ਕੋਰੋਨਾ ਕੇਸ ਵਧਣ ਲਈ ਲੋਕਾਂ ਦੇ ਨਾਲ ਸਿਹਤ ਵਿਭਾਗ ਵੀ ਜ਼ਿੰਮੇਵਾਰ, ਜਾਗਰੂਕਤਾ ਪ੍ਰੋਗਰਾਮ ਹੋਏ ਬੰਦ
Friday, Nov 13, 2020 - 01:44 AM (IST)
ਲੁਧਿਆਣਾ,(ਸਹਿਗਲ)- ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਹੋ ਰਹੇ ਵਾਧੇ ਲਈ ਜਿੱਥੇ ਅਜਿਹੇ ਲੋਕ ਜ਼ਿੰਮੇਵਾਰ ਹਨ ਜੋ ਕੋਰੋਨਾ ਵਾਇਰਸ ਨਿਯਮਾਂ ਦੀ ਪਾਲਣ ਨਹੀਂ ਕਰ ਰਹੇ, ਸਗੋਂ ਆਪਣੇ ਲਈ ਬੀਮਾਰ ਹੋਣ ਦਾ ਜ਼ੋਖਿਮ ਵਧਾਉਣ ਤੋਂ ਇਲਾਵਾ ਦੂਜਿਆਂ ਨੂੰ ਵੀ ਬੀਮਾਰ ਕਰ ਰਹੇ ਹਨ। ਜਦੋਂਕਿ ਸਿਹਤ ਵਿਭਾਗ ਵੀ ਸੈਂਪਲਿੰਗ ਕਰਨ ਦੀ ਬਜਾਏ ਮਰੀਜ਼ਾਂ ਦੀ ਗਿਣਤੀ ਘੱਟ ਦਿਖਾਉਣ ਲਈ ਕਈ ਤਰ੍ਹਾਂ ਦੇ ਢਕਵੰਜ ਰਚ ਰਿਹਾ ਹੈ ਤਾਂ ਕਿ ਸਰਕਾਰ ਦੀ ਨਜ਼ਰ ਵਿਚ ਉਨ੍ਹਾਂ ਦੀ ਬਿਹਤਰ ਕਾਰਗੁਜ਼ਾਰੀ ਨਜ਼ਰ ਆਵੇ ਅਤੇ ਜਦੋਂ ਬੀਮਾਰੀ ਵਧ ਜਾਵੇ ਤਾਂ ਉਸ ਦਾ ਠੀਕਰਾ ਲੋਕਾਂ ਸਿਰ ਹੀ ਭੰਨ ਦਿੱਤਾ ਜਾਵੇ। ਅਜਿਹੇ ਹੀ ਅੰਕੜਿਆਂ ਵਿਚ ਉਲਟਫੇਰ ਡੇਂਗੂ ਦੇ ਕੇਸਾਂ ਵਿਚ ਵੀ ਕੀਤੇ ਜਾਂਦੇ ਹਨ।
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ, ਡੇਂਗੂ ਅਤੇ ਹੋਰ ਬੀਮਾਰੀਆਂ ਸਬੰਧੀ ਜਾਗਰੂਕ ਕਰਨ ਲਈ ਚਲਾਏ ਜਾਣ ਵਾਲੇ ਪ੍ਰੋਗਰਾਮ ਬੰਦ ਕਰ ਦਿੱਤੇ ਗਏ ਹਨ ਅਤੇ ਇਹ ਦਰਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਦੇ ਕੇਸ ਕਾਫੀ ਘੱਟ ਹੋ ਗਏ ਹਨ ਅਤੇ ਆਉਣ ਵਾਲੇ ਦੋ-ਚਾਰ ਦਿਨਾਂ ਵਿਚ ਹੀ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।
3 ਮਰੀਜ਼ਾਂ ਦੀ ਮੌਤ, 105 ਪਾਜ਼ੇਟਿਵ
ਕੋਰੋਨਾ ਵਾਇਰਸ ਦੇ ਚੱਲ ਰਹੇ ਕਹਿਰ ਦੌਰਾਨ ਪਿਛਲੇ 24 ਘੰਟਿਆਂ ’ਚ ਜ਼ਿਲੇ ਦੇ ਹਸਪਤਾਲਾਂ ’ਚ 3 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 105 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 105 ਮਰੀਜ਼ਾਂ ਵਿਚੋਂ 88 ਮਰੀਜ਼ ਜ਼ਿਲੇ ਦੇ ਰਹਿਣ ਵਾਲੇ, ਜਦੋਂਕਿ 17 ਦੂਜੇ ਜ਼ਿਲਿਆਂ ਦੇ ਸਨ। ਜਿਨ੍ਹਾਂ 3 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚੋਂ 2 ਸਥਾਨਕ ਇਲਾਕਿਆਂ, ਜਦੋਂਕਿ ਇਕ ਮਰੀਜ਼ ਹਰਿਆਣਾ ਦਾ ਰਹਿਣ ਵਾਲਾ ਸੀ। ਜ਼ਿਲੇ ਵਿਚ 2 ਮ੍ਰਿਤਕ ਮਰੀਜ਼ਾਂ ਵਿਚ ਇਕ ਸ਼ਿਮਲਾਪੁਰੀ ਦਾ ਰਹਿਣ ਵਾਲਾ 72 ਸਾਲਾ ਪੁਰਸ਼ ਸੀ, ਜੋ ਸਿਵਲ ਹਸਪਤਾਲ ਵਿਚ ਦਾਖਲ ਸੀ, ਜਦੋਂਕਿ ਦੂਜਾ ਮਰੀਜ਼ 60 ਸਾਲਾ ਔਰਤ ਬਸਤੀ ਜੋਧੇਵਾਲ ਦੀ ਰਹਿਣ ਵਾਲੀ ਸੀ ਅਤੇ ਡੀ. ਐੱਮ. ਸੀ. ਵਿਚ ਦਾਖਲ ਸੀ। ਜ਼ਿਲੇ ਵਿਚ ਹੁਣ ਤੱਕ 21107 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚ 858 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਤੋਂ ਇਲਾਵਾ 2942 ਪਾਜ਼ੇਟਿਵ ਮਰੀਜ਼ ਦੂਜੇ ਸ਼ਹਿਰਾਂ ਦੇ ਰਹਿਣ ਵਾਲੇ ਸਨ। ਇਨ੍ਹਾਂ ’ਚੋਂ 345 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀ ਮੁਤਾਬਕ 497 ਪਾਜ਼ੇਟਿਵ ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ, ਜਦੋਂਕਿ 1232 ਪਾਜ਼ੇਟਿਵ ਮਰੀਜ਼ ਹੋਮ ਕੁਆਰੰਟਾਈਨ ’ਚ ਭੇਜੇ ਗਏ ਹਨ। ਸਿਵਲ ਸਰਜਨ ਮੁਤਾਬਕ ਜ਼ਿਲੇ ਵਿਚ 675 ਐਕਟਿਵ ਮਰੀਜ਼ ਹਨ, ਜਦੋਂਕਿ 78 ਐਕਟਿਵ ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ। ਅੱਜ ਸਾਹਮਣੇ ਆਏ ਮਰੀਜ਼ਾਂ ’ਚ 20 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ, ਜਦੋਂਕਿ 56 ਮਰੀਜ਼ ਓ. ਪੀ. ਡੀ. ਅਤੇ ਫਲੂ ਕਾਰਨਰ ਵਿਚ ਸਾਹਮਣੇ ਆਏ। ਇਨ੍ਹਾਂ ਮਰੀਜ਼ਾਂ ਵਿਚ 1 ਪੁਲਸ ਮੁਲਾਜ਼ਮ ਵੀ ਸ਼ਾਮਲ ਹੈ।
2056 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਜ਼ਿਲਾ ਸਿਹਤ ਵਿਭਾਗ ਨੇ ਅੱਜ 2056 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਮਰੀਜ਼ਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਸੈਂਪਲਾਂ ਦੀ ਰਿਪੋਰਟ ਆਉਣ ’ਚ ਕਾਫੀ ਦੇਰ ਹੋ ਰਹੀ ਹੈ। ਅੱਜ ਵੀ ਪਿਛਲੇ 1999 ਸੈਂਪਲ ਪੈਂਡਿੰਗ ਦੱਸੇ ਜਾਂਦੇ ਹਨ।
82 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ
ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ 82 ਪਾਜ਼ੇਟਿਵ ਮਰੀਜ਼ਾਂ ਨੂੰ ਸਕ੍ਰੀਨਿੰਗ ਉਪਰੰਤ ਹੋਮ ਕੁਆਰੰਨਾਈਨ ਵਿਚ ਭੇਜਿਆ ਹੈ। ਹੁਣ ਤੱਕ 48011 ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਜਾ ਚੁੱਕਾ ਹੈ।
ਹੋਮ ਕੁਆਰੰਟਾਈਨ ਮਰੀਜ਼ਾਂ ਨੂੰ ਨਹੀਂ ਕੀਤਾ ਜਾਂਦਾ ਸੂਚੀ ’ਚ ਸ਼ਾਮਲ
ਸਿਹਤ ਵਿਭਾਗ ਵੱਲੋਂ ਹੋਮ ਕੁਆਰੰਟਾਈਨ ਜਾਂ ਹੋਮ ਆਈਸੋਲੇਸ਼ਨ ਵਿਚ ਭੇਜੇ ਜਾਣ ਵਾਲੇ ਮਰੀਜ਼ਾਂ ਨੂੰ ਮੁੱਖ ਮਰੀਜ਼ਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ, ਨਾ ਹੀ ਉਨ੍ਹਾਂ ਦੀ ਗਿਣਤੀ ਐਕਟਿਵ ਮਰੀਜ਼ਾਂ ਵਿਚ ਜੋੜੀ ਜਾਂਦੀ ਹੈ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਇਹ ਸਭ ਮਰੀਜ਼ਾਂ ਦੀ ਗਿਣਤੀ ਘੱਟ ਕਰ ਕੇ ਦਿਖਾਉਣ ਲਈ ਯਤਨ ਹਨ। ਅਜਿਹੀ ਹੀ ਉਦਾਹਰਣ ਸੈਂਪਲਿੰਗ ਦੀ ਗਿਣਤੀ ਵਿਚ ਕਮੀ ਤੋਂ ਦੇਖਿਆ ਜਾ ਸਕਦਾ ਹੈ।
ਕੋਰੋਨਾ ਅਪਡੇਟ
ਕੁੱਲ ਕੇਸ : 21107
ਐਕਟਿਵ ਕੇਸ : 675
ਠੀਕ ਹੋਏ ਮਰੀਜ਼ : 19628
ਮੌਤਾਂ : 858