ਫੂਡ ਟੀਮ ਨੇ ਕੈਟਰਿੰਗ ਠੇਕੇਦਾਰ ਦੇ ਗੋਦਾਮ ''ਤੇ ਕੀਤੀ ਛਾਪੇਮਾਰੀ
Wednesday, Feb 14, 2018 - 01:00 AM (IST)

ਮੋਗਾ, (ਸੰਦੀਪ)- ਮੰਗਲਵਾਰ ਨੂੰ ਸਿਹਤ ਵਿਭਾਗ ਦੀ ਫੂਡ ਟੀਮ ਵੱਲੋਂ ਐਡੀਸ਼ਨਲ ਫੂਡ ਕਮਿਸ਼ਨਰ ਮੈਡਮ ਹਰਪ੍ਰੀਤ ਕੌਰ ਤੇ ਜ਼ਿਲਾ ਫੂਡ ਸੇਫਟੀ ਅਫਸਰ ਦੀ ਅਗਵਾਈ 'ਚ ਗੁਪਤ ਸ਼ਿਕਾਇਤ ਦੇ ਆਧਾਰ 'ਤੇ ਵੱਖ-ਵੱਖ ਵਿਆਹ ਸਮਾਗਮਾਂ 'ਚ ਕੈਟਰਿੰਗ ਦਾ ਠੇਕਾ ਲੈਣ ਵਾਲੇ ਰੋਹਿਤ ਕੈਟਰਿੰਗ ਠੇਕੇਦਾਰ ਦੇ ਗੋਦਾਮ 'ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਟੀਮ ਨੇ ਦਹੀਂ, ਹਰੀ ਸੌਸ ਆਦਿ ਸਾਮਾਨ ਦੇ ਸੈਂਪਲ ਭਰੇ। ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਕੈਟਰਿੰਗ ਠੇਕੇਦਾਰ ਵੱਖ-ਵੱਖ ਪ੍ਰੋਗਰਾਮਾਂ 'ਚੋਂ ਬਚੇ ਖਾਣ-ਪੀਣ ਵਾਲੇ ਸਾਮਾਨ ਨੂੰ ਅਗਲੇ ਪ੍ਰੋਗਰਾਮਾਂ 'ਚ ਵਰਤਦਾ ਹੈ। ਅਜਿਹਾ ਕਰਨ ਨਾਲ ਲੋਕਾਂ ਦੀ ਸਿਹਤ ਨੂੰ ਖਤਰਾ ਹੋ ਸਕਦਾ ਹੈ। ਖੋਸਲਾ ਨੇ ਦੱਸਿਆ ਕਿ ਸ਼ਹਿਰ 'ਚ ਕੀਤੀ ਗਈ ਚੈਕਿੰਗ ਦੌਰਾਨ ਖਾਣ ਲਈ ਵਰਤਿਆ ਜਾਣ ਵਾਲਾ ਮਸਾਲਾ, ਬਿਸਕੁੱਟ, ਸਰ੍ਹੋਂ ਦਾ ਤੇਲ, ਨਮਕ ਆਦਿ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਅਧਿਕਾਰੀਆਂ ਨੇ ਜ਼ਿਲੇ ਦੇ ਸਮੂਹ ਕੈਟਰਿੰਗ ਠੇਕੇਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਥੋੜ੍ਹੇ ਮੁਨਾਫੇ ਦੇ ਲਾਲਚ 'ਚ ਲੋਕਾਂ ਦੀ ਕੀਮਤੀ ਸਿਹਤ ਨਾਲ ਖਿਲਵਾੜ ਨਾ ਕਰਨ। ਇਸ ਤਰ੍ਹਾਂ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।