ਜਾਨ ਦਾ ਖੌਅ ਬਣੇ ਅਵਾਰਾ ਪਸ਼ੂ, ਗਊ ਸੈੱਸ ਵਸੂਲਣ ਦੇ ਬਾਵਜੂਦ ਸਰਕਾਰ ਨਾਕਾਮ
Thursday, Aug 13, 2020 - 06:04 PM (IST)
ਬੁਢਲਾਡਾ(ਮਨਜੀਤ) — ਸ਼ਹਿਰ ਦੀ ਸੰਸਥਾ ਨਗਰ ਸੁਧਾਰ ਸਭਾ ਬੁਢਲਾਡਾ ਨੇ ਕਿਹਾ ਕਿ ਅਵਾਰਾ ਗਊਆਂ, ਢੱਠਿਆਂ ਕਾਰਨ ਸ਼ਹਿਰ ਦੇ ਲੋਕ ਬਹੁਤ ਦੁਖੀ ਹਨ। ਇਨ੍ਹਾਂ ਅਵਾਰਾਂ ਵਸ਼ੂਆਂ ਕਾਰਨ ਕਈ ਵਿਅਕਤੀਆਂ ਦੀ ਜਾਨਾਂ ਤੱਕ ਜਾ ਚੁੱਕੀਆਂ ਹਨ। ਸਿਰਫ ਇੰਨਾ ਹੀ ਨਹੀਂ ਬਹੁਤ ਸਾਰੇ ਵਿਅਕਤੀ ਜਖ਼ਮੀ ਹੋਏ ਅਤੇ ਵਾਹਨਾਂ ਦਾ ਨੁਕਸਾਨ ਹੋਣਾ ਤਾਂ ਨਿੱਤ ਦਾ ਵਰਤਾਰਾ ਹੈ। ਸੰਸਥਾ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੁਰਜ਼ੋਰ ਮੰਗ ਕੀਤੀ ਹੈ ਕਿ ਅਵਾਰਾ ਪਸ਼ੂਆਂ ਦੀ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।
ਨਗਰ ਸੁਧਾਰ ਸਭਾ ਬੁਢਲਾਡਾ ਦੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ ਅਤੇ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਅੱਜ ਇਥੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਲੋਕਾਂ ਵਲੋਂ ਬਿਜਲੀ ਬਿੱਲਾਂ 'ਤੇ ਲੱਖਾਂ-ਕਰੋੜਾਂ ਰੁਪਏ ਗਊ ਸੈੱਸ ਦੇਣ ਦੇ ਬਾਵਜੂਦ ਜਨਤਾ ਨੂੰ ਕੋਈ ਰਾਹਤ ਨਹੀਂ ਮਿਲੀ ਅਤੇ ਨਾ ਹੀ ਗਊ ਸੈੱਸ ਦੀ ਰਾਸ਼ੀ ਗਊਸ਼ਾਲਾਵਾਂ ਨੂੰ ਜਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂ ਝੁੰਡਾਂ ਦੇ ਰੂਪ ਵਿਚ ਸ਼ਹਿਰ ਦੀਆਂ ਮੁੱਖ ਥਾਵਾਂ ਜਿਵੇਂ ਰੇਲਵੇ ਰੋਡ, ਚੌੜੀ ਗਲੀ, ਅਨਾਜ ਮੰਡੀ ਆਦਿ ਵਿਚ ਘੁੰਮਦੇ-ਫਿਰਦੇ ਰਹਿੰਦੇ ਹਨ। ਸ਼ਹਿਰੀਆਂ ਖਾਸ ਕਰਕੇ ਬਜ਼ੁਰਗਾਂ, ਔਰਤਾਂ, ਬੱਚਿਆਂ ਲਈ ਹਮੇਸ਼ਾ ਜਾਨ ਦਾ ਖੌਅ ਬਣਿਆ ਰਹਿੰਦਾ ਹੈ।
ਉਕਤ ਆਗੂਆਂ ਨੇ ਕਿਹਾ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸਗੋਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੋਵੇ।