ਮਹਾਮਾਰੀ ਦੌਰਾਨ ਫਰੰਟ ਲਾਈਨ ਤੇ ਕੰਮ ਕਰਨ ਵਾਲੀ ਪਰਮਿੰਦਰ ਕੌਰ ਤੇ ਉਸ ਦੇ ਪਰਿਵਾਰ ਦੀ ਸਾਰ ਲਵੇ ਸਰਕਾਰ

Monday, Jun 08, 2020 - 06:52 PM (IST)

ਮਹਾਮਾਰੀ ਦੌਰਾਨ ਫਰੰਟ ਲਾਈਨ ਤੇ ਕੰਮ ਕਰਨ ਵਾਲੀ ਪਰਮਿੰਦਰ ਕੌਰ ਤੇ ਉਸ ਦੇ ਪਰਿਵਾਰ ਦੀ ਸਾਰ ਲਵੇ ਸਰਕਾਰ

ਨਾਭਾ/ਭਾਦਸੋਂ (ਖੁਰਾਣਾ/ਅਵਤਾਰ) - ਦੇਸ਼ ਅੰਦਰ ਦਿਨੋਂ-ਦਿਨ ਕੋਰੋਨਾ ਵਾਇਰਸ ਦੀ ਮਹਾਮਾਰੀ ਆਪਣੇ ਪੈਰ ਪਸਾਰ ਰਹੀ ਹੈ ਅਤੇ ਸਭ ਤੋਂ ਵੱਧ ਪੰਜਾਬ ਵਿਚ ਫਰੰਟ ਲਾਈਨ 'ਤੇ ਡਿਊਟੀ ਨਿਭਾਉਣ ਵਾਲੇ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਪ੍ਰਭਾਵਿਤ ਹੋ ਰਹੇ ਹਨ। ਬੀਤੇ ਕੁਝ ਦਿਨ  ਪਹਿਲਾ ਨਾਭਾ ਬਲਾਕ ਦੇ ਪਿੰਡ ਮਟੋਰੜਾ ਦੀ ਰਹਿਣ ਵਾਲੀ ਆਸ਼ਾ ਵਰਕਰ ਪਰਮਿੰਦਰ ਕੌਰ ਡਿਊਟੀ ਦੇ ਦੌਰਾਨ ਕੋਰੋਨਾ ਪਾਜ਼ੀਟਿਵ ਪਾਈ ਗਈ ਅਤੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਆਈਸੋਲੇਸਨ ਵਾਰਡ ਵਿਚ ਸ਼ਿਫਟ ਕੀਤਾ ਗਿਆ ਸੀ।

ਪਰ ਇਹ ਘਟਨਾ ਬੀਤੇ 01 ਜੂਨ ਦੀ ਹੈ। ਅੱਜ ਨਾਭਾ ਵਿਖੇ ਪੀੜਤ ਆਸ਼ਾ ਵਰਕਰ ਪਰਮਿੰਦਰ ਕੌਰ ਦੇ ਭਰਾ ਰਾਜਿੰਦਰ ਸਿੰਘ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੇਰਾ ਭਣੋਈਆ ਲੇਬਰ ਦਾ ਕੰਮ ਕਰਦਾ ਹੈ ਅਤੇ ਮੇਰੀ ਭੈਣ ਪਰਮਿੰਦਰ ਕੌਰ ਬਤੌਰ ਆਸ਼ਾ ਵਰਕਰ ਆਪਣੀ ਸੇਵਾਵਾਂ ਨਿਭਾ ਰਹੇ ਹਨ। ਜੋ ਕਿ ਹੁਣ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਜ਼ੇਰੇ ਇਲਾਜ ਹਨ। ਇਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਸਿਰਫ ਇਨ੍ਹਾਂ ਦੋਵਾਂ ਦੇ ਸਹਾਰੇ ਹੀ ਸੀ। ਹੁਣ ਇਨ੍ਹਾਂ ਦੇ ਪਤੀ ਅਤੇ ਇਨ੍ਹਾਂ ਦੇ ਦੋ ਬੱਚਿਆਂ ਨੂੰ ਘਰ ਦੇ ਵਿਚ ਹੀ ਇਕਾਂਤਵਾਸ ਕੀਤਾ ਹੋਇਆ ਹੈ। ਜਿਸ ਕਰਕੇ ਆਸ਼ਾ ਵਰਕਰ ਦਾ ਪਤੀ ਕੰਮਕਾਰ ਨਹੀਂ ਕਰ ਰਿਹਾ। ਜਿਸ ਦੌਰਾਨ ਪੀੜਤ ਆਸ਼ਾ ਵਰਕਰ ਪਰਮਿੰਦਰ ਕੌਰ ਦੇ ਭਰਾ ਰਾਜਿੰਦਰ ਸਿੰਘ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਦੇ ਪਰਿਵਾਰ ਨੂੰ ਸਰਕਾਰ ਕੋਈ ਮਾਲੀ ਮਦਦ ਮੁਹੱਈਆ ਕਰਵਾਵੇ ਤਾਂ ਜੋ ਕਿ ਇਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਇਸ ਮੌਕੇ ਆਸ਼ਾ ਵਰਕਰ ਪਰਮਿੰਦਰ ਕੌਰ ਦੇ ਭਰਾ ਰਾਜਿੰਦਰ ਸਿੰਘ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਕੋਰੋਨਾ ਪੀੜਤ ਆਸ਼ਾ ਵਰਕਰ ਪਰਮਿੰਦਰ ਕੌਰ ਦੀ ਆਰਥਿਕ ਮਦਦ ਸਬੰਧੀ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਤੇ ਭਗਵੰਤ ਸਿੰਘ ਰਾਮਗੜੀਆ, ਹਰਦੇਵ ਸਿੰਘ ਜੰਡੂ, ਤੇ ਨਿਰਮਲ ਸਿੰਘ ਮੌਜੂਦ ਸਨ।


author

Harinder Kaur

Content Editor

Related News