ਨਗਰ ਨਿਗਮ ਚੋਣਾਂ ''ਚ ਬੂਥ ਕੈਪਚਰਿੰਗ ਦਾ ਮਾਮਲਾ ਲੋਕ ਸਭਾ ''ਚ ਗੂੰਜਿਆ

Wednesday, Dec 20, 2017 - 12:37 AM (IST)

ਨਗਰ ਨਿਗਮ ਚੋਣਾਂ ''ਚ ਬੂਥ ਕੈਪਚਰਿੰਗ ਦਾ ਮਾਮਲਾ ਲੋਕ ਸਭਾ ''ਚ ਗੂੰਜਿਆ

ਪਟਿਆਲਾ  (ਬਲਜਿੰਦਰ) - ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਾਲ ਹੀ ਵਿਚ ਪੰਜਾਬ ਅੰਦਰ ਹੋਈਆਂ ਮਿਉਂਸੀਪਲ ਚੋਣਾਂ ਦੌਰਾਨ ਰਾਜ ਦੇ ਚੋਣ ਕਮਿਸ਼ਨ ਵੱਲੋਂ ਨਿਭਾਏ ਗਏ ਪੱਖਪਾਤੀ ਰਵੱਈਏ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਭੰਗ ਕਰਨ, ਪਟਿਆਲਾ ਨਗਰ ਨਿਗਮ ਦੀ ਚੋਣ ਰੱਦ ਕਰ ਕੇ ਦੁਬਾਰਾ ਕਰਵਾਉਣ ਅਤੇ ਸਿੱਖ ਧਰਮ ਦੇ ਚਿੰਨ੍ਹਾਂ ਦੀ ਬੇਅਦਬੀ ਕਰਨ ਵਾਲਿਆਂ 'ਤੇ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਅੱਜ ਇੱਥੇ ਲੋਕ ਸਭਾ ਅੰਦਰ ਜ਼ੀਰੋ ਆਵਰ ਦੌਰਾਨ ਪੰਜਾਬ ਚੋਣ ਕਮਿਸ਼ਨ 'ਤੇ ਵਰ੍ਹਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਾਡਾ ਵਿਧਾਨ ਸਾਨੂੰ ਜਮਹੂਰੀ ਤੇ ਮਾਨਵੀ ਹੱਕ ਦਿੰਦਾ ਹੈ। ਇਨ੍ਹਾਂ ਅਧਿਕਾਰਾਂ ਦੀ ਰੱਖਿਆ ਕਰਨਾ ਸਰਕਾਰਾਂ ਦੀ ਡਿਊਟੀ ਹੈ। ਉਨ੍ਹਾਂ ਇਸ ਗੱਲ 'ਤੇ ਦੁੱਖ ਪ੍ਰਗਟਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਆਪਣੇ ਹਲਕੇ ਅੰਦਰ ਜਿਥੇ ਸਾਬਕਾ ਕੇਂਦਰੀ ਮੰਤਰੀ ਦੇ ਸਾਹਮਣੇ ਔਰਤਾਂ ਦੀ ਖਿੱਚ-ਧੂਹ, ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਤੇ ਉਮੀਦਵਾਰਾਂ ਦੀ ਕੁੱਟਮਾਰ ਹੋਈ ਹੋਵੇ, ਫਿਰ ਇਹ ਲੋਕਤੰਤਰ ਨਹੀਂ, ਗੁੰਡਾ-ਤੰਤਰ ਬਣ ਜਾਂਦਾ ਹੈ। ਉਨ੍ਹਾਂ ਚੌਕਸ ਕੀਤਾ ਕਿ ਪਟਿਆਲਾ ਤੇ ਹੋਰ ਸ਼ਹਿਰਾਂ ਵਿਚ ਜੋ ਗੁੰਡਾ ਨਾਚ ਹੋਇਆ, ਉਹ ਲੋਕ-ਰਾਜ 'ਤੇ ਕਾਲਾ ਧੱਬਾ ਹੀ ਨਹੀਂ, ਗੰਭੀਰ ਖਤਰਾ ਵੀ ਹੈ ।
ਪ੍ਰੋ. ਚੰਦੂਮਾਜਰਾ ਨੇ ਮੰਗ ਕੀਤੀ ਕਿ ਪ੍ਰਦੇਸ਼ ਦਾ ਚੋਣ ਕਮਿਸ਼ਨ ਤੁਰੰਤ ਭੰਗ ਹੋਵੇ ਜਿਸ ਨੇ ਸ਼ਰੇਆਮ ਸਰਕਾਰ ਦੇ ਇਸ਼ਾਰੇ 'ਤੇ 5-5 ਕਿਲੋਮੀਟਰ ਤੱਕ ਪੋਲਿੰਗ ਬੂਥ ਨਿੱਜੀ ਘਰਾਂ ਵਿਚ ਬਣਾਏ। ਉਨ੍ਹਾਂ ਇਸ ਨੂੰ ਅਤਿ ਮੰਦਭਾਗਾ ਕਿਹਾ। ਹਲਕਾ ਵਿਧਾਇਕ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਇਸ 'ਤੇ ਅਮਲ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਗ੍ਰਹਿ ਮੰਤਰਾਲੇ ਵੱਲੋਂ ਪਟਿਆਲਾ ਨਗਰ ਨਿਗਮ ਦੀ ਚੋਣ ਰੱਦ ਕਰ ਕੇ ਦੁਬਾਰਾ ਕਰਵਾਉਣ ਦੇ ਆਰਡਰ ਕੀਤੇ ਜਾਣ। ਲੋਕਾਂ ਵਿਚ ਪਾਏ ਜਾ ਰਹੇ ਰੋਸ ਨੂੰ ਠੰਡਾ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਐਕਸ਼ਨ ਲਿਆ ਜਾਵੇ।


Related News