ਕਰਨਾਟਕ ਪਿੱਛੋਂ ਇਸ ਸਾਲ 5 ਹੋਰ ਸੂਬਿਆਂ ਦੀਆਂ ਚੋਣਾਂ ’ਚ ਹੋਵੇਗੀ ਭਾਜਪਾ ਦੀ ਅਗਨੀ ਪ੍ਰੀਖਿਆ

Friday, May 19, 2023 - 12:23 PM (IST)

ਕਰਨਾਟਕ ਪਿੱਛੋਂ ਇਸ ਸਾਲ 5 ਹੋਰ ਸੂਬਿਆਂ ਦੀਆਂ ਚੋਣਾਂ ’ਚ ਹੋਵੇਗੀ ਭਾਜਪਾ ਦੀ ਅਗਨੀ ਪ੍ਰੀਖਿਆ

ਜਲੰਧਰ (ਪਾਹਵਾ)- ਸਾਲ 2023 ਸਿਆਸਤ ਦੇ ਖੇਤਰ ਵਿਚ ਕਾਫ਼ੀ ਉਥਲ-ਪੁਥਲ ਮਚਾਉਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਕਈ ਸੂਬਿਆਂ ਵਿਚ ਸੱਤਾ ਤਬਦੀਲੀ ਵੀ ਸੰਭਵ ਹੈ। ਇਸ ਸਭ ਦੇ ਪਿੱਛੇ ਕਾਰਨ ਇਹ ਹੈ ਕਿ ਇਸ ਸਾਲ 6 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਇਨ੍ਹਾਂ ਵਿਚੋਂ ਕਾਫ਼ੀ ਸੂਬੇ ਅਜਿਹੇ ਹਨ, ਜਿੱਥੇ ਭਾਜਪਾ ਦੀ ਸਰਕਾਰ ਹੈ। ਕਰਨਾਟਕ ਵਿਚ ਚੋਣਾਂ ਹੋ ਚੁੱਕੀਆਂ ਹਨ ਅਤੇ ਉੱਥੇ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਤੋਂ ਬਾਅਦ ਦੱਖਣੀ ਭਾਰਤ ਦੇ ਨਕਸ਼ੇ ’ਤੇ ਭਾਜਪਾ ਦਾ ਭਗਵਾ ਰੰਗ ਖਤਮ ਹੋ ਗਿਆ ਹੈ।

ਦਿੱਲੀ ’ਚ ਭਾਜਪਾ ਦੇ ਨੱਕ ਹੇਠੋਂ ਨਿਕਲ ਗਈ ਕਾਰਪੋਰੇਟ ਸਰਕਾਰ
ਜਾਣਕਾਰੀ ਅਨੁਸਾਰ 2023 ’ਚ 5 ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ਵਿਚ ਚੋਣਾਂ ਹੋਣੀਆਂ ਹਨ, ਜਿਸ ਕਾਰਨ ਭਾਜਪਾ ਲਈ ਇਕ ਵਾਰ ਮੁੜ ਪ੍ਰੀਖਿਆ ਦੀ ਘੜੀ ਆਉਣ ਵਾਲੀ ਹੈ। ਆਉਣ ਵਾਲੇ ਸਮੇਂ ’ਚ ਯੋਜਨਾਵਾਂ ’ਤੇ ਗੱਲ ਬਾਅਦ ਵਿਚ ਕਰਦੇ ਹਾਂ ਪਰ ਇਸ ਤੋਂ ਪਹਿਲਾਂ ਕੁਝ ਅਜਿਹੀਆਂ ਚੋਣਾਂ ਜੋ ਪਿਛਲੇ 1-2 ਸਾਲਾਂ ਵਿਚ ਹੋਈਆਂ ਹਨ, ਵਿਚ ਭਾਜਪਾ ਨੂੰ ਲੱਗੇ ਝਟਕਿਆਂ ’ਤੇ ਚਰਚਾ ਕੀਤੀ ਜਾਣੀ ਜ਼ਰੂਰੀ ਹੈ। 2021 ’ਚ ਹਿਮਾਚਲ ਦੀ ਮੰਡੀ ਲੋਕ ਸਭਾ ਸੀਟ ’ਤੇ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਇਲਾਵਾ ਨਵੰਬਰ 2022 ਵਿਚ ਹਿਮਾਚਲ ’ਚ ਵਿਧਾਨ ਸਭਾ ਚੋਣਾਂ ਹੋਈਆਂ ਸਨ, ਜਿਨ੍ਹਾਂ ਵਿਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਇਲਾਵਾ ਹਿਮਾਚਲ ਦੇ ਪਾਲਮਪੁਰ ਤੇ ਸੋਲਨ ਵਿਚ ਸਥਾਨਕ ਚੋਣ ਵੀ ਭਾਜਪਾ ਹਾਰ ਗਈ ਸੀ। ਦਿੱਲੀ ਜਿੱਥੇ ਭਾਜਪਾ ਦਾ ਪੂਰਾ ਲਾਮ-ਲਸ਼ਕਰ ਬੈਠਾ ਹੈ, ਉਸ ਦੇ ਨੱਕ ਥੱਲਿਓਂ ਆਮ ਆਦਮੀ ਪਾਰਟੀ ਸਥਾਨਕ ਲੋਕਲ ਬਾਡੀਜ਼ ਚੋਣਾਂ ਦੀ ਕੁਰਸੀ ਖਿੱਚ ਕੇ ਲੈ ਗਈ। ਇਹ ਸਭ ਜ਼ਿਆਦਾਤਰ ਪਿਛਲੇ ਇਕ ਸਾਲ ਵਿਚ ਹੋਇਆ ਹੈ। ਇਹ ਨਹੀਂ ਕਿ ਇਸ ਦੌਰਾਨ ਜਿੰਨੀਆਂ ਚੋਣਾਂ ਹੋਈਆਂ, ਉਨ੍ਹਾਂ ਵਿਚ ਭਾਜਪਾ ਹਾਰ ਗਈ, ਸਗੋਂ ਕੁਝ ਚੋਣਾਂ ਵਿਚ ਭਾਜਪਾ ਨੂੰ ਸਫਲਤਾ ਵੀ ਮਿਲੀ ਹੈ ਪਰ ਜਿਨ੍ਹਾਂ ਚੋਣਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਉਹ ਕਾਫ਼ੀ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ - ਪੜ੍ਹਾਈ ਦੇ ਨਾਲ-ਨਾਲ ਕਰੋ ਕਮਾਈ, 12 ਹਜ਼ਾਰ ਰੁਪਏ ਤੱਕ ਮਿਲੇਗਾ ਪ੍ਰਤੀ ਮਹੀਨਾ ਵਜ਼ੀਫਾ, ਜਾਣੋ ਕਿਵੇਂ

ਕਰਨਾਟਕ ’ਚ ਲੱਗਾ ਸੀ ਖ਼ੂਬ ਜ਼ੋਰ
ਕਰਨਾਟਕ ਵਿਚ ਭਾਜਪਾ ਨੇ ਜਦੋਂ ਚੋਣ ਲੜੀ ਤਾਂ ਇਸ ਵਿਚ ਪਾਰਟੀ ਨੂੰ 36 ਫ਼ੀਸਦੀ ਵੋਟਾਂ ਮਿਲੀਆਂ, ਜਦੋਂਕਿ ਕਾਂਗਰਸ 43 ਫ਼ੀਸਦੀ ਵੋਟਾਂ ਲੈਣ ਵਿਚ ਸਫਲ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਇਸ ਚੋਣ ਨੂੰ ਜਿੱਤਣ ’ਚ ਕੋਈ ਕਮੀ ਨਹੀਂ ਛੱਡੀ। ਪ੍ਰਧਾਨ ਮੰਤਰੀ ਨੇ ਇੱਥੇ 19 ਰੈਲੀਆਂ ਅਤੇ 6 ਰੋਡ ਸ਼ੋਅ ਕੀਤੇ। ਉਂਝ ਭਾਜਪਾ ਨੇ ਸੂਬੇ ਵਿਚ 100 ਤੋਂ ਵੱਧ ਰੈਲੀਆਂ ਅਤੇ ਰੋਡ ਸ਼ੋਅ ਕੀਤੇ ਸਨ, ਜਿਨ੍ਹਾਂ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੇ ਹਿੱਸਾ ਲਿਆ। ਇਸ ਦੇ ਬਾਵਜੂਦ ਪਾਰਟੀ ਨੂੰ ਸਫਲਤਾ ਨਹੀਂ ਮਿਲੀ।

ਨਹੀਂ ਚੱਲੇ ਭਾਜਪਾ ਦੇ ਕਈ ਮੁੱਦੇ
ਭਾਜਪਾ ਨੇ ਕਰਨਾਟਕ ਵਿਚ ਜੀ. ਡੀ. ਪੀ. ਗ੍ਰੋਥ ਤੋਂ ਲੈ ਕੇ ਹਰ ਉਹ ਹੱਥਕੰਡਾ ਅਪਣਾਇਆ, ਜਿਸ ਨਾਲ ਉਸ ਨੂੰ ਸਫਲਤਾ ਮਿਲ ਸਕੇ। ਜਿਸ ਤਰ੍ਹਾਂ ਗੁਜਰਾਤ ਵਿਚ ਚਿਹਰੇ ਬਦਲ ਕੇ ਪਾਰਟੀ ਨੂੰ ਸਫਲਤਾ ਮਿਲੀ ਸੀ, ਉਸੇ ਤਰ੍ਹਾਂ ਕਰਨਾਟਕ ਵਿਚ ਵੀ ਚਿਹਰੇ ਬਦਲੇ ਗਏ ਪਰ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਬਜਰੰਗ ਬਲੀ ਅਤੇ ‘ਦਿ ਕੇਰਲ ਸਟੋਰੀ’ ਫਿਲਮ ਦਾ ਸਹਾਰਾ ਲਿਆ ਗਿਆ ਪਰ ਉਹ ਵੀ ਗੱਲ ਨਹੀਂ ਬਣੀ। ਕੁਲ ਮਿਲਾ ਕੇ ਇਹ ਗੱਲ ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੰਨਾ ਜ਼ੋਰ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਵਿਚ ਪਿਛਲੀਆਂ ਚੋਣਾਂ ਵਿਚ ਲਾਇਆ ਸੀ, ਓਨਾ ਹੀ ਜ਼ੋਰ ਉਨ੍ਹਾਂ ਕਰਨਾਟਕ ਵਿਚ ਵੀ ਲਾਇਆ ਪਰ ਸਥਾਨਕ ਪੱਧਰ ’ਤੇ ਧੜੇਬੰਦੀ ਅਤੇ ਕਈ ਹੋਰ ਕਾਰਨ ਪਾਰਟੀ ਨੂੰ ਸਫ਼ਲਤਾ ਨਹੀਂ ਦਿਵਾ ਸਕੇ।

ਇਹ ਵੀ ਪੜ੍ਹੋ - ਤੇਜ਼ ਹਵਾਵਾਂ ਚੱਲਣ ਮਗਰੋਂ ਪੰਜਾਬ ਦਾ ਮੌਸਮ ਲਵੇਗਾ ਕਰਵਟ, ਜਾਣੋ ਆਉਣ ਵਾਲੇ ਦਿਨਾਂ ਦੀ ਤਾਜ਼ਾ ਅਪਡੇਟ

ਪੰਜਾਬ ’ਚ ਵੀ ਸਹਿਣੀ ਪਈ ਅਸਫ਼ਲਤਾ
ਪੰਜਾਬ ’ਚ ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਵਿਚ ਭਾਜਪਾ ਦੀ ਜ਼ਮਾਨਤ ਜ਼ਬਤ ਹੋਣੀ ਇਕ ਆਮ ਮਾਮਲਾ ਨਹੀਂ ਹੈ। ਬੇਸ਼ੱਕ ਪਾਰਟੀ ਦੀ ਇਹ ਪਹਿਲੀ ਆਪਣੇ ਪੱਧਰ ’ਤੇ ਲੜੀ ਗਈ ਲੋਕ ਸਭਾ ਚੋਣ ਸੀ ਪਰ ਪਾਰਟੀ ਦੇ ਦਾਅਵਿਆਂ ਅਨੁਸਾਰ ਸਫਲਤਾ ਨਾ ਮਿਲਣਾ ਚਿੰਤਾ ਦਾ ਵਿਸ਼ਾ ਹੈ। ਹੁਣ ਪੰਜਾਬ ਵਿਚ ਲੋਕਲ ਬਾਡੀ ਚੋਣਾਂ ਹੋਣੀਆਂ ਹਨ ਅਤੇ ਇਨ੍ਹਾਂ ਚੋਣਾਂ ਵਿਚ ਵੀ ਭਾਜਪਾ ਨੂੰ ਸਫਲਤਾ ਕਿੰਨੀ ਮਿਲੇਗੀ, ਇਹ ਹੁਣੇ ਤੋਂ ਨਜ਼ਰ ਆ ਰਿਹਾ ਹੈ। ਪਾਰਟੀ ਦੇ ਕਈ ਆਲਾ ਨੇਤਾਵਾਂ ਨੇ ਜਲੰਧਰ ਵਿਚ ਡੇਰਾ ਲਾਈ ਰੱਖਿਆ ਪਰ ਪਾਰਟੀ ਨੂੰ ਸਫ਼ਲਤਾ ਨਾ ਮਿਲਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।

ਇਹ ਵੀ ਪੜ੍ਹੋ - ਡਰੋਨ ਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਲਈ ਪੰਜਾਬ ਪੁਲਸ ਦਾ ਵੱਡਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News