ਮਜ਼ਦੂਰਾਂ ਦੀ ਘਾਟ ਦੇ ਮੱਦੇਨਜ਼ਰ ਮੁੱਖ ਮੰਤਰੀ ਝੋਨੇ ਦੀ ਬਿਜਾਈ 1 ਜੂਨ ਤੋਂ ਸ਼ੁਰੂ ਕਰਵਾਉਣ: ਸੁਖਬੀਰ
Tuesday, May 05, 2020 - 09:26 PM (IST)
ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰਾਂ ਦੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵੱਲ ਵਾਪਸੀ ਕਰਕੇ ਪੈਦਾ ਹੋਈ ਮਜ਼ਦੂਰਾਂ ਦੀ ਕਮੀ ਨੂੰ ਧਿਆਨ 'ਚ ਰੱਖਦਿਆਂ ਉਹ ਝੋਨੇ ਦੀ ਬਿਜਾਈ 15 ਜੂਨ ਤਕ ਨਾ ਕਰਨ ਸਬੰਧੀ ਲਾਈ ਪਾਬੰਦੀ ਹਟਾ ਦੇਣ ਅਤੇ ਸੂਬੇ ਅੰਦਰ 1 ਜੂਨ ਤੋਂ ਝੋਨਾ ਲਾਉਣ ਦੇ ਹੁਕਮ ਜਾਰੀ ਕਰਨ। ਇੱਥੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਹੈ ਕਿ ਉਹ ਸੂਬੇ ਅੰਦਰ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਦੀ ਗਿਣਤੀ ਵਧਾਉਣ ਲਈ ਕਦਮ ਚੁੱਕਣ ਤਾਂ ਕਿ ਮਜ਼ਦੂਰਾਂ ਦੀ ਕਮੀ ਨੂੰ ਕੁੱਝ ਹੱਦ ਤਕ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਝੋਨਾ ਟਰਾਂਸਪਲਾਂਟਰਜ਼ ਖਰੀਦਣ ਦੇ ਚਾਹਵਾਨ ਕਿਸਾਨਾਂ ਨੂੰ 75 ਫੀਸਦੀ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ। ਸੁਖਬੀਰ ਨੇ ਉਨ੍ਹਾਂ ਕਿਸਾਨਾਂ ਨੂੰ ਸਿੱਧੀ ਨਕਦ ਸਹਾਇਤਾ ਦੇਣ ਦੀ ਵੀ ਮੰਗ ਕੀਤੀ, ਜਿਹੜੇ ਮਜ਼ਦੂਰਾਂ ਦੀ ਕਮੀ ਕਰਕੇ ਝੋਨਾ ਲਾਉਣ ਦੀ ਸਥਿਤੀ 'ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿੱਧੀ ਨਕਦ ਸਹਾਇਤਾ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਲਈ ਉਤਸ਼ਾਹਿਤ ਕਰੇਗੀ ਅਤੇ ਉਹ ਮੱਕੀ ਆਦਿ ਫਸਲਾਂ ਬੀਜਣਗੇ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ।
ਹੋਰ ਜਾਣਕਾਰੀ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੱਖਾਂ ਮਜ਼ਦੂਰ ਵਾਪਸ ਆਪਣੇ ਸੂਬਿਆਂ ਵੱਲ ਜਾ ਰਹੇ ਹਨ। ਅਜਿਹੇ ਹਾਲਾਤਾਂ 'ਚ ਝੋਨੇ ਦੀ ਬਿਜਾਈ ਵਾਸਤੇ ਮਜ਼ਦੂਰਾਂ ਦੀ ਭਾਰੀ ਕਮੀ ਹੋਣ ਦੀ ਸੰਭਾਵਨਾ ਹੈ। ਸਰਕਾਰ ਨੂੰ ਝੋਨੇ ਦਾ ਸੀਜ਼ਨ ਅਗੇਤਾ ਕਰਦੇ ਹੋਏ 1 ਜੂਨ ਤੋਂ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਕਿ ਉਸ ਸਮੇਂ ਤੱਕ ਸੂਬੇ ਅੰਦਰ ਮੌਜੂ਼ਦ ਮਜ਼ਦੂਰਾਂ ਕੋਲੋਂ ਝੋਨੇ ਦੀ ਬਿਜਾਈ ਕਰਵਾਈ ਜਾ ਸਕੇ। ਉਨ੍ਹਾਂ ਨੇ ਸਰਕਾਰ ਨੂੰ ਝੋਨੇ ਦੀ ਕਿਸਮ ਪੂਸਾ 44 ਦੀ ਬਿਜਾਈ ਦੀ ਆਗਿਆ ਦੇਣ ਲਈ ਵੀ ਆਖਿਆ, ਜਿਸ ਨੂੰ ਇਸ ਕਾਰਨ ਬੀਜਣ ਤੋਂ ਰੋਕਿਆ ਜਾ ਰਿਹਾ ਹੈ, ਕਿਉਂਕਿ ਦੂਜੀਆਂ ਕਿਸਮਾਂ ਦੇ ਮੁਕਾਬਲੇ ਇਸ ਕਿਸਮ ਦੀ ਫਸਲ ਪੱਕਣ 'ਚ 20 ਤੋਂ 22 ਦਿਨ ਵੱਧ ਲੈਂਦੀ ਹੈ, ਜਿਸ ਕਰਕੇ ਇਸ ਅੰਦਰ ਨਮੀ ਦੀ ਮਾਤਰਾ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਝੋਨੇ ਦੀ ਬਿਜਾਈ ਨੂੰ ਅਗੇਤੀ ਕਰ ਦਿੰਦੀ ਹੈ ਤਾਂ ਪੂਸਾ 44 ਦੀ ਆਸਾਨੀ ਨਾਲ ਸਮੇਂ ਸਿਰ ਕਟਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਪੂਸਾ 44 ਦਾ ਬੀਜ ਖਰੀਦੀ ਬੈਠੇ ਹਨ। ਸੁਖਬੀਰ ਨੇ ਮੁੱਖ ਮੰਤਰੀ ਨੂੰ ਪਟਿਆਲਾ, ਰੋਪੜ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਵੀ ਅਪੀਲ ਕੀਤੀ, ਜਿਨ੍ਹਾਂ ਦੀਆਂ ਫਸਲਾਂ ਦਾ ਝਾੜ ਬੇਮੌਸਮੇ ਮੀਂਹ ਕਾਰਣ ਘਟ ਗਿਆ ਹੈ।