ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ 'ਦਿ ਗ੍ਰੇਟ ਖਲੀ'
Sunday, Nov 17, 2024 - 05:54 AM (IST)
ਅੰਮ੍ਰਿਤਸਰ, (ਸਰਬਜੀਤ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ ਉਥੇ ਹੀ ਸ਼ਨੀਵਾਰ ਨੂੰ ਪ੍ਰਸਿੱਧ ਰੈਸਲਰ ਦਲੀਪ ਸਿੰਘ ਰਾਣਾ (ਦਿ ਗਰੇਟ ਖਲੀ) ਨੇ ਗੁਰੂ ਘਰ ਵਿਖੇ ਮੱਥਾ ਟੇਕਿਆ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਇੱਕ ਆਮ ਸ਼ਰਧਾਲੂ ਵਾਂਗ ਲਾਈਨ ਵਿੱਚ ਲੱਗ ਸੱਚਖੰਡ ਵਿਖੇ ਮੱਥਾ ਟੇਕ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਉਥੇ ਹੀ ਉਨ੍ਹਾਂ ਦੇ ਨਾਲ ਪੰਜਾਬੀ ਫਿਲਮ ਦੀ ਸਟਾਰਕਾਸਟ ਵੀ ਮੌਜੂਦ ਰਹੀ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲੀਪ ਸਿੰਘ ਰਾਣਾ (ਦਿ ਗ੍ਰੇਟ ਖਲੀ) ਨੇ ਦੱਸਿਆ ਕਿ ਉਨ੍ਹਾਂ ਦੀ ਕਾਫੀ ਸਮੇਂ ਤੋਂ ਇੱਛਾ ਸੀ ਉਹ ਗੁਰੂ ਘਰ ਵਿਖੇ ਦਰਸ਼ਨ ਕਰਨ ਲਈ ਆਉਣ ਪਰ ਸਮੇਂ ਦੀ ਘਾਟ ਕਾਰਨ ਉਨ੍ਹਾਂ ਦਾ ਇਹ ਸੁਪਨਾ ਸਤਿਗੁਰੂ ਦੀ ਕਿਰਪਾ ਨਾਲ ਅੱਜ ਪੂਰਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀ ਪਹਿਲੀ ਪੰਜਾਬੀ ਫਿਲਮ ਦੀ ਸਟਾਰਕਾਸਟ ਨਾਲ ਮੱਥਾ ਟੇਕਣ ਗੁਰੂ ਘਰ ਵਿਖੇ ਪਹੁੰਚੇ ਹਨ।
ਦੱਸਣ ਯੋਗ ਹੈ ਕਿ ਦਿ ਗ੍ਰੇਟ ਖਲੀ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ ਜਿਨਾਂ ਨੇ ਕੁਝ ਹੀ ਸਮੇਂ ਵਿੱਚ ਰੈਸਲਿੰਗ ਦੀ ਦੁਨੀਆ ਵਿੱਚ ਬਹੁਤ ਵੱਡਾ ਨਾਮ ਕਮਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਇੱਕ ਸਧਾਰਨ ਪਰਿਵਾਰ ਤੋਂ ਹਨ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਹੀ ਅੱਜ ਉਨ੍ਹਾਂ ਨੂੰ ਇਹ ਸ਼ੋਹਰਤ ਮਿਲੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਪਿਛਲੇ ਸਮੇਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਮੋਸ਼ਨ ਵਾਸਤੇ ਆਉਣ ਵਾਲੀ ਫਿਲਮੀ ਸਟਾਰ ਕਾਸਟ ਨੂੰ ਹੁਕਮ ਦਿੱਤੇ ਸਨ ਕਿ ਉਹ ਆਪਣੀ ਕਿਸੇ ਵੀ ਕੋਈ ਫਿਲਮ ਦੀ ਪ੍ਰਮੋਸ਼ਨ ਇਥੇ ਆ ਕੇ ਨਹੀਂ ਕਰਨਗੇ ਪਰ ਉਸਦੇ ਬਾਵਜੂਦ ਇਹ ਪੰਜਾਬੀ ਫਿਲਮ ਦੀ ਸਟਾਰਕਾਸਟ ਇੱਥੇ ਪਹੁੰਚੀ ਹੈ। ਜਦੋਂ ਇਸ ਫਿਲਮ ਦੀ ਸਟਾਰਕਾਸਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਫਿਲਮ ਦੀ ਪ੍ਰਮੋਸ਼ਨ ਵਾਸਤੇ ਨਹੀਂ ਬਲਕਿ ਗੁਰੂ ਘਰ ਦਾ ਆਸ਼ੀਰਵਾਦ ਲੈਣ ਵਾਸਤੇ ਇਥੇ ਪਹੁੰਚੇ ਹਨ।