''ਆਪ'' ਦੇ ਨੇਤਾ ਵੀ ਨੇ ਨਵੀਂ ਵਾਰਡਬੰਦੀ ਤੋਂ ਨਾਖ਼ੁਸ਼, ਕੋਈ ਵਾਰਡ 8000 ਦਾ ਤਾਂ ਕੋਈ 16000 ਵੋਟਾਂ ਦਾ ਬਣਾਇਆ

06/22/2023 11:09:52 AM

ਜਲੰਧਰ (ਖੁਰਾਣਾ)–ਜਲੰਧਰ ਸ਼ਹਿਰ ਦੇ 85 ਵਾਰਡਾਂ ਦੇ ਨਕਸ਼ੇ ਨਵੀਂ ਵਾਰਡਬੰਦੀ ਦੇ ਹਿਸਾਬ ਨਾਲ ਡਿਸਪਲੇਅ ਹੋਣ ਤੋਂ ਬਾਅਦ ਵਾਰਡਬੰਦੀ ਨੂੰ ਲੈ ਕੇ ਤਕਰਾਰ ਵਧਦੀ ਜਾ ਰਹੀ ਹੈ। ਬੀਤੇ ਦਿਨ ਨਿਗਮ ਆ ਕੇ ਨਕਸ਼ੇ ਵੇਖਣ ਦੀ ਪ੍ਰਕਿਰਿਆ ਦੌਰਾਨ ਪਤਾ ਲੱਗਾ ਕਿ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਹੋਰ ਪਾਰਟੀਆਂ ਦੇ ਨੇਤਾ ਤਾਂ ਨਵੀਂ ਵਾਰਡਬੰਦੀ ਤੋਂ ਨਿਰਾਸ਼ ਹਨ ਹੀ, ਉਥੇ ਹੀ ਆਮ ਆਦਮੀ ਪਾਰਟੀ ਦੇ ਕਈ ਨੇਤਾ ਵੀ ਨਵੀਂ ਵਾਰਡਬੰਦੀ ਤੋਂ ਨਾਖ਼ੁਸ਼ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਇਤਰਾਜ਼ ਦਾਖ਼ਲ ਕਰਨ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ‘ਆਪ’ ਨੇਤਾ ਕਮਲਜੀਤ ਭਾਟੀਆ, ਮੇਜਰ ਸਿੰਘ, ਹਰਜਿੰਦਰ ਸਿੰਘ ਲਾਡਾ, ਲਖਬੀਰ ਸਿੰਘ ਬਾਜਵਾ, ਐਡਵੋਕੇਟ ਸੰਦੀਪ ਵਰਮਾ ਆਦਿ ਨਕਸ਼ਾ ਵੇਖਣ ਆਏ ਤਾਂ ਉਨ੍ਹਾਂ ਨੇ ਵੀ ਕਈ ਵਾਰਡਾਂ ’ਤੇ ਇਤਰਾਜ਼ ਜਤਾਇਆ। ਹੋਰ ਪਾਰਟੀਆਂ ਦੇ ਨੇਤਾਵਾਂ ਦਾ ਤਾਂ ਸਾਫ਼ ਕਹਿਣਾ ਸੀ ਕਿ ਜਿਸ ਤਰ੍ਹਾਂ ਵੱਖ-ਵੱਖ ਮੁਹੱਲਿਆਂ, ਕਾਲੋਨੀਆਂ ਨੂੰ ਕੱਟਿਆ ਗਿਆ ਹੈ ਅਤੇ ਵੰਡਿਆ ਗਿਆ ਹੈ, ਉਸ ਤੋਂ ਸਪੱਸ਼ਟ ਹੈ ਕਿ ਨਵੀਂ ਵਾਰਡਬੰਦੀ ਕੁਝ ਕੁ ਲੋਕਾਂ ਦੇ ਪ੍ਰਭਾਵ ਹੇਠ ਬਣੀ ਹੈ ਅਤੇ ਅਫ਼ਸਰਾਂ ਨੇ ਸੱਤਾ ਧਿਰ ਦੇ ਦਬਾਅ ਵਿਚ ਆ ਕੇ ਹੀ ਕੰਮ ਕੀਤਾ ਹੈ।

ਇਹ ਵੀ ਪੜ੍ਹੋ:ਪਟਵਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਵਕਫ਼ ਬੋਰਡ ਨੇ ਲਿਆ ਇਤਿਹਾਸਕ ਫ਼ੈਸਲਾ

ਸਾਬਕਾ ਕੌਂਸਲਰ ਸ਼ੈਲੀ ਖੰਨਾ ਵਾਲਾ ਵਾਰਡ 16000 ਵੋਟਾਂ ਵਾਲਾ ਬਣਾ ਦਿੱਤਾ ਗਿਆ
ਵਾਰਡਬੰਦੀ ਦਾ ਡਰਾਫਟ ਅਤੇ ਨਕਸ਼ੇ ਵੇਖਣ ਦੀ ਪ੍ਰਕਿਰਿਆ ਦੌਰਾਨ ਪਤਾ ਲੱਗਾ ਹੈ ਕਿ ਸੂਰਿਆ ਐਨਕਲੇਵ ਅਤੇ ਗੁਰੂ ਗੋਬਿੰਦ ਸਿੰਘ ਐਨਕਲੇਵ ਵਾਲਾ ਵਾਰਡ ਜਿੱਥੋਂ ਪਿਛਲੀ ਵਾਰ ਭਾਜਪਾ ਕੌਂਸਲਰ ਸ਼ੈਲੀ ਖੰਨਾ ਜੇਤੂ ਰਹੀ ਸੀ, ਹੁਣ ਨਾ ਸਿਰਫ ਉਸ ਵਾਰਡ ਨੂੰ ਤੋੜ-ਮਰੋੜ ਦਿੱਤਾ ਗਿਆ ਹੈ, ਸਗੋਂ 16000 ਵੋਟਾਂ ਵਾਲਾ ਬਣਾ ਦਿੱਤਾ ਗਿਆ ਹੈ। ਸਾਬਕਾ ਕੌਂਸਲਰਪਤੀ ਵਿਵੇਕ ਖੰਨਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਸ ਸਬੰਧੀ ਇਤਰਾਜ਼ ਦਾਖ਼ਲ ਕੀਤਾ ਜਾਵੇਗਾ ਕਿਉਂਕਿ ਨਾਲ ਲੱਗਦਾ ਵਾਰਡ ਸਿਰਫ਼ 8000 ਵੋਟਾਂ ਵਾਲਾ ਹੈ।

ਬਲਰਾਜ ਠਾਕੁਰ ਦੀ ਪੁਲਸ ਮੁਲਾਜ਼ਮਾਂ ਨਾਲ ਹੋਈ ਕਾਫ਼ੀ ਬਹਿਸ
ਵਾਰਡਬੰਦੀ ਦੇ ਨਕਸ਼ਿਆਂ ਨੂੰ ਲੈ ਕੇ ਅੱਜ ਵੀ ਨਿਗਮ ਅਧਿਕਾਰੀਆਂ ਨੇ ਅਜੀਬ ਵਿਵਹਾਰ ਕੀਤਾ। ਜੋ ਨਕਸ਼ਾ ਆਮ ਲੋਕਾਂ ਦੇ ਦੇਖਣ ਲਈ ਰੱਖਿਆ ਗਿਆ, ਉਸਦੀ ਫੋਟੋ ਤਕ ਖਿੱਚਣ ਤੋਂ ਲੋਕਾਂ ਨੂੰ ਰੋਕਿਆ ਗਿਆ, ਜਿਸ ਕਾਰਨ ਕਾਂਗਰਸੀ ਨੇਤਾ ਬਲਰਾਜ ਠਾਕੁਰ ਨੇ ਉਥੇ ਮੌਜੂਦ ਨਿਗਮ ਸਟਾਫ ਅਤੇ ਪੁਲਸ ਕਰਮਚਾਰੀਆਂ ਨਾਲ ਕਾਫੀ ਬਹਿਸ ਕੀਤੀ। ਬਲਰਾਜ ਠਾਕੁਰ ਦਾ ਕਹਿਣਾ ਸੀ ਕਿ ਇਹ ਇਕ ਪਬਲਿਕ ਡਾਕੂਮੈਂਟ ਹੈ ਅਤੇ ਇਤਰਾਜ਼ ਦਾਖਲ ਕਰਨ ਲਈ ਇਹ ਡਾਕੂਮੈਂਟ ਹਰ ਇਕ ਕੋਲ ਹੋਣਾ ਚਾਹੀਦਾ ਹੈ। ਬਲਰਾਜ ਠਾਕੁਰ ਵੱਲੋਂ ਹੰਗਾਮਾ ਕੀਤੇ ਜਾਣ ਤੋਂ ਬਾਅਦ ਉਥੇ ਮੌਜੂਦ ਪੁਲਸ ਨੇ ਕਿਸੇ ਨੂੰ ਨਕਸ਼ੇ ਦੀ ਫੋਟੋ ਲੈਣ ਤੋਂ ਨਹੀਂ ਰੋਕਿਆ।

ਇਹ ਵੀ ਪੜ੍ਹੋ: ਭਿਆਨਕ ਹਾਦਸੇ 'ਚ ਉਜੜਿਆ ਪਰਿਵਾਰ, ਮਾਂ ਸਣੇ ਇਕ ਸਾਲਾ ਧੀ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ

ਪਹਿਲੇ ਦਿਨ ਆਏ 4 ਇਤਰਾਜ਼
ਨਵੀਂ ਵਾਰਡਬੰਦੀ ’ਤੇ ਇਤਰਾਜ਼ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸਭ ਤੋਂ ਪਹਿਲਾ ਇਤਰਾਜ਼ ਵਾਰਡ ਨੰਬਰ 23 ਤੋਂ ਭਾਜਪਾ ਟਿਕਟ ਦੀ ਦਾਅਵੇਦਾਰ ਸ਼ਾਲੂ ਨੇ ਦਾਖ਼ਲ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਵਾਰਡ ਨੂੰ ਸੈਂਟਰਲ ਅਤੇ ਨਾਰਥ ਵਿਚ ਵੰਡ ਦਿੱਤਾ ਗਿਆ ਹੈ ਅਤੇ ਉਸਦੀਆਂ ਹੱਦਾਂ ਵੀ ਸਪੱਸ਼ਟ ਨਹੀਂ ਹਨ। ਆਉਣ ਵਾਲੇ ਦਿਨਾਂ ਵਿਚ ਵਾਰਡਬੰਦੀ ਨੂੰ ਲੈ ਕੇ ਹੋਰ ਵੀ ਕਈ ਇਤਰਾਜ਼ ਆ ਸਕਦੇ ਹਨ।

ਅਦਾਲਤ ਦਾ ਸਹਾਰਾ ਲਵੇਗੀ ਕਾਂਗਰਸ
ਇਸ ਦੌਰਾਨ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਿੰਦਰ ਬੇਰੀ ਦਾ ਕਹਿਣਾ ਹੈ ਕਿ ਵਾਰਡਬੰਦੀ ਨੂੰ ਲੈ ਕੇ ਕਾਂਗਰਸ ਅਦਾਲਤ ਦਾ ਸਹਾਰਾ ਲੈਣ ’ਤੇ ਵੀ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰਡਬੰਦੀ ਤਿਆਰ ਕਰਨ ਲਈ ਡੀਲਿਮਿਟੇਸ਼ਨ ਬੋਰਡ ਵਿਚ ਉਸ ਸਮੇਂ ਦੇ ਕੌਂਸਲਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਪਰ ਨਿਗਮ ਦਾ ਕਾਰਜਕਾਲ ਖ਼ਤਮ ਹੋ ਜਾਣ ਤੋਂ ਬਾਅਦ ਉਨ੍ਹਾਂ ਕੌਂਸਲਰਾਂ ਨੂੰ ਬੈਠਕ ਵਿਚ ਬੁਲਾਇਆ ਨਹੀਂ ਗਿਆ। ਹੁਣ ਕਾਨੂੰਨੀ ਮਾਹਿਰਾਂ ਨਾਲ ਸਲਾਹ ਕੀਤੀ ਜਾਵੇਗੀ ਕਿ ਅਜਿਹਾ ਕਰਨਾ ਕੀ ਨਿਆਂ ਸੰਗਤ ਹੈ?

ਇਹ ਵੀ ਪੜ੍ਹੋ: ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ BSF ਵੱਲੋਂ ਕਰੋੜਾਂ ਰੁਪਏ ਦੀ ਹੈਰੋਇਨ ਦੇ 14 ਛੋਟੇ ਪੈਕੇਟ ਬਰਾਮਦ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News