ਦਾ ਮਾਮਲਾ ਅੱਗ ਵਾਂਗ ਭਖ ਗਿਆ ਹੈ। ਸਰਕਾਰ ਦੇ ਫੈਸਲੇ ਖਿਲਾਫ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਸਾਂਝਾ ਅਧਿਆਪਕ ਮੋਰਚੇ ਦੀ ਅਗਵਾਈ 'ਚ ਆਰ-ਪਾਰ ਦੀ ਲੜਾਈ ਦਾ ਬਿਗੁਲ ਵਜਾ ਦਿੱਤਾ ਹੈ। ਮੋਰਚੇ ਦੇ ਸੱਦੇ 'ਤੇ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਸਾਹਮਣੇ ਮੋਰਚੇ ਦੇ ਕਨਵੀਨਰਾਂ ਮੰਗਲ ਸਿੰਘ ਟਾਂਡਾ, ਅਸ਼ਵਨੀ ਅਵਸਥੀ, ਹਰਦੇਵ ਭਕਨਾ, ਬਿਕਰਮਜੀਤ ਸਿੰਘ ਸ਼ਾਹ, ਸੰਤ ਸੇਵਕ ਸਰਕਾਰੀਆ ਅਤੇ ਬਲਕਾਰ ਸਫਰੀ ਦੀ ਅਗਵਾਈ 'ਚ ਪੰਜਾਬ ਸਰਕਾਰ ਦੇ ਉਕਤ ਫੈਸਲੇ ਦੇ ਵਿਰੋਧ ਵਿਚ ਰੋਹ ਭਰਪੂਰ ਮੁਜ਼ਾਹਰੇ ਤੋਂ ਬਾਅਦ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਮੁਜ਼ਾਹਰੇ 'ਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਇਕ ਪਾਸੇ ਭਾਰਤ ਦੇ ਸੰਵਿਧਾਨ ਵਿਚ ਲਿਖਤੀ ਮੰਨਿਆ ਗਿਆ ਹੈ ਕਿ ਸਰਕਾਰਾਂ ਲੋਕ ਹਿੱਤ ਕੰਮਾਂ ਨੂੰ ਤਰਜੀਹ ਦੇਣਗੀਆਂ ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦਾ ਤਾਂ ਬਾਬਾ ਆਦਮ ਹੀ ਨਿਰਾਲਾ ਹੈ, ਜਿਥੇ ਪ੍ਰਾਇਮਰੀ ਜਮਾਤਾਂ ਨਾਲ ਸਬੰਧਤ 800 ਦੇ ਕਰੀਬ ਸਕੂਲਾਂ ਨੂੰ ਮਰਜ ਕਰਨ ਦਾ ਫੈਸਲਾ ਰਾਤੋ-ਰਾਤ ਲੈ ਲਿਆ ਗਿਆ ਕਿ ਗਿਣਤੀ ਘੱਟ ਹੋਣ ਕਾਰਨ ਇਹ ਸਕੂਲ ਮਰਜ ਕੀਤੇ ਜਾ ਰਹੇ ਹਨ, ਜਦਕਿ ਬੁਨਿਆਦੀ ਤੌਰ 'ਤੇ ਹਰ ਗਰੀਬ ਵਰਕਰ ਦੇ ਵਿਦਿਆਰਥੀ ਲਈ ਪਿੰਡ ਪੱਧਰ 'ਤੇ ਖੁੱਲ੍ਹੇ ਸਕੂਲ ਬੰਦ ਕੀਤੇ ਜਾਣ ਜਾਂ ਮਰਜ ਕੀਤੇ ਜਾਣ ਇਕ ਨਾਦਰਸ਼ਾਹੀ ਫਰਮਾਨ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿਚ ਸਾਂਝਾ ਅਧਿਆਪਕ ਮੋਰਚਾ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਾਮਯਾਬ ਨਹੀਂ ਹੋਣ ਦੇਵੇਗਾ।
ਇਹ ਸਕੂਲ ਮਰਜ ਕਰਨ ਨਾਲ 1168 ਦੇ ਕਰੀਬ ਅਧਿਆਪਕ ਤੇ 800 ਦੇ ਕਰੀਬ ਮਿਡ-ਡੇ ਮੀਲ ਵਰਕਰ ਜੋ ਕਿ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹਨ ਤੇ ਜਿਥੇ ਇਹ ਸਕੂਲ ਮਰਜ ਕੀਤੇ ਜਾਣੇ ਹਨ, ਬਿਨਾਂ ਬੁਨਿਆਦੀ ਸਹੂਲਤਾਂ ਦਿੱਤੇ ਬੰਦ ਕੀਤੇ ਜਾਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਨਾਲ ਭਵਿੱਖ ਵਿਚ ਇਨ੍ਹਾਂ ਪੋਸਟਾਂ ਦਾ ਭੋਗ ਪਾ ਦਿੱਤਾ ਜਾਵੇਗਾ।
ਅੰਤ ਵਿਚ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਬੁਲਾਰਿਆਂ ਨੇ ਸਰਕਾਰ ਨੂੰ ਆਪਣਾ ਇਹ ਨਾਦਰਸ਼ਾਹੀ ਫਰਮਾਨ ਵਾਪਸ ਲੈਣ ਲਈ ਕਹਿੰਦੇ ਹੋਏ ਇਹ ਵੀ ਕਿਹਾ ਕਿ 14 ਨਵੰਬਰ ਨੂੰ ਸ਼ੁਰੂ ਹੋ ਰਹੀਆਂ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਹੋ ਰਹੀ ਹੈ, ਜਿਸ ਨਾਲ ਸਕੂਲਾਂ ਦੀ ਗਿਣਤੀ ਲਾਜ਼ਮੀ ਵਧੇਗੀ, ਇਸ ਲਈ ਇਸ ਫਰਮਾਨ ਨੂੰ ਵਾਪਸ ਲੈ ਕੇ ਗਰੀਬ ਤੇ ਦਲਿਤ ਵਰਗ ਦੇ ਲੋਕਾਂ ਨਾਲ ਇਨਸਾਫ ਕਰ ਕੇ ਵਿੱਦਿਆ ਦੇ ਇਹ ਮੰਦਰ ਬੰਦ ਹੋਣ ਤੋਂ ਰੋਕੇ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਬਾਜਵਾ, ਲਖਵਿੰਦਰ ਗਿੱਲ, ਲਵਲੀਨ ਪਾਲ ਸਿੰਘ, ਸੰਜੀਵ ਕਾਲੀਆ, ਹਰਵਿੰਦਰ ਸਿੰਘ ਸੁਲਤਾਨਵਿੰਡ, ਦਿਲਬਾਗ ਸਿੰਘ, ਜਰਮਨਜੀਤ ਸਿੰਘ, ਪ੍ਰਭਜਿੰਦਰ ਸਿੰਘ ਆਦਿ ਮੌਜੂਦ ਸਨ।
