ਪੰਜਾਬ ’ਚ ‘ਲੰਪੀ ਸਕਿਨ’ ਬੀਮਾਰੀ ਦਾ ਕਹਿਰ, 12 ਹਜ਼ਾਰ ਪਸ਼ੂ ਆਏ ਲਪੇਟ ’ਚ, ਪਸ਼ੂ ਮੰਡੀਆਂ ਬੰਦ ਕਰਨ ਦੇ ਹੁਕਮ
Friday, Aug 05, 2022 - 06:57 PM (IST)
ਚੰਡੀਗੜ੍ਹ/ਜਲੰਧਰ— ਪੰਜਾਬ ’ਚ ਪਸ਼ੂਆਂ ’ਚ ਲੰਪੀ ਸਕਿਨ ਵਾਇਰਸ ਦੇ ਮਾਮਲੇ ਵੱਧਣ ਲੱਗੇ ਹਨ। ਇਸ ਵਾਇਰਸ ਨਾਲ ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ’ਚ 12 ਹਜ਼ਾਰ ਪਸ਼ੂ ਇਨਫੈਕਟਿਡ ਹੋ ਚੁੱਕੇ ਹਨ। ਸੰਕ੍ਰਮਣ ਦੀ ਰਫ਼ਤਾਰ ਤੇਜ਼ੀ ਨਾਲ ਵੱਧਣ ਕਾਰਨ ਪਸ਼ੂ ਪਾਲਣ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੀਆਂ ਪਸ਼ੂ ਮੰਡੀਆਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਮਹਿਕਮੇ ਮੁਤਾਬਕ ਹੁਣ ਤੱਕ ਫਾਜ਼ਿਲਕਾ, ਮੁਕਤਸਰ, ਬਠਿੰਡਾ, ਫਰੀਦਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਗਾ, ਫਿਰੋਜ਼ਪੁਰ, ਗੁਰਦਾਸਪੁਰ, ਤਰਨਤਾਰਨ ਅੰਮ੍ਰਿਤਸਰ, ਮਾਨਸਾ, ਬਰਨਾਲਾ ਆਦਿ ’ਚ ਸੰਕ੍ਰਮਣ ਫ਼ੈਲ ਚੁੱਕਾ ਹੈ।
ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਡਾਇਰੈਕਟਰਾਂ ਨੂੰ ਜਾਰੀ ਹੋਏ 76 ਲੱਖ ਰੁਪਏ ਦੇ ਫੰਡ ਨਾਲ ਜਲਦੀ ਹੀ ਦਵਾਈਆਂ ਖ਼ਰੀਦਣ ਨੂੰ ਕਿਹਾ ਗਿਆ ਹੈ। ਪਸ਼ੂਆਂ ਦੇ ਲੱਛਣ ਵੇਖ ਕੇ ਹੀ ਇਲਾਜ ਕਰਨ ਨੂੰ ਕਿਹਾ ਗਿਆ ਹੈ। ਉਥੇ ਹੀ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਹੈੱਡਕੁਆਰਟਰ ’ਚ ਤਾਇਨਾਤ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ’ਚ ਅਸਥਾਈ ਤੌਰ ’ਤੇ ਤਾਇਨਾਤੀ ਕਰਕੇ 24 ਘੰਟੇ ਡਿਊਟੀ ਦੇਣ ਨੂੰ ਕਿਹਾ ਗਿਆ ਹੈ। ਉਧਰ ਪਸ਼ੂ ਪਾਲਣ ਮਹਕਿਮੇ ਦੇ ਨੋਡਲ ਅਧਿਕਾਰੀ ਡਾ. ਰਾਮ ਪਾਲ ਨੇ ਦੱਸਿਆ ਕਿ ਲੋੜ ਅਨੁਸਾਰ ਕਿਸਾਨ ਆਪਣੇ ਪਸ਼ੂਆਂ ਨੂੰ ਆਪਣੇ ਕੋਲੋ ਗੋਟ-ਪੌਕਸ ਵੈਕਸੀਨ ਲਗਵਾ ਸਕਦੇ ਹਨ। ਕਿਉਂਕਿ ਪੰਜਾਬ ’ਚ ਅਜੇ ਸਰਕਾਰੀ ਵੈਕਸੀਨ ਨਹੀਂ ਆਈ ਹੈ। ਉਧਰ ਹਰਿਆਣਾ ’ਚ ਵੀ ਲੰਪੀ ਸਕਿਨ ਦੇ ਖ਼ਤਰੇ ਨੂੰ ਲੈ ਕੇ ਪ੍ਰਸ਼ਾਸਨ ਅਲਰਟ ਹੋ ਗਿਆ ਹੈ।
ਇਹ ਵੀ ਪੜ੍ਹੋ: ਡੇਢ ਸਾਲਾ ਬੱਚੇ ਦੇ ਰੋਣ ਤੋਂ ਖ਼ਫ਼ਾ ਹੋਏ ਵਿਅਕਤੀ ਦਾ ਸ਼ਰਮਨਾਕ ਕਾਰਾ, ਪਹਿਲਾਂ ਤੋੜੀ ਲੱਤ ਫਿਰ ਦਿੱਤੀ ਰੂਹ ਕੰਬਾਊ ਮੌਤ
ਨਜ਼ਰ ਰੱਖਣਗੇ ਇਹ ਡਾਕਟਰ
5 ਜ਼ਿਲ੍ਹਿਆਂ ’ਚ ਹੈੱਡਕੁਆਰਟਰ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਵੈਟਰਨਰੀ ਅਧਿਕਾਰੀ ਡਾ. ਪ੍ਰੀਤੀ ਸਿੰਘ ਨੂੰ ਨਵਾਂਸ਼ਹਿਰ, ਡਾ. ਹਰਿੰਦਰ ਸਿੰਘ ਨੂੰ ਬਰਨਾਲਾ, ਡਾ. ਅਨਿਲ ਸੇਠੀ ਨੂੰ ਬਠਿੰਡਾ ਅਤੇ ਡਾ. ਪਰਮਪਾਲ ਸਿੰਘ ਨੂੰ ਮੁਕਤਸਰ ਭੇਜਿਆ ਗਿਆ ਹੈ। ਇਹ 31 ਅਗਸਤ ਤੱਕ ਇਨ੍ਹਾਂ ਜ਼ਿਲ੍ਹਿਆਂ ਦੀ ਰਿਪੋਰਟ ਰੋਜ਼ਾਨਾ ਸੌਂਪਣਗੇ।
ਮੱਖੀਆਂ-ਮੱਛਰਾਂ ਦੇ ਕਾਰਨ ਬੀਮਾਰੀ ਫੈਲਣ ਦਾ ਮੁੱਖ ਕਾਰਨ
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਾਜੀਵ ਛਾਬੜਾ ਨੇ ਪਸ਼ੂ ਪਾਲਕਾਂ ਨੂੰ ਅਪੀਲ ਕਰਕੇ ਕਿਹਾ ਹੈ ਕਿ ਮੱਖੀਆਂ, ਮੱਛਰ ਲੰਪੀ ਸਕਿਨ ਬੀਮਾਰੀ ਨੂੰ ਫ਼ੈਲਾਉਣ ਦਾ ਮੁੱਖ ਕਾਰਨ ਹਨ। ਇਸ ਲਈ ਸੰਕ੍ਰਮਿਤ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਤੋਂ ਵੱਖਰਾ ਰੱਖਿਆ ਜਾਵੇ। ਬਰਨਾਲਾ ਦੇ ਪਸ਼ੂ ਪਾਲਕਾਂ ਅਤੇ ਸਰੰਪਚ ਨੇ ਦਾਅਵਾ ਕੀਤਾ ਹੈ ਕਿ ਇਥੇ 13 ਗਊਆਂ ਦੀ ਮੌਤ ਹੋ ਚੁੱਕੀ ਹੈ। ਜਦਕਿ ਦਰਜਨ ਭਰ ਤੋਂ ਵੱਧ ਬੀਮਾਰ ਹਨ। ਅਨਾਜ ਮੰਡੀ ਗਊਸ਼ਾਲਾ ਦੇ ਮੁੱਖ ਪ੍ਰਬੰਧਕ ਅਨਿਲ ਬੰਸਲ ਨਾਣਾ ਨੇ ਕਿਹਾ ਕਿ ਵਿਭਾਗ ਮੌਤਾਂ ਦੇ ਅੰਕੜੇ ਛੁਪਾ ਰਿਹਾ ਹੈ। ਵੈਟਰਨਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਸਪੈਸ਼ਲ ਦਵਾਈਆਂ ਉਨ੍ਹਾਂ ਦੇ ਕੋਲ ਨਹੀਂ ਪਹੁੰਚੀਆਂ ਹਨ। ਵੈਟਰਨਰੀ ਇੰਸਪੈਕਟਰਾਂ ਦੀਆਂ 32 ਅਤੇ ਡਾਕਟਰਾਂ ਦੀਆਂ 14 ਅਸਾਮੀਆਂ ਖ਼ਾਲੀ ਹਨ।
ਇਹ ਵੀ ਪੜ੍ਹੋ: ਬਿੱਲ ਮੁਆਫ਼ੀ ਨੂੰ ਲੈ ਕੇ ਉਮੀਦਾਂ ’ਤੇ ਫਿਰਿਆ ਪਾਣੀ: ਜ਼ਿਆਦਾਤਰ ਖ਼ਪਤਕਾਰਾਂ ਨੂੰ ਨਹੀਂ ਮਿਲ ਸਕੇਗਾ ਲਾਭ
ਇਸੇ ਤਰ੍ਹਾਂ ਫਿਰੋਜ਼ਪੁਰ ’ਚ 1500 ਪਸ਼ੂ ਬੀਮਾਰ ਹਨ। 24 ਘੰਟਿਆਂ ’ਚ ਦੋ ਪਸ਼ੂਆਂ ਨੇ ਦਮ ਤੋੜਿਆ ਹੈ। ਸੀਨੀਅਰ ਵੈਟਰਨਰੀ ਅਫ਼ਸਰ ਪ੍ਰਵੀਨ ਅਗਰਵਾਲ ਨੇ ਦੱਸਿਆ ਕਿ ਪਸ਼ੂਆਂ ’ਚ ਟੀ. ਡੀ. ਐੱਸ. ਬੀਮਾਰੀ ਆਉਣ ਲੱਗੀ ਹੈ। ਰੋਪੜ ਵਿਖੇ ਚਮਕੌਰ ਸਾਰਿਬ ਮੋਰਿੰਡਾ ਦੇ ਦਿਹਾਤੀ ਖੇਤਰ ਤੋਂ ਬਾਅਦ ਪਿੰਡ ਬੂਰਮਾਜਰਾ, ਧਨੌਰੀ, ਕਾਈਨੌਰ, ਰੋਲੂਮਾਜਰਾ, ਦੁਲਚੀਮਾਜਰਾ, ਬਾਲਸੰਢਾ, ਪਥਰੇੜੀ, ਪਥਰੇੜੀ ਜੱਟਾਂ, ਬਹਿਰਾਮਪੁਰ ਜ਼ਿੰਮੀਦਾਰਾਂ ਸਮੇਤ ਦਰਜਨਾਂ ਪਿੰਡਾਂ ’ਚ ਫ਼ੈਲ ਚੁੱਕੀ ਹੈ। ਜਦਕਿ ਇਲਾਕੇ ਦੇ ਦਵਾ ਵਿਕਰੇਤਾਂ ਨੇ ਦੱਸਿਆ ਕਿ ਰੋਜ਼ਾਨਾ 50 ਤੋਂ 60 ਨਵੇਂ ਲੋਕ ਦਵਾਈ ਲੈ ਰਹੇ ਹਨ। ਹੁਸ਼ਿਆਰਪੁਰ ਵਿਖੇ ਹਰ ਦੂਜੇ ਜਾਂ ਤੀਜੇ ਪਿੰਡ ’ਚ ਪਸ਼ੂ ਸੰਕ੍ਰਮਿਤ ਮਿਲ ਰਹੇ ਹਨ। ਇਲਾਜ ’ਚ ਇਕ ਪਸ਼ੂ ’ਤੇ ਪਸ਼ੂ ਪਾਲਕ ਦਾ 5 ਹਜ਼ਾਰ ਰੁਪਏ ਤੱਕ ਦਾ ਖ਼ਰਚਾ ਹੋ ਰਿਹਾ ਹੈ। ਡਾਕਟਰ ਸੰਦੀਪ ਨੇ ਦੱਸਿਆ ਕਿ ਜ਼ਿਆਦਾਤਰ ਮਾਮਲੇ ਗਊਆਂ ’ਚ ਮਿਲ ਰਹੇ ਹਨ ਜਦਕਿ ਮੱਝਾਂ ’ਚ ਇਸ ਦਾ ਪ੍ਰਭਾਵ ਬਹੁਤ ਘੱਟ ਹੈ।
ਇਹ ਵੀ ਪੜ੍ਹੋ: ਅਨੋਖਾ ਪਿਆਰ! ਵਿਆਹ ਕਰਵਾਉਣ ਲਈ ਜਲੰਧਰ ਦਾ ਸ਼ੁਭਮ ਬਣਿਆ 'ਜੀਆ', ਹੁਣ ਪਈ ਰਿਸ਼ਤੇ 'ਚ ਤਰੇੜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ