ਜੁਝਾਰ ਅਤੇ ਫਾਸਟਵੇਅ ਗਰੁੱਪ ’ਤੇ ਆਮਦਨ ਕਰ ਵਿਭਾਗ ਦੀ ਕਾਰਵਾਈ ਦੂਜੇ ਦਿਨ ਵੀ ਜਾਰੀ
Sunday, Nov 28, 2021 - 03:09 AM (IST)
ਲੁਧਿਆਣਾ(ਸੇਠੀ)- ਆਮਦਨ ਕਰ ਵਿਭਾਗ ਵੱਲੋਂ ਫਾਸਟਵੇਅ ਗਰੁੱਪ ਦੇ ਜੁਝਾਰ ਅਤੇ ਗੁਰਦੀਪ ਸਿੰਘ ਵਿਰੁੱਧ ਦੂਜੇ ਦਿਨ ਵੀ ਕਾਰਵਾਈ ਜਾਰੀ ਰਹੀ। ਇਸ ਦੌਰਾਨ ਸਖਤ ਸੁਰੱਖਿਆ ਪ੍ਰਬੰਧਾਂ ਕਾਰਨ ਨਾ ਤਾਂ ਕਿਸੇ ਨੂੰ ਅੰਦਰ ਜਾਣ ਦਿੱਤਾ ਗਿਆ ਅਤੇ ਨਾ ਹੀ ਬਾਹਰ ਨਿਕਲਣ ਦਿੱਤਾ ਗਿਆ। ਅਧਿਕਾਰੀ ਕਾਰਵਾਈ ਵਿਚ ਰੁੱਝੇ ਹੋਏ ਹਨ ਅਤੇ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਹਾਲਾਂਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀ ਪ੍ਰਾਪਰਟੀ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ ਕਿਉਂਕਿ ਇਹ ਕਿਆਸ ਲਾਇਆ ਜਾ ਰਿਹਾ ਹੈ ਕਿ ਉਕਤ ਕਾਰਵਾਈ ਬੇਨਾਮੀ ਜਾਇਦਾਦ ਦੇ ਸਬੰਧ ’ਚ ਕੀਤੀ ਗਈ ਹੈ।
ਇਹ ਵੀ ਪੜ੍ਹੋ- ਕੋਵਿਡ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਦਿੱਲੀ ਦੇ ਹਸਪਤਾਲ ਹਾਈ ਅਲਰਟ 'ਤੇ, LG ਨੇ ਦਿੱਤੇ ਅਹਿਮ ਹੁਕਮ
ਵਿਭਾਗ ਨੂੰ ਉਕਤ ’ਤੇ ਸ਼ੱਕ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਵੱਡੇ ਪੱਧਰ ’ਤੇ ਬੇਨਾਮੀ ਪ੍ਰਾਪਰਟੀਆਂ ਖਰੀਦ ਰਿਹਾ ਹੈ, ਜਿਸ ਨੂੰ ਲੈ ਕੇ ਵਿਭਾਗ ਨੇ ਉਸ ਨੂੰ ਜਾਂਚ ਦੇ ਘੇਰੇ ’ਚ ਲਿਆ ਹੈ, ਜਿੱਥੇ ਸ਼ਹਿਰ ਦੇ ਕਈ ਲੋਕ ਇਨਕਮ ਟੈਕਸ ਦੇ ਇਨ੍ਹਾਂ ਛਾਪਿਆਂ ਨੂੰ ਗੁਰਦੀਪ ਸਿੰਘ ਵਿਰੁੱਧ ਈ. ਡੀ. ਦੀ ਕਾਰਵਾਈ ਨਾਲ ਜੋੜ ਰਹੇ ਸਨ, ਉੱਥੇ ਹੀ ਸੂਤਰਾਂ ਨੇ ਦਾਅਵਾ ਕੀਤਾ ਕਿ ਸਿੰਘ ਆਪਣੀ ਆਮਦਨ ਛੁਪਾਉਣ ਜਾਂ ਆਮਦਨ ਕਰ ਦੀਆਂ ਕੁਝ ਹੋਰ ਉਲੰਘਣਾਵਾਂ ਦੇ ਸ਼ੱਕ ਦੇ ਆਧਾਰ ’ਤੇ ਵਿਭਾਗ ਦੇ ਜਾਂਚ ਵਿੰਗ ਦੇ ਰਾਡਾਰ ’ਤੇ ਸੀ। ਪਿਛਲੇ ਕਈ ਦਿਨਾਂ ਤੋਂ ਕੇਂਦਰੀ ਵਿਭਾਗ ਵੱਲੋਂ ਮਹਾਨਗਰ ਵਿਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਵੀ ਈ. ਡੀ. ਅਤੇ ਇਨਕਮ ਟੈਕਸ ਦੋਵੇਂ ਕੇਂਦਰ ਦੇ ਵਿਭਾਗ ਹਨ, ਜਿਸ ਕਾਰਨ ਇਹ ਵਿਭਾਗ ਆਪਸ ਵਿਚ ਜੁੜਿਆ ਹੋਇਆ ਹੈ, ਇਕ ਤੋਂ ਬਾਅਦ ਇਕ ਵਿਭਾਗ ਕਾਰਵਾਈ ਕਰਨ ਲਈ ਪਹੁੰਚਦਾ ਹੈ। ਦੱਸ ਦੇਈਏ ਕਿ ਫਾਸਟਵੇਅ ਦਾ ਮੁੱਖ ਦਫਤਰ ਲੁਧਿਆਣਾ ਗ੍ਰੈਂਡ ਵਾਕ ਮਾਲ ਦੀ 5ਵੀਂ ਮੰਜ਼ਿਲ ’ਤੇ ਸਥਿਤ ਹੈ। ਇਨਕਮ ਟੈਕਸ ਦਾ ਦਫਤਰ ਵੀ ਇਸੇ ਮਾਲ ਵਿਚ ਸਥਿਤ ਹੈ, ਜਦੋਂਕਿ ਗ੍ਰੈਂਡ ਵਾਕ ਦੀ ਮਾਲਕੀ ਗੁਰਦੀਪ ਸਿੰਘ ਦੀ ਹੈ। ਲੁਧਿਆਣਾ ’ਚ ਲਗਾਤਾਰ ਹੋ ਰਹੀ ਕਾਰਵਾਈ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।