ਸਰਕਾਰ ਵੱਲੋਂ ਬਿੱਲ ਨਾ ਤਾਰਨ ਕਾਰਨ ਸੇਵਾ ਕੇਂਦਰ ਹੋਏ ਠੱਪ

Wednesday, Apr 04, 2018 - 01:15 AM (IST)

ਬਟਾਲਾ, (ਬੇਰੀ, ਬਲਜੀਤ)- ਖੁੰਬਾਂ ਵਾਂਗ ਖੁੱਲ੍ਹੇ ਸੇਵਾ ਕੇਂਦਰ ਹੁਣ ਬੰਦ ਹੋਣ ਦੇ ਕੰਢੇ ਆ ਚੁੱਕੇ ਹਨ, ਜਿਸ ਦੀ ਤਾਜ਼ਾ ਮਿਸਾਲ ਬੱਸ ਸਟੈਂਡ ਬਟਾਲਾ ਨੇੜੇ ਖੁੱਲ੍ਹੇ ਸੇਵਾ ਕੇਂਦਰ 'ਚ ਬਿਜਲੀ ਦਾ ਬਿੱਲ ਨਾ ਤਾਰਨ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਦੇਖਿਆ ਗਿਆ। 
ਇਸ ਸਬੰਧੀ ਗੱਲਬਾਤ ਕਰਦਿਆਂ ਜੋਗਾ ਸਿੰਘ, ਨਰਿੰਦਰ ਸਿੰਘ, ਰਣਜੀਤ ਸਿੰਘ, ਪ੍ਰਿਤਪਾਲ ਸਿੰਘ ਆਦਿ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਅਸੀਂ ਜ਼ਰੂਰੀ ਕੰਮ ਲਈ ਬਟਾਲਾ ਵਿਖੇ ਖੁੱਲ੍ਹੇ ਸਾਂਝ ਕੇਂਦਰ 'ਚ ਆਪਣਾ ਬਿਜਲੀ ਦਾ ਬਿੱਲ ਤਾਰਨ ਲਈ ਆ ਰਹੇ ਹਾਂ ਪਰ ਸਾਨੂੰ ਟਾਲ-ਮਟੋਲ ਕਰ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੁਵਿਧਾ ਕੇਂਦਰ 'ਚ ਬੈਠੇ ਇਕ ਮੁਲਾਜ਼ਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਦਾ ਬਿੱਲ ਨਹੀਂ ਤਾਰਿਆ ਗਿਆ ਅਤੇ ਜਦੋਂ ਜਨਰੇਟਰ ਚਲਾਉਣ ਸਬੰਧੀ ਵੀ ਪੁੱਛਿਆ ਗਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ।
ਇਸ ਸਬੰਧੀ ਐੱਸ. ਡੀ. ਈ. ਗੁਰਦੇਵ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਦਾ ਬਿੱਲ ਨਾ ਤਾਰਨ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਸੀਂ ਇਸ ਸਬੰਧੀ ਕਈ ਵਾਰ ਸਰਕਾਰ ਨੂੰ ਬੇਨਤੀ ਵੀ ਕਰ ਚੁੱਕੇ ਹਾਂ। ਜਦੋਂ ਉਨ੍ਹਾਂ ਨੂੰ ਉਕਤ ਸਾਂਝ ਕੇਂਦਰ ਤੋਂ ਇਕ ਕਿਲੋਮੀਟਰ ਦੀ ਦੂਰੀ ਵਾਲੇ ਸੇਵਾ ਕੇਂਦਰ ਬਾਰੇ ਪੁੱਛਿਆ ਤਾਂ ਗੁਰਦੇਵ ਸਿੰਘ ਨੇ ਕਿਹਾ ਕਿ ਉਸਦਾ ਵੀ ਬਿਜਲੀ ਦਾ ਬਿੱਲ ਨਾ ਤਾਰਨ ਕਾਰਨ ਮੀਟਰ ਕੱਟਿਆ ਜਾ ਚੁੱਕਾ ਹੈ।


Related News