ਰਜਿਸਟਰੀ ਦਫ਼ਤਰ ਤੇ ਤਹਿਸੀਲਾਂ ’ਚ ਜਾਅਲੀ ਦਸਤਾਵੇਜ਼ ਬਣਾਉਣ ਵਾਲਾ ਗੈਂਗ ਸਰਗਰਮ, ਪੜ੍ਹੋ ਪੂਰੀ ਖ਼ਬਰ

Monday, Feb 26, 2024 - 06:12 PM (IST)

ਰਜਿਸਟਰੀ ਦਫ਼ਤਰ ਤੇ ਤਹਿਸੀਲਾਂ ’ਚ ਜਾਅਲੀ ਦਸਤਾਵੇਜ਼ ਬਣਾਉਣ ਵਾਲਾ ਗੈਂਗ ਸਰਗਰਮ, ਪੜ੍ਹੋ ਪੂਰੀ ਖ਼ਬਰ

ਅੰਮ੍ਰਿਤਸਰ (ਨੀਰਜ)- ਜ਼ਿਲ੍ਹਾ ਅੰਮ੍ਰਿਤਸਰ ਦੇ ਰਜਿਸਟਰੀ ਦਫਤਰ-1, ਰਜਿਸਟਰੀ ਦਫਤਰ-2, ਰਜਿਸਟਰੀ ਦਫਤਰ-3 ਤੇ ਸਬ ਤਹਿਸੀਲਾਂ ’ਚ ਦਰਜਨਾਂ ਦੀ ਗਿਣਤੀ ’ਚ ਜਾਅਲੀ ਐੱਨ. ਓ. ਸੀਜ਼, ਜਾਅਲੀ ਪਾਵਰ ਆਫ ਅਟਾਰਨੀ ਅਤੇ ਜਾਅਲੀ ਰਜਿਸਟਰੀਆਂ, ਜਿਸ ’ਚ ਮੁੱਖ ਰੂਪ ਤੌਰ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਅੰਬੈਸਡਰ ਰਚਿਤਾ ਭੰਡਾਰੀ ਦੀ 588 ਗਜ ਜ਼ਮੀਨ ਦੀ ਰਜਿਸਟਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਸਾਬਤ ਹੋ ਚੁੱਕਾ ਹੈ ਕਿ ਰਜਿਸਟਰੀ ਦਫਤਰ ਤੇ ਤਹਿਸੀਲਾਂ ’ਚ ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲਾ ਗੈਂਗ ਸਰਗਰਮ ਹੈ।

ਇਹ ਗੈਂਗ ਲੈਂਡ ਮਾਫੀਆ ਦੀ ਮਦਦ ਕਰਦਾ ਹੈ ਅਤੇ ਆਮ ਲੋਕਾਂ ਨੂੰ ਵੀ ਐੱਨ. ਓ. ਸੀ. ਅਤੇ ਹੋਰ ਦਸਤਾਵੇਜ਼ ਬਣਾਉਣ ਦਾ ਲਾਲਚ ਦੇ ਕੇ ਆਪਣੇ ਝਾਂਸੇ ’ਚ ਫਸਾਉਂਦਾ ਹੈ। ਨਕਲੀ ਦਸਤਾਵੇਜ਼ ਬਣਾਉਣ ਵਾਲੇ ਗੈਂਗ ਦੀ ਪਕੜ ਸਰਕਾਰੀ ਵਿਭਾਗਾਂ ’ਚ ਕਾਫੀ ਅੰਦਰ ਤਕ ਹੈ। ਇਸ ਦਾ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਹੁਣ ਦੋ ਦਿਨ ਪਹਿਲਾਂ ਹੀ ਡੀ. ਸੀ. ਘਣਸ਼ਾਮ ਥੋਰੀ ਦੇ ਹੁਕਮ ਅਨੁਸਾਰ ਰਜਿਸਟਰੀ ਦਫਤਰ, ਤਹਿਸੀਲ ਤੇ ਐੱਸ. ਡੀ. ਐੱਮ. ਦਫਤਰ ਦੇ ਬਾਹਰ ਲਾਏ ਗਏ ਇਕ ਲੋੜੀਂਦੇ ਪਰਿਵਾਰ ਦੇ ਪੋਸਟਰ ਪਾੜ ਦਿੱਤੇ ਗਏ।

ਇਹ ਵੀ ਪੜ੍ਹੋ : ਡਿਊਟੀ ਦੌਰਾਨ ਥਾਣੇ 'ਚ ਸ਼ਰਾਬ ਪੀਣ ਵਾਲੇ ਸਬ-ਇੰਸਪੈਕਟਰ 'ਤੇ ਵੱਡੀ ਕਾਰਵਾਈ, ਵੀਡੀਓ ਹੋਈ ਵਾਇਰਲ

ਜਾਣਕਾਰੀ ਅਨੁਸਾਰ ਰਜਿਸਟਰੀ ਦਫਤਰ-1 ਤੋਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਨੂੰ ਜਾਣ ਵਾਲੇ ਰਸਤੇ ਵਿਚ ਲਾਏ ਪੋਸਟਰ ਅਤੇ ਐੱਸ. ਡੀ. ਐੱਮ. -2 ਦੇ ਪੁਰਾਣੇ ਦਫ਼ਤਰ ’ਚ ਲਾਏ ਗਏ ਪੋਸਟਰ ਪਾੜੇ ਗਏ ਹਨ। ਜਦੋਂਕਿ ਇਨ੍ਹਾਂ ਦਫ਼ਤਰਾਂ ’ਚ ਸੀ. ਸੀ. ਟੀ. ਵੀ. ਕੈਮਰੇ ਵੀ ਲੱਗੇ ਹੋਏ ਹਨ ਪਰ ਪੋਸਟਰ ਪਾੜਣ ਵਾਲਿਆਂ ਨੂੰ ਵੀ ਇਹ ਵੀ ਪਤਾ ਹੈ ਕਿ ਉਪਰ ਨਜ਼ਰ ਆ ਰਹੇ ਸੀ. ਸੀ. ਟੀ. ਵੀ. ਕੈਮਰੇ ਕੰਮ ਨਹੀਂ ਕਰਦੇ ਹਨ ਅਤੇ ਸਿਰਫ ਦਿਖਾਵਾ ਮਾਤਰ ਹੀ ਹਨ, ਹਾਲਾਂਕਿ ਪੋਸਟਰ ਪਾੜੇ ਜਾਣ ਵਾਲੇ ਏਰੀਆ ’ਚ ਵੀ ਲੋਕਾਂ ਦਾ ਆਉਣਾ ਜਾਣਾ ਕਾਫੀ ਰਹਿੰਦਾ ਹੈ।

ਸਖ਼ਤ ਤਰੀਕੇ ਨਾਲ ਕੇਸਾਂ ਦੀ ਪੈਰਵੀ ਨਹੀਂ ਕਰਦੇ ਰਜਿਸਟਾਰ ਅਤੇ ਤਹਿਸੀਲਦਾਰ

ਜਦੋਂ ਵੀ ਕੋਈ ਜਾਅਲੀ ਰਜਿਸਟਰੀ, ਜਾਅਲੀ ਪਾਵਰ ਆਫ ਅਟਾਰਨੀ ਜਾਂ ਫਿਰ ਜਾਅਲੀ ਐੱਨ. ਓ. ਸੀਜ਼ ਦਾ ਮਾਮਲਾ ਕਿਸੇ ਸਬ-ਰਜਿਟਰਾਰ ਜਾਂ ਤਹਿਸੀਲਦਾਰ-ਨਾਇਬ ਤਹਿਸੀਲਦਾਰ ਵਲੋਂ ਫੜਿਆ ਜਾਂਦਾ ਹੈ ਤਾਂ ਆਮ ਤੌਰ ’ਤੇ ਦੇਖਣ ’ਚ ਆਇਆ ਹੈ ਕਿ ਸਬ-ਰਜਿਸਟਰਾਰ ਵਲੋਂ ਅਜਿਹੇ ਮਾਮਲਿਆਂ ’ਚ ਦੋਸ਼ੀ ਨੂੰ ਜਾਂ ਤਾਂ ਛੱਡ ਦਿੱਤਾ ਜਾਂਦਾ ਹੈ ਜਾਂ ਫਿਰ ਉਸ ਖਿਲਾਫ ਕਾਰਵਾਈ ਕਰਨ ਲਈ ਡੀ. ਸੀ. ਨੂੰ ਰਿਪੋਰਟ ਭੇਜ ਦਿੱਤੀ ਜਾਂਦੀ ਹੈ। ਇਹ ਰਿਪੋਰਟ ਲੈਂਡ ਮਾਫੀਆ ਗੈਂਗ ਵਲੋਂ ਰਸਤੇ ’ਚ ਹੀ ਗਾਇਬ ਕਰ ਦਿੱਤੀ ਜਾਂਦੀ ਹੈ।

 ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸ਼ਰਮਨਾਕ ਕਾਰਾ, 5 ਮਹੀਨੇ ਦੀ ਵਿਆਹੁਤਾ ਨੂੰ ਪਤੀ ਦੇ ਸਾਹਮਣੇ ਅਗਵਾ ਕਰ ਕੇ ਕੀਤਾ ਜਬਰ-ਜ਼ਿਨਾਹ

ਕੁਝ ਸਰਕਾਰੀ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਚਲਦਾ ਹੈ ਗੌਰਖਧੰਦਾ

ਲੈਂਡ ਮਾਫੀਆ ਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲੇ ਗੈਂਗ ਨਾਲ ਕੁਝ ਸਰਕਾਰੀ ਕਰਮਚਾਰੀ ਵੀ ਸ਼ਾਮਲ ਹਨ, ਜੋ ਕਈ ਵਾਰ ਫੜੇ ਜਾ ਚੁੱਕੇ ਹਨ ਅਤੇ ਸਮੇਂ-ਸਮੇਂ ’ਤੇ ਇਨ੍ਹਾਂ ਕਰਮਚਾਰੀਆਂ ਨੂੰ ਸਸਪੈਂਡ ਵੀ ਕੀਤਾ ਜਾਂਦਾ ਰਿਹਾ ਹੈ। ਹੁਣੇ ਜਿਹੇ ਇਕ ਫਰਜ਼ੀ ਇੰਤਕਾਲ ਦੇ ਕੇਸ ’ਚ ਡੀ. ਸੀ. ਘਣਸ਼ਾਮ ਥੋਰੀ ਵਲੋਂ ਇਕ ਪਟਵਾਰੀ ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ। ਜਦੋਂਕਿ ਅੰਬੈਸਡਰ ਰਚਿਤਾ ਭੰਡਾਰੀ ਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਹੋਣ ਦੇ ਬਹੁ ਚਰਚਿਤ ਮਾਮਲੇ ’ਚ ਡੀ. ਸੀ. ਘਣਸ਼ਾਮ ਥੋਰੀ ਵਲੋਂ ਦਰਜਾਚਾਰ ਕਰਮਚਾਰੀ ਗੁਰਧੀਰ ਨੂੰ ਸਸਪੈਂਡ ਕੀਤਾ ਗਿਆ ਹੈ। ਐੱਸ. ਡੀ. ਐੱਮ.-2 (ਆਈ. ਏ. ਐੱਸ.) ਨਿਕਾਸ ਕੁਮਾਰ ਦੀ ਰਿਪੋਰਟ ਤੋਂ ਬਾਅਦ ਡੀ. ਸੀ. ਵਲੋਂ 6 ਲੋਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਸਿਫਾਰਿਸ਼ ਵੀ ਕੀਤੀ ਗਈ ਅਤੇ ਪੁਲਸ ਵਲੋਂ ਐੱਫ. ਆਈ. ਆਰ. ਦਰਜ ਕਰ ਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਸ਼ਾਹਪੁਰਕੰਢੀ ਬੈਰਾਜ ਪ੍ਰਾਜੈਕਟ ਪੂਰਾ ਹੁੰਦੇ ਹੀ ਪਾਣੀ ਦੀ ਬੂੰਦ ਲਈ ਤਰਸੇਗਾ ਪਾਕਿਸਤਾਨ

ਗੈਰ-ਲਾਇਸੈਂਸ ਵਸੀਕਾ ਨਵੀਸ ਅਤੇ ਪ੍ਰਾਈਵੇਟ ਕਰਿੰਦੇ ਰਹਿੰਦੇ ਹਨ ਚਰਚਾ ’ਚ

ਜ਼ਿਲ੍ਹਾ ਕਚਹਿਰੀ ’ਚ ਕਈ ਅਜਿਹੇ ਗੈਰ-ਲਾਇਸੈਂਸੀ ਵਸੀਕਾ ਨਵੀਸ ਘੁੰਮਦੇ ਨਜ਼ਰ ਆਉਂਦੇ ਹਨ, ਜਿਨ੍ਹਾਂ ਕੋਲ ਵਸੀਕਾ ਲਾਇਸੈਂਸ ਨਹੀਂ ਹੈ ਅਤੇ ਇਹ ਲਾਇਸੈਂਸੀ ਵਸੀਕਾ ਨਵੀਸਾਂ ਦੇ ਰਜਿਸਟਰਾਰ ਵਿਚ ਐਂਟਰੀ ਕਰਵਾ ਕੇ ਕੰਮ ਕਰਦੇ ਹਨ। ਕੁਝ ਬਹੁ ਚਰਚਿਤ ਪ੍ਰਾਈਵੇਟ ਕਰਿੰਦੇ ਵੀ ਸਰਗਰਮ ਹਨ, ਜਿਨ੍ਹਾਂ ਖ਼ਿਲਾਫ਼ ਕਈ ਵਾਰ ਸ਼ਿਕਾਇਤਾਂ ਹੋ ਚੁੱਕੀਆਂ ਹਨ। ਇਨ੍ਹਾਂ ਗੈਰ-ਲਾਇਸੈਂਸੀ ਵਸੀਕਾ ਨਵੀਸਾਂ ਖ਼ਿਲਾਫ਼ ਕਈ ਵਾਰ ਵਸੀਕਾ ਨਵੀਸ ਯੂਨੀਅਨ ਵਲੋਂ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਪਰ ਮਾਮਲਾ ਠੰਢੇ ਬਸਤੇ ’ਚ ਪਾ ਦਿੱਤਾ ਜਾਂਦਾ ਹੈ।

ਰਜਿਸਟਰੀ ਦਫਤਰ-3 ’ਚ ਸਭ ਤੋਂ ਵੱਧ ਜਾਅਲੀ ਦਸਤਾਵੇਜ਼ਾਂ ਦੇ ਮਾਮਲੇ

ਉਂਝ ਤਾਂ ਸਾਰੇ ਰਜਿਸਟਰੀ ਦਫਤਰਾਂ ’ਚ ਜਾਅਲੀ ਦਸਤਾਵੇਜ਼ਾਂ ਨਾਲ ਰਜਿਸਟੀਆਂ ਅਤੇ ਪਾਵਰ ਅਟਾਰਨੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਅਜਿਹੇ ਮਾਮਲਿਆਂ ’ਚ ਰਜਿਸਟਰੀ ਦਫਤਰ-3 ਪਤਾ ਨਹੀਂ ਕਿਉਂ ਸਭ ਤੋਂ ਅੱਗੇ ਹੈ। ਸਾਬਕਾ ਸਬ-ਰਜਿਸਟਰਾਰ ਬੀਕਕਰਨ ਸਿੰਘ ਢਿੱਲੋਂ, ਹਰਕਰਮ ਸਿੰਘ ਰੰਧਾਵਾ, ਅਜੇ ਸ਼ਰਮਾ ਅਤੇ ਹੁਣ ਮੌਜੂਦਾ ਸਬ-ਰਜਿਸਟਰਾਰ ਜਗਤਾਰ ਸਿੰਘ ਦੇ ਕਾਰਜਕਾਲ ਦੌਰਾਨ ਜਾਅਲੀ ਰਜਿਸਟਰੀਆਂ ਦੇ ਵੱਡੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਮਾਂ ਦਾ ਇਕੋ-ਇਕ ਸਹਾਰਾ ਸੀ ਗੁਰਜੰਟ

ਡੀ. ਸੀ. ਨੇ ਲਾਏ ਹਨ 67 ਸੀ. ਸੀ. ਟੀ. ਵੀ. ਕੈਮਰੇ

ਸਾਬਕਾ ਡੀ. ਸੀ. ਹਰਪ੍ਰੀਤ ਸਿੰਘ ਸੂਦਨ, ਅਮਿਤ ਤਲਵਾੜ ਅਤੇ ਹੁਣ ਮੌਜੂਦਾ ਡੀ. ਸੀ. ਘਣਸ਼ਾਮ ਥੋਰੀ ਵਲੋਂ ਮਿੰਨੀ ਸਕਤਰੇਤ ਤੋਂ ਲੈ ਕੇ ਰਜਿਸਟਰੀ ਦਫਤਰਾਂ, ਐੱਚ. ਆਰ. ਸੀ. ਬ੍ਰਾਂਚ ਅਤੇ ਐੱਸ. ਡੀ. ਐੱਮ. ਦਫਤਰਾਂ ’ਚ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ ਤਾਂ ਕਿ ਕੋਈ ਸ਼ਰਾਰਤੀ ਅਨਸਰ ਇਨ੍ਹਾਂ ਦਫਤਰਾਂ ’ਚ ਘੁਸਪੈਠ ਨਾ ਕਰ ਸਕੇ ਪਰ ਇਸ ਦੇ ਬਾਵਜੂਦ ਆਏ ਦਿਨ ਕੋਈ ਨਾ ਕੋਈ ਫਰਜ਼ੀਵਾੜਾ ਸਾਹਮਣੇ ਆਉਂਦਾ ਰਹਿੰਦਾ ਹੈ।

ਇਹ ਵੀ ਪੜ੍ਹੋ : ਨੌਜਵਾਨ ਨੇ ਸੁਫ਼ਨਾ ਕੀਤਾ ਪੂਰਾ, ਜਹਾਜ਼ 'ਤੇ ਨਹੀਂ ਗੱਡੀ ਰਾਹੀਂ ਆਸਟਰੀਆ ਤੋਂ ਪੰਜਾਬ ਪੁੱਜਾ ਹਰਜੀਤ ਸਿੰਘ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News