ਵੈਂਡਰਜ਼ ਨੂੰ ਜਗ੍ਹਾ ਅਲਾਟ ਕਰਨ ਦਾ ਮਾਮਲਾ ਫਿਰ ਲਟਕਿਆ
Tuesday, Jun 12, 2018 - 05:34 AM (IST)

ਚੰਡੀਗੜ੍ਹ, (ਸੁਝਾਅ)- ਸ਼ਹਿਰ ਵਿਚ ਸਟਰੀਟ ਵੈਂਡਰਜ਼ ਨੂੰ ਜਗ੍ਹਾ ਅਲਾਟ ਕੀਤੇ ਜਾਣ ਦਾ ਮਾਮਲਾ ਇਕ ਵਾਰ ਫਿਰ ਲਟਕ ਗਿਆ ਹੈ । ਨਗਰ ਨਿਗਮ ਦੇ ਕੋਲ ਸ਼ਹਿਰ ਦੇ ਸਟਰੀਟ ਵੈਂਡਰਸ ਨੂੰ ਸੈਕਟਰਾਂ ਵਿਚ ਜਗ੍ਹਾ ਅਲਾਟ ਕੀਤੇ ਜਾਣ ਦੀ ਕੋਈ ਪਾਲਿਸੀ ਨਾ ਹੋਣ ਕਾਰਨ ਜਿਥੇ ਵੈਂਡਰਜ਼ ਦੁਚਿੱਤੀ 'ਚ ਹਨ ਕਿ ਉਨ੍ਹਾਂ ਨੂੰ ਨਿਗਮ ਵਲੋਂ ਕਿਸ ਆਧਾਰ 'ਤੇ ਕਿਥੇ ਬਿਠਾਇਆ ਜਾਵੇਗਾ, ਉਥੇ ਹੀ ਹੁਣ ਇਸ ਪਾਲਿਸੀ ਲਈ ਕੌਂਸਲਰਾਂ ਵਲੋਂ ਸੁਝਾਅ ਲਏ ਜਾਣ ਲਈ ਨਿਗਮ ਵਲੋਂ ਕਮੇਟੀ ਗਠਿਤ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ । ਨਿਗਮ ਨੂੰ ਹੁਣ ਦੋ ਸਾਲਾਂ ਬਾਅਦ ਯਾਦ ਆਇਆ ਹੈ ਕਿ ਇਸ ਮਾਮਲੇ ਵਿਚ ਕੌਂਸਲਰਾਂ ਦਾ ਸੁਝਾਅ ਵੀ ਲੈਣਾ ਹੈ । ਪਾਲਿਸੀ ਨਾ ਹੋਣ ਕਾਰਨ ਇਹ ਮਾਮਲਾ ਪਹਿਲਾਂ ਹੀ ਦੋ ਸਾਲਾਂ ਤੋਂ ਲਟਕਿਆ ਪਿਆ ਹੈ ।
ਵੈਂਡਰਜ਼ ਦੁਚਿੱਤੀ 'ਚ
ਨਿਗਮ ਨੇ ਫੈਸਲਾ ਲਿਆ ਸੀ ਕਿ ਸੈਕਟਰ ਦੇ ਲੋਕਾਂ ਦੀ ਗਿਣਤੀ ਦੇ ਢਾਈ ਫ਼ੀਸਦੀ ਦੇ ਹਿਸਾਬ ਵੈਂਡਰਜ਼ ਨੂੰ ਬਿਠਾਇਆ ਜਾਵੇਗਾ ਪਰ ਇਸਦੇ ਲਈ ਕੱਢੇ ਜਾਣ ਵਾਲੇ ਡਰਾਅ ਵਿਚ ਖਾਣ-ਪੀਣ ਤੇ ਰੈਡੀਮੇਡ ਸਾਮਾਨ ਵੇਚਣ ਵਾਲਿਆਂ ਲਈ ਇਕੱਠੇ ਡਰਾਅ ਕੱਢੇ ਜਾਣ ਦੇ ਫੈਸਲੇ ਨਾਲ ਵੈਂਡਰਜ਼ ਦੁਚਿੱਤੀ 'ਚ ਹਨ । ਵੈਂਡਰਸ ਦਾ ਕਹਿਣਾ ਹੈ ਕਿ ਇਕ ਸੈਕਟਰ ਵਿਚ ਅਣਗਿਣਤ ਦੇ ਹਿਸਾਬ ਵਲੋਂ ਵੈਂਡਰਸ ਬੈਠੇ ਹਨ, ਜਿਨ੍ਹਾਂ ਨੂੰ ਡਰਾਅ ਦੇ ਰਾਹੀਂ ਜਗ੍ਹਾ ਅਲਾਟ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਨਿਗਮ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਖਾਣ-ਪੀਣ ਦਾ ਸਾਮਾਨ ਵੇਚਣ ਵਾਲੇ ਵੈਂਡਰਸ ਅਤੇ ਹੋਰ ਸਾਮਾਨ ਵੇਚਣ ਵਾਲਾ ਡਰਾਅ ਵੱਖ-ਵੱਖ ਕੱਢਿਆ ਜਾਵੇਗਾ ਜਾਂ ਇਕੱਠਾ । ਵੈਂਡਰਸ ਦਾ ਕਹਿਣਾ ਸੀ ਕਿ ਦੋਨਾਂ ਦੇ ਡਰਾਅ ਵੱਖ-ਵੱਖ ਕੱਢੇ ਜਾਣੇ ਚਾਹੀਦੇ ਹਨ, ਤਾਂ ਕਿ ਖਾਣ-ਪੀਣ ਵਾਲੇ ਵੈਂਡਰਸ ਅਤੇ ਸਾਮਾਨ ਵੇਚਣ ਵਾਲੇ ਵੈਂਡਰਸ ਨੂੰ ਪਰੇਸ਼ਾਨੀ ਨਾ ਹੋਵੇ । ਨਿਗਮ ਵਲੋਂ ਵੈਂਡਰਸ ਨੂੰ ਪ੍ਰਤੀ ਮਹੀਨਾ ਫੀਸ ਨਾ ਜਮ੍ਹਾ ਕਰਵਾਏ ਜਾਣ ਦੇ ਬਦਲੇ ਵਿਚ 10 ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਜੁਰਮਾਨਾ ਕੀਤੇ ਜਾਣ ਸਬੰਧੀ ਲਏ ਗਏ ਫੈਸਲੇ ਦਾ ਵੈਂਡਰ ਮੁਨਾਫ਼ਾ ਉਠਾ ਰਹੇ ਹਨ । ਸਰਵੇ ਦੌਰਾਨ ਜਿਨ੍ਹਾਂ ਲੋਕਾਂ ਨੇ ਇਕ ਦੀ ਬਜਾਏ ਚਾਰ-ਚਾਰ ਜਗ੍ਹਾ 'ਤੇ ਬੈਠ ਕੇ ਸਰਵੇ 'ਚ ਆਪਣਾ ਨਾਮ ਪੁਆ ਲਿਆ ਸੀ, ਉਹ ਹਰ ਮਹੀਨੇ ਫੀਸ ਜਮ੍ਹਾ ਨਹੀਂ ਕਰਵਾ ਰਹੇ ਹਨ । ਪਤਾ ਲੱਗਾ ਹੈ ਕਿ ਅਜਿਹੇ ਵੈਂਡਰਾਂ ਦਾ ਮੰਨਣਾ ਹੈ ਕਿ ਨਿਗਮ ਨੇ ਜੁਰਮਾਨੇ ਦੀ ਵਿਵਸਥਾ ਤਾਂ ਕਰ ਹੀ ਦਿੱਤੀ ਹੈ, ਉਹ ਇਸ ਇੰਤਜ਼ਾਰ ਵਿਚ ਹਨ ਕਿ ਜੇਕਰ ਨਿਗਮ ਨੇ ਉਨ੍ਹਾਂ ਨੂੰ ਬੈਠਣ ਲਈ ਜਗ੍ਹਾ ਦੇ ਦਿੱਤੀ ਤਾਂ ਉਹ ਜੁਰਮਾਨੇ ਦੇ ਨਾਲ ਫੀਸ ਅਦਾ ਕਰ ਦੇਣਗੇ।
ਹਾਲ ਹੀ ਵਿਚ ਮੇਅਰ ਵਲੋਂ ਇਸ ਸਬੰਧੀ ਅਧਿਕਾਰੀਆਂ ਨਾਲ ਹੋਈ ਬੈਠਕ ਵਿਚ ਫ਼ੈਸਲਾ ਲਿਆ ਗਿਆ ਸੀ ਕਿ ਸੈਕਟਰ-22 ਦੀ ਸ਼ਾਸਤਰੀ ਮਾਰਕੀਟ ਤੇ ਸੈਕਟਰ-19 ਦੇ ਪਾਲਿਕਾ ਬਾਜ਼ਾਰ 'ਚ 150 ਤੋਂ 200 ਤਕ ਵੈਂਡਰਸ ਨੂੰ ਹੀ ਬੈਠਣ ਦੀ ਜਗ੍ਹਾ ਦਿੱਤੀ ਜਾਵੇਗੀ, ਜਦਕਿ ਇਥੇ 800 ਤੋਂ 900 ਵੈਂਡਰਸ ਹਨ । ਇਨ੍ਹਾਂ ਨੂੰ ਪਾਰਕਿੰਗ ਏਰੀਆ ਤੇ ਦੁਕਾਨਾਂ ਦੇ ਸਾਹਮਣੇ ਜਗ੍ਹਾ ਨਾ ਦੇਣ ਦਾ ਵੀ ਫ਼ੈਸਲਾ ਲਿਆ ਗਿਆ। ਸ਼ੋਅਰੂਮਾਂ ਦੇ ਸਾਹਮਣੇ ਵੈਂਡਰਸ ਲਈ ਨਿਸ਼ਾਨਦੇਹੀ ਕੀਤੇ ਗਏ ਸਥਾਨਾਂ ਦਾ ਸੈਕਟਰ-22 ਤੇ 19 ਦੇ ਦੁਕਾਨਦਾਰਾਂ ਨੇ ਵਿਰੋਧ ਕੀਤਾ ਸੀ ।