ਬੇਟੀ ਦੀ ਮਮਤਾ ਵਿਚ ਅੰਨ੍ਹੀ ਪ੍ਰੋਫੈਸਰ ਨੇ ਰਚੀ ਸੀ ਪਤੀ ਦੇ ਕਤਲ ਦੀ ਸਾਜ਼ਿਸ਼
Sunday, Jul 22, 2018 - 06:36 AM (IST)

ਲੁਧਿਆਣਾ, (ਮਹੇਸ਼)- ਆਪਣੀ ਬੇਟੀ ਦੇ ਪਿਆਰ ਵਿਚ ਅੰਨ੍ਹੀ ਹੋਈ ਅੌਰਤ ਪ੍ਰੋਫੈਸਰ ਨੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ। ਇਹ ਕੰਮ ਉਸ ਨੇ ਆਪਣੀ ਬੇਟੀ ਦੇ ਪ੍ਰੇਮੀ ਤੋਂ ਕਰਵਾਇਆ। ਪਹਿਲਾਂ ਤਾਂ ਦੋਸ਼ੀ ਅੌਰਤ ਇਸ ਨੂੰ ਕਤਲ ਅਤੇ ਲੁੱਟ-ਖੋਹ ਦਾ ਕੇਸ ਦੱਸਦੀ ਰਹੀ ਪਰ ਪੁਲਸ ਦੀਆਂ ਤਜਰਬੇਕਾਰ ਨਜ਼ਰਾਂ ਤੋਂ ਉਹ ਆਪਣਾ ਘਿਨੌਣਾ ਅਪਰਾਧ ਲੁਕਾ ਨਹੀਂ ਸਕੀ।
ਪੁਲਸ ਦੇ ਮੁਤਾਬਕ ਅੌਰਤ ਨੂੰ ਉਸ ਦੀ ਬੇਟੀ ਨੇ ਕਿਹਾ ਸੀ ਕਿ ਉਸ ਦਾ ਸ਼ਰਾਬੀ ਪਤੀ ਉਸ ’ਤੇ ਬੁਰੀ ਨਜ਼ਰ ਰੱਖਦਾ ਹੈ। ਹੁਣ ਇਹ ਗੱਲ ਕਿੰਨੀ ਸੱਚ ਹੈ ਇਹ ਤਾਂ ਪੁਲਸ ਜਾਂਚ ਕਰ ਰਹੀ ਹੈ ਪਰ ਮਰਨ ਵਾਲਾ ਸ਼ਖਸ ਆਮ ਕਰ ਕੇ ਉਨ੍ਹਾਂ ਨਾਲ ਕੁੱਟ-ਮਾਰ ਕਰਦਾ ਸੀ, ਜਿਸ ਤੋਂ ਉਹ ਬਹੁਤ ਦੁਖੀ ਸਨ।
ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਹੈਬੋਵਾਲ ਦੇ ਅਜੀਤ ਨਗਰ ਦੀ ਰਹਿਣ ਵਾਲੀ ਦੋਸ਼ਣ ਪ੍ਰੋਫੈਸਰ ਅੌਰਤ ਗੀਤਾ ਸੱਗਡ਼ ਨੇ ਹੀ ਪੁਲਸ ਨੂੰ ਕਾਲ ਕਰ ਕੇ ਆਪਣੇ ਪਤੀ ਦੇ ਕਤਲ ਅਤੇ ਲੁੱਟ-ਖੋਹ ਦੀ ਸੂਚਨਾ ਦਿੱਤੀ ਸੀ। ਉਹ ਸਿਵਲ ਲਾਈਨ ਇਲਾਕੇ ਵਿਚ ਇਕ ਸਿੱਖਿਆ ਸੰਸਥਾ ਵਿਚ ਪਿਛਲੇ ਡੇਢ ਦਹਾਕੇ ਤੋਂ ਪੰਜਾਬੀ ਦੀ ਪ੍ਰੋਫੈਸਰ ਹੈ। ਹਾਲਾਂਕਿ ਗੀਤਾ ਅਤੇ ਉਸ ਦੀ 19 ਸਾਲਾ ਬੇਟੀ ਸੁਦਿਕਸ਼ਾ ਨੇ ਆਪਣਾ ਜੁਰਮ ਲੁਕਾਉਣ ਲਈ ਪੁਲਸ ਨੂੰ ਗੁੰਮਰਾਹ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਪਰ ਉਨ੍ਹਾਂ ਵੱਲੋਂ ਦੱਸੀ ਗਈ ਕਹਾਣੀ ਪੁਲਸ ਦੇ ਗਲੇ ਨਹੀਂ ਉਤਰ ਰਹੀ ਸੀ।
ਜਿਸ ’ਤੇ ਏ.ਡੀ.ਸੀ.ਪੀ. ਗੁਰਪ੍ਰੀਤ ਪੁਰੇਵਾਲ, ਏ.ਸੀ.ਪੀ. ਗੁਰਪ੍ਰੀਤ ਸਿੰਘ ਅਤੇ ਥਾਣਾ ਮੁਖੀ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਤਤਕਾਲ ਹਰਕਤ ਵਿਚ ਆਉਂਦੇ ਹੋਏ ਕੇਸ ਦੀ ਛਾਣਬੀਨ ਸ਼ੁਰੂ ਕਰ ਦਿੱਤੀ। ਕਤਲ ਦੇ ਸਮੇਂ ਮਾਂ-ਬੇਟੀ ਵੀ ਘਰ ਹੀ ਸਨ। ਪੁਲਸ ਨੂੰ ਇਹ ਗੱਲ ਰਡ਼ਕ ਰਹੀ ਸੀ ਕਿ ਆਖਰ ਕਾਤਲ ਘਰ ਵਿਚ ਦਾਖਲ ਕਿਵੇਂ ਹੋਏ। ਵਾਰਦਾਤ ਸਮੇਂ ਮ੍ਰਿਤਕ ਕੁਲਦੀਪ ਕੁਮਾਰ ਦਾ ਛੋਟਾ ਭਰਾ ਹਰਦੀਪ ਕੁਮਾਰ ਡਿਊਟੀ ’ਤੇ ਗਿਆ ਹੋਇਆ ਸੀ।
ਛਾਣਬੀਨ ਵਿਚ ਉਹ ਬਿਲਕੁਲ ਨਿਰਦੋਸ਼ ਪਾਇਆ ਗਿਆ ਪਰ ਗੀਤਾ ਦੇ ਮੋਬਾਇਲ ਦੀ ਕਾਲ ਡਿਟੇਲ ਚੈੱਕ ਕੀਤੀ ਗਈ ਤਾਂ ਪੁਲਸ ਦੇ ਕੰਨ ਖਡ਼੍ਹੇ ਹੋ ਗਏ। ਕਤਲ ਦੀ ਰਾਤ ਨੂੰ ਉਸ ਦੀ ਕਈ ਵਾਰ ਇਕ ਨੰਬਰ ’ਤੇ ਗੱਲ ਹੋਈ ਸੀ। ਥੋਡ਼੍ਹੀ ਜਿਹੀ ਸਖਤੀ ਕਰਨ ’ਤੇ ਸਾਰਾ ਸੱਚ ਸਾਹਮਣੇ ਆ ਗਿਆ, ਜਿਸ ’ਤੇ ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਸੁਦਿਕਸ਼ਾ ਦੇ 21 ਸਾਲਾ ਪ੍ਰੇਮੀ ਤਰੁਣ ਉਰਫ ਤੇਜਪਾਲ ਸਿੰਘ ਭਾਟੀ ਨੂੰ ਕਾਬੂ ਕਰ ਲਿਆ, ਜੋ ਕਿ ਹੰਬਡ਼ਾਂ ਦੀ ਪੰਜ ਪੀਰ ਰੋਡ ਦੇ ਮੇਹਰ ਸਿੰਘ ਨਗਰ ਦਾ ਰਹਿਣ ਵਾਲਾ ਹੈ। ਉਸ ਦੀ ਮੈਡੀਕਲ ਦੀ ਦੁਕਾਨ ਹੈ ਅਤੇ ਉਹ ਪ੍ਰਾਈਵੇਟ ਤੌਰ ’ਤੇ ਬੀ. ਏ. ਕਰ ਰਿਹਾ ਹੈ। ਇਸ ਤੋਂ ਬਾਅਦ ਪੁਲਸ ਨੇ ਸੁਦਿਕਸ਼ਾ ਦਾ ਮੋਬਾਇਲ , ਜੋ ਉਸ ਨੇ ਛੱਤ ’ਤੇ ਲੁਕੋ ਕੇ ਰੱਖਿਆ ਹੋਇਆ ਸੀ ਅਤੇ ਉਹ ਚੁੰਨੀ ਅਤੇ ਤੌਲੀਆ ਵੀ ਬਰਾਮਦ ਕਰ ਲਿਆ ਜੋ ਵਾਰਦਾਤ ਵਿਚ ਵਰਤਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਪੁੱਛਗਿਛ ਤੋਂ ਬਾਅਦ ਜੋ ਕਹਾਣੀ ਸਾਹਮਣੇ ਆਈ ਉਹ ਇਸ ਤਰ੍ਹਾਂ ਹੈ। ਕੁਲਦੀਪ ਆਮ ਕਰ ਕੇ ਸ਼ਰਾਬ ਪੀਂਦਾ ਸੀ। ਸ਼ਰਾਬ ਦੇ ਨਸ਼ੇ ਵਿਚ ਉਹ ਗੀਤਾ ਅਤੇ ਸੁਦਿਕਸ਼ਾ ਨਾਲ ਕੁੱਟ-ਮਾਰ ਕਰਦਾ ਸੀ। ਕੁਲਦੀਪ ਨੂੰ ਆਪਣੀ ਬੇਟੀ ਦੇ ਤੇਜਪਾਲ ਨਾਲ ਪ੍ਰੇਮ ਸਬੰਧਾਂ ਤੋਂ ਵੀ ਇਤਰਾਜ਼ ਸੀ। ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਬੇਟੀ ਤੇਜਪਾਲ ਨਾਲ ਮੇਲ-ਜੋਲ ਰੱਖੇ। ਉਸ ਨੇ ਕਈ ਵਾਰ ਉਸ ਨੂੰ ਮੋਬਾਇਲ ’ਤੇ ਗੱਲ ਕਰਦੇ ਹੋਏ ਵੀ ਫਡ਼ ਲਿਆ ਸੀ। ਇਕ ਵਾਰ ਤਾਂ ਤੈਸ਼ ਵਿਚ ਆ ਕੇ ਉਸ ਨੇ ਆਪਣੀ ਬੇਟੀ ਦਾ ਮੋਬਾਇਲ ਵੀ ਤੋਡ਼ ਦਿੱਤਾ ਸੀ, ਜਦੋਂਕਿ ਗੀਤਾ ਇਸ ਸਭ ਵਿਚ ਆਪਣੀ ਬੇਟੀ ਦਾ ਸਾਥ ਦੇ ਰਹੀ ਸੀ।
ਇਸ ਦੌਰਾਨ ਸੁਦਿਕਸ਼ਾ ਨੇ ਪਿਤਾ ਸਬੰਧੀ ਮਾਤਾ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਸ ਦਾ ਸ਼ਰਾਬੀ ਬਾਪ ਉਸ ’ਤੇ ਬੁਰੀ ਨਜ਼ਰ ਰੱਖਦਾ ਹੈ। ਪਹਿਲਾਂ ਹੀ ਕੁੱਟ-ਮਾਰ ਦਾ ਸ਼ਿਕਾਰ ਹੋ ਰਹੀ ਗੀਤਾ ਨੇ ਉਸ ਦੀਆਂ ਗੱਲਾਂ ’ਤੇ ਯਕੀਨ ਕਰ ਲਿਆ ਅਤੇ ਆਪਣੇ ਪਤੀ ਦੇ ਕਤਲ ਦੀ ਸਾਜ਼ਿਸ਼ ਰਚ ਦਿੱਤੀ।
19 ਜੁਲਾਈ ਦੀ ਰਾਤ ਚੁਣੀ
ਕਮਿਸ਼ਨਰ ਨੇ ਦੱਸਿਆ ਕਿ ਕੁਲਦੀਪ ਨੂੰ ਟਿਕਾਣੇ ਲਾਉਣ ਅਤੇ ਕੇਸ ਨੂੰ ਲੁੱਟ-ਖੋਹ ਦੀ ਰੰਗਤ ਦੇਣ ਲਈ 19 ਜੁਲਾਈ ਦੀ ਰਾਤ ਚੁਣੀ ਗਈ। ਇਸ ਦੌਰਾਨ ਤਰੁਣ ਨੇ ਸੁਦਿਕਸ਼ਾ ਨੂੰ ਫੋਨ ਕਰ ਕੇ ਨਿਰਦੇਸ਼ ਦਿੱਤਾ ਕਿ ਰਾਤ ਨੂੰ ਸਾਗਰ ਨੂੰ ਫੋਨ ਆਵੇਗਾ। ਉਸ ਦਾ ਫੋਨ ਜ਼ਰੂਰ ਚੁੱਕ ਲੈਣਾ। ਰਾਤ 10 ਵਜੇ ਸਾਗਰ ਨੇ ਸੁਦਿਕਸ਼ਾ ਨੂੰ ਫੋਨ ਕਰ ਕੇ ਦੱਸਿਆ ਕਿ ਉਹ ਚੰਡੀਗਡ਼੍ਹ ਤੋਂ ਲੁਧਿਆਣਾ ਦੇ ਫੀਲਡਗੰਜ ਇਲਾਕੇ ਵਿਚ ਪੁੱਜ ਗਏ ਹਨ ਅਤੇ 2 ਘੰਟੇ ਵਿਚ ਉਸ ਦੇ ਘਰ ਪੁੱਜ ਜਾਵੇਗਾ। ਇਸੇ ਦੌਰਾਨ ਸਾਗਰ ਨੇ ਆਪਣੀ ਪ੍ਰੇਮਿਕਾ ਨੂੰ ਇਕ ਹੋਟਲ ਵਿਚ ਠਹਿਰਾਇਆ ਅਤੇ ਆਪਣੇ 4 ਸਾਥੀਆਂ ਦੇ ਨਾਲ ਇਕ ਐਕਟਿਵਾ ਅਤੇ ਮੋਟਰਸਾਈਕਲ ’ਤੇ ਨਿਕਲ ਪਿਆ। ਇਸੇ ਦੌਰਾਨ ਉਸ ਨੇ ਸੁਦਿਕਸ਼ਾ ਨਾਲ ਕਈ ਵਾਰ ਫੋਨ ’ਤੇ ਗੱਲ ਕੀਤੀ।
ਰਾਤ ਕਰੀਬ 2.30 ਵਜੇ ਸਾਗਰ ਨੇ ਫੋਨ ’ਤੇ ਦੱਸਿਆ ਕਿ ਉਹ ਹੈਬੋਵਾਲ ਇਲਾਕੇ ਵਿਚ ਪੁੱਜ ਗਏ। ਇਸ ’ਤੇ ਗੀਤਾ ਨੇ ਆਪਣੇ ਘਰ ਦਾ ਰਸਤਾ ਅਤੇ ਨਿਸ਼ਾਨੀ ਉਸ ਨੂੰ ਸਮਝਾ ਦਿੱਤੀ। ਗੀਤਾ ਨੇ ਯੋਜਨਾ ਦੇ ਤਹਿਤ ਘਰ ਦਾ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਅਤੇ ਕਰੀਬ 3 ਵਜੇ ਪੰਜ ਵਿਅਕਤੀ ਉਸ ਦੇ ਘਰ ਪੁੱਜ ਗਏ। ਪਹਿਲਾਂ ਚਾਰ ਵਿਅਕਤੀ ਘਰ ਦੇ ਅੰਦਰ ਦਾਖਲ ਹੋਏ, ਜਦੋਂਕਿ ਪੰਜਵਾਂ ਐਕਟਿਵਾ ਤੋਂ ਤੇਜ਼ਧਾਰ ਹਥਿਆਰ ਦਾਤ ਕੱਢ ਕੇ ਲਿਆਇਆ।
ਉਸ ਸਮੇਂ ਕੁਲਦੀਪ ਬੈੱਡ ’ਤੇ ਸੌਂ ਰਿਹਾ ਸੀ। ਪੰਜਾਂ ਨੇ ਉਸ ਨੂੰ ਬੈੱਡ ’ਤੇ ਹੀ ਦਬੋਚ ਲਿਆ। ਪਹਿਲਾਂ ਇਨ੍ਹਾਂ ਨੇ ਸੋਫੇ ’ਤੇ ਪਏ ਤੌਲੀਏ ਅਤੇ ਚੁੰਨੀ ਨਾਲ ਉਸ ਦਾ ਗਲਾ ਦਬਾ ਦਿੱਤਾ ਅਤੇ ਫਿਰ ਦਾਤ ਨਾਲ ਵਾਰ ਕਰ ਕੇ ਉਸ ਦਾ ਗਲਾ ਵੱਢ ਦਿੱਤਾ। ਇਸ ਤੋਂ ਬਾਅਦ ਤੈਅ ਕੀਤੇ ਗਏ 2.50 ਰੁਪੲੇ ਤੇ ਘਰ ਵਿਚ ਪੲੇ ਕੁਲਦੀਪ ਦੇ 2 ਮੋਬਾਇਲ, ਇਕ ਪਰਸ ਅਤੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਇਸ ਤੋਂ ਠੀਕ 2 ਘੰਟੇ ਬਾਅਦ ਸਵੇਰ 5 ਵਜੇ ਮਾਂ-ਬੇਟੀ ਨੇ ਕਤਲ ਅਤੇ ਲੁੱਟ-ਖੋਹ ਦਾ ਰੌਲਾ ਪਾ ਕੇ ਆਂਢ-ਗੁਆਂਢ ਦੇ ਲੋਕਾਂ ਨੂੰ ਜਗਾਇਆ।
ਵਾਰਦਾਤ ਨੂੰ ਅੰਜਾਮ ਦੇਣ ਲਈ 3 ਮਹੀਨਿਅਾਂ ਤੋਂ ਬਣਾ ਰਹੇ ਸੀ ਯੋਜਨਾ
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸੁਦਿਕਸ਼ਾ ਨਿੱਜੀ ਤੌਰ ’ਤੇ ਬੀ. ਏ. ਕਰ ਰਹੀ ਹੈ। ਕੁਲਦੀਪ ਨੂੰ ਰਸਤੇ ਤੋਂ ਹਟਾਉਣ ਲਈ ਗੀਤਾ ਨੇ ਤੇਜਪਾਲ ਨਾਲ ਗੱਲ ਕੀਤੀ। ਤਿੰਨਾਂ ਨੇ ਮਿਲ ਕੇ 3 ਮਹੀਨੇ ਪਹਿਲਾਂ ਯੋਜਨਾ ਤਿਆਰ ਕੀਤੀ। ਕੁਲਦੀਪ ਨੂੰ ਮਾਰਨ ਲਈ ਪਹਿਲਾਂ ਤੇਜਪਾਲ ਨੇ ਬੀਡ਼ਾ ਚੁੱਕਿਆ। ਉਹ ਪਿਛਲੇ ਮਹੀਨੇ ਦੀ 18 ਤਰੀਕ ਨੂੰ ਪੂਰੀ ਤਿਆਰੀ ਨਾਲ ਆਇਆ ਪਰ ਮੌਕੇ ’ਤੇ ਉਸ ਦੀ ਹਿੰਮਤ ਜਵਾਬ ਦੇ ਗਈ। ਜਿਸ ਕਾਰਨ ਇਨ੍ਹਾਂ ਦੀ ਸਾਰੀ ਯੋਜਨਾ ਧਰੀ-ਧਰਾਈ ਰਹਿ ਗਈ।
ਕਮਿਸ਼ਨਰ ਗਿੱਲ ਨੇ ਦੱਸਿਆ ਕਿ ਇਕ ਵਾਰ ਯੋਜਨਾ ਦੇ ਨਾਕਾਮ ਰਹਿਣ ’ਤੇ ਤੇਜਪਾਲ ਰਾਹੀਂ ਗੀਤਾ ਅਤੇ ਸੁਦਿਕਸ਼ਾ ਨੇ ਉਸ ਦੇ ਦੋਸਤ ਖਤਰਨਾਕ ਬਦਮਾਸ਼ ਸਾਗਰ ਸੂਦ ਉਰਫ ਨਿਊਟਨ ਨਾਲ ਮਿਲ ਕੇ ਕੁਲਦੀਪ ਨੂੰ ਕਤਲ ਕਰਨ ਲਈ 2.50 ਲੱਖ ਰੁਪਏ ਵਿਚ ਹਾਇਰ ਕੀਤਾ, ਜੋ ਕਿ ਐੱਲ.ਆਈ.ਜੇ. ਫਲੈਟ ਫੇਜ਼-3 ਦਾ ਰਹਿਣ ਵਾਲਾ ਹੈ ਅਤੇ ਉਸ ’ਤੇ ਲੁਧਿਆਣਾ ਦੇ ਸਰਾਭਾ ਨਗਰ ਅਤੇ ਥਾਣਾ ਡਵੀਜ਼ਨ ਨੰ. 6 ਵਿਚ ਕਤਲ ਦਾ ਯਤਨ, ਚੋਰੀ ਅਤੇ ਹੋਰ ਸੰਗੀਨ ਧਾਰਾਵਾਂ ਵਿਚ 4 ਕੇਸ ਦਰਜ ਹਨ। ਸਾਗਰ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਹੋ ਗਿਆ ਅਤੇ ਪੂਰੀ ਯੋਜਨਾ ਤਿਆਰ ਕੀਤੀ ਕਿ ਸੱਪ ਵੀ ਮਰ ਜਾਵੇ ਅਤੇ ਲਾਠੀ ਵੀ ਨਾ ਟੁੱਟੇ।