ਮਾਹਲ ਵਾਸੀਆਂ ਦੀ ਜ਼ਿੰਦਗੀ ਬਣੀ ਨਰਕ, ਸਰਕਾਰ ਵਿਰੁੱਧ ਪਿੱਟ-ਸਿਆਪਾ

Wednesday, Sep 13, 2017 - 06:18 AM (IST)

ਮਾਹਲ ਵਾਸੀਆਂ ਦੀ ਜ਼ਿੰਦਗੀ ਬਣੀ ਨਰਕ, ਸਰਕਾਰ ਵਿਰੁੱਧ ਪਿੱਟ-ਸਿਆਪਾ

ਛੇਹਰਟਾ,    (ਜਤਿੰਦਰ)-   ਅੰਮ੍ਰਿਤਸਰ ਤੋਂ ਰਾਮਤੀਰਥ ਨੂੰ ਜਾਂਦੀ ਸੜਕ 'ਤੇ ਰਸਤੇ 'ਚ ਪਿੰਡ ਮਾਹਲ ਆਉਂਦਾ ਹੈ, ਜਿਸ ਦੀ ਆਬਾਦੀ ਲਗਭਗ 15000 ਦੇ ਕਰੀਬ ਹੈ ਅਤੇ 6-7 ਕਾਲੋਨੀਆਂ ਇਸ ਪਿੰਡ ਅੰਦਰ ਆਉਂਦੀਆਂ ਹਨ ਪਰ ਇਸ ਪਿੰਡ ਦੀ ਮੇਨ ਸੜਕ ਦੀ ਪਿਛਲੇ ਕਈ ਸਾਲਾਂ ਤੋਂ ਹਾਲਤ ਬਹੁਤ ਖਸਤਾ ਬਣੀ ਹੋਈ ਹੈ। ਇਹ ਸੜਕ 3 ਹਲਕਿਆਂ ਦੀ ਸਾਂਝੀ ਸੜਕ ਹੈ, ਜੋ ਕਿ ਰਾਣੀਆਂ ਬਾਰਡਰ ਤੋਂ 150 ਪਿੰਡਾਂ ਨੂੰ ਜੋੜਦੀ ਹੈ। ਜਾਇਕਾ ਪ੍ਰਾਜੈਕਟ ਅਧੀਨ ਇਸ ਦਾ ਕੰਮ 3 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਪਰ ਇਸ ਦੀ ਹੱਦ ਇਕ ਸਾਲ ਮਿੱਥੀ ਗਈ ਸੀ ਪਰ ਹੁਣ 3 ਸਾਲ ਬੀਤ ਜਾਣ ਦੇ ਬਾਵਜੂਦ ਇਸ ਸੜਕ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ। ਹੁਣ ਹਾਲਾਤ ਇਹ ਬਣ ਗਏ ਹਨ ਕਿ ਇਸ ਪਿੰਡ ਦੀ ਆਬਾਦੀ ਸ਼ਹਿਰ ਨਾਲੋਂ ਕੱਟ ਚੁੱਕੀ ਹੈ। ਹਰ ਰੋਜ਼ ਉਡਦੇ ਮਿੱਟੀ-ਘੱਟੇ ਨਾਲ ਪਿੰਡ ਵਾਸੀ ਸਾਹ, ਦਮੇ ਵਰਗੀਆਂ ਬੀਮਾਰੀਆਂ ਨਾਲ ਪੀੜਤ ਹੋ ਰਹੇ ਹਨ। ਸੜਕ ਖਰਾਬ ਹੋਣ ਕਰ ਕੇ ਆਵਾਜਾਈ ਬਾਬਾ ਦਰਸ਼ਨ ਸਿੰਘ ਦੇ ਡੇਰੇ ਰਾਹੀਂ ਕੀਤੀ ਜਾ ਰਹੀ ਹੈ, ਉਥੇ ਟ੍ਰੈਫਿਕ ਵੱਧ ਹੋਣ ਕਰ ਕੇ ਕਾਫੀ ਹਾਦਸੇ ਹੋ ਰਹੇ ਹਨ।
ਮੇਨ ਸੜਕ 'ਤੇ ਦੁਕਾਨਾਂ ਵਾਲੇ ਪ੍ਰੇਸ਼ਾਨ ਹੋ ਕੇ ਆਪਣੀਆਂ ਦੁਕਾਨਾਂ ਨੂੰ ਜਿੰਦਰੇ ਲਾ ਚੁੱਕੇ ਹਨ। ਪਿੰਡ ਵਾਸੀ ਕਿਸਾਨ, ਬੱਸਾਂ ਵਾਲੇ, ਦੁਕਾਨਾਂ ਵਾਲੇ ਬਹੁਤ ਵਾਰੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਸ ਸੜਕ ਦੇ ਮੁੱਦੇ 'ਤੇ ਮਿਲ ਚੁੱਕੇ ਹਨ ਅਤੇ ਮੰਗ ਪੱਤਰ ਦੇ ਚੁੱਕੇ ਹਨ ਪਰ ਸੜਕ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਥੋੜ੍ਹੀ ਜਿਹੀ ਬਰਸਾਤ ਨਾਲ ਸੜਕ ਦਾ ਪਾਣੀ ਘਰਾਂ ਵਿਚ ਆ ਜਾਂਦਾ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਜੇਕਰ ਕਿਸੇ ਲੀਡਰ ਨੇ ਇਸ ਰਸਤੇ ਰਾਹੀਂ ਜਾਣਾ ਹੋਵੇ ਤਾਂ ਵੱਖਰਾ ਰਸਤਾ 24 ਘੰਟਿਆਂ ਵਿਚ ਬਣ ਜਾਂਦਾ ਹੈ ਪਰ ਪਿੰਡ ਵਾਸੀ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ। ਅਖੀਰ 'ਚ ਉਨ੍ਹਾਂ ਬੇਨਤੀ ਕੀਤੀ ਕਿ ਜੇਕਰ ਇਸ ਸੜਕ ਨੂੰ ਇਕ ਹਫਤੇ ਵਿਚ ਨਾ ਬਣਾਇਆ ਗਿਆ ਤਾਂ ਅਸੀਂ ਸਾਝਾ ਸੰਘਰਸ਼ ਵੱਡੇ ਪੱਧਰ 'ਤੇ ਕਰਾਂਗੇ।
ਇਸ ਮੌਕੇ ਸੋਨੂੰ ਮਾਹਲ, ਚਰਨਜੀਤ ਸ਼ਰਮਾ, ਬਿੱਟੂ ਸੀਮੈਂਟ ਵਾਲਾ, ਕਰਨ, ਡਾ. ਗਿੱਲ, ਲਾਡੀ ਚੱਕੀ ਵਾਲਾ, ਡਾ. ਨਿਰਮਲ, ਪਾਲ ਡੇਅਰੀ ਮਹਿਲ ਸਿੰਘ ਗਿੱਲ, ਗੁਰਵਿੰਦਰ ਪ੍ਰੀਤ, ਕੁਲਦੀਪ ਗੋਰਾ ਡੀਲਰ ਆਦਿ ਹਾਜ਼ਰ ਸਨ।


Related News