ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਨੂੰ ਲੈ ਕੇ ਵੱਡੀ ਖ਼ਬਰ, ਐੱਫ. ਬੀ. ਆਈ. ਨੇ ਕੀਤਾ ਪੰਜਾਬ ਪੁਲਸ ਨਾਲ ਸੰਪਰਕ
Sunday, Dec 04, 2022 - 06:34 PM (IST)
ਚੰਡੀਗੜ੍ਹ : ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਨੂੰ ਜਲਦ ਹੀ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਅਮਰੀਕਾ ਦੀ ਖੁਫੀਆ ਏਜੰਸੀ ਐੱਫ. ਬੀ. ਆਈ. ਨੇ ਗ੍ਰਹਿ ਮੰਤਰਾਲੇ ਰਾਹੀਂ ਪੰਜਾਬ ਪੁਲਸ ਨਾਲ ਸੰਪਰਕ ਕੀਤਾ ਹੈ। ਐੱਫ. ਬੀ. ਆਈ. ਵਲੋਂ ਗੈਂਗਸਟਰ ਗੋਲਡੀ ਬਰਾੜ ਬਾਰੇ ਜਾਣਕਾਰੀ ਅਤੇ ਉਸ ’ਤੇ ਦਰਜ ਮਾਮਲਿਆਂ ਸੰਬੰਧੀ ਵੇਰਵੇ ਮੰਗੇ ਗਏ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਨੂੰ ਦੋ ਦਿਨ ਪਹਿਲਾਂ ਹੀ ਗੋਲਡੀ ਬਰਾੜ ਦੇ ਡਿਟੇਨ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਸੂਚਨਾ ਹੈ ਕਿ ਅਮਰੀਕਾ ਦੀ ਖੁਫੀਆ ਏਜੰਸੀ ਐੱਫ. ਬੀ. ਆਈ. ਉਸ ’ਤੇ 20 ਨਵੰਬਰ ਤੋਂ ਨਜ਼ਰ ਰੱਖ ਰਹੀ ਸੀ ਅਤੇ ਬੀਤੇ ਦਿਨੀਂ ਉਸ ਨੂੰ ਡਿਟੇਨ ਕਰ ਲਿਆ ਗਿਆ ਹੈ।
ਦਰਅਸਲ ਭਾਰਤ ਸਰਕਾਰ ਦੇ ਦਬਾਅ ਬਣਾਏ ਜਾਣ ਤੋਂ ਬਾਅਦ ਗੋਲਡੀ ਬਰਾੜ ਕੈਨੇਡਾ ਤੋਂ ਅਮਰੀਕਾ ਭੱਜ ਗਿਆ ਸੀ। ਉਸ ਦੀ ਕੋਸ਼ਿਸ਼ ਅਮਰੀਕਾ ਵਿਚ ਪਹੁੰਚ ਕੇ ਸਿਆਸੀ ਸ਼ਰਣ ਲੈਣ ਦੀ ਸੀ ਪਰ ਭਾਰਤ ਵਲੋਂ ਜਾਰੀ ਕੀਤੇ ਰੈੱਡ ਕਾਰਨਰ ਨੋਟਿਸ ਦੇ ਚੱਲਦੇ ਉਸ ਨੂੰ ਡਿਟੇਨ ਕਰ ਲਿਆ ਗਿਆ।
ਇਹ ਵੀ ਪੜ੍ਹੋ : ਆਟਾ-ਦਾਲ ਸਕੀਮ ਵਾਲੇ ਕਾਰਡ ਧਾਰਕਾਂ ਨੂੰ ਲੱਗ ਸਕਦੈ ਝਟਕਾ, ਵੱਡੀ ਕਾਰਵਾਈ ਦੀ ਤਿਆਰੀ ’ਚ ਪੰਜਾਬ ਸਰਕਾਰ
ਆਸਾਨ ਨਹੀਂ ਗੋਲਡੀ ਨੂੰ ਭਾਰਤ ਲੈ ਕੇ ਆਉਣਾ
ਗੋਲਡੀ ਬਰਾੜ ਨੂੰ ਭਾਵੇਂ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ ਪਰ ਉਸ ਨੂੰ ਭਾਰਤ ਲੈ ਕੇ ਆਉਣਾ ਆਸਾਨ ਨਹੀਂ ਹੈ। ਗੋਲਡੀ ਕਿਉਂਕਿ ਭਾਰਤ ਤੋਂ ਸਿੱਧਾ ਅਮਰੀਕਾ ਨਹੀਂ ਗਿਆ ਹੈ। ਉਹ ਭਾਰਤ ਤੋਂ ਪਹਿਲਾਂ ਕੈਨੇਡਾ ਗਿਆ ਅਤੇ ਉਥੋਂ ਅਮਰੀਕਾ ਪਹੁੰਚਿਆ। ਦੂਜਾ ਪੁਲਸ ਨੇ ਰੈੱਡ ਕਾਨਰਨਰ ਨੋਟਿਸ ਤੋਂ ਬਾਅਦ ਫੜਿਆ ਹੈ। ਅਜੇ ਅਮਰੀਕਾ ਦੀ ਪੁਲਸ ਉਸ ਨੂੰ ਮੁਲਜ਼ਮ ਹੀ ਮੰਨ ਰਹੀ ਹੈ, ਦੋਸ਼ੀ ਨਹੀਂ। ਇਹੀ ਕਾਰਣ ਹੈ ਕਿ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਅਮਰੀਕੀ ਪੁਲਸ ਨੇ ਕੈਨੇਡਾ ਪੁਲਸ ਤੋਂ ਬਰਾੜ ਦੀ ਅਪਰਾਧਿਕ ਗਤੀਵਿਧੀਆਂ ਸੰਬੰਧੀ ਵੀ ਜਾਣਕਾਰੀ ਮੰਗੀ ਹੈ।ਅਧਿਕਾਰੀ ਮੁਤਾਬਕ ਬਰਾੜ ਦੀ ਗ੍ਰਿਫ਼ਤਾਰੀ ਬਾਰੇ ਵਿਚ ਭਾਰਤ ਸਰਕਾਰ ਨੂੰ ਅਧਿਕਾਰਤ ਸੂਚਨਾ ਭੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਰਾੜ ਆਪਣੇ ਖਾਲਿਸਤਾਨੀ ਸਮਰਥਕ ਜਥੇਬੰਦੀਆਂ ਦੀ ਮਦਦ ਨਾਲ ਸਿਆਸੀ ਸ਼ਰਣ ਮੰਗ ਸਕਦਾ ਹੈ। ਅਜਿਹਾ ਕੈਨੇਡਾ ਅਤੇ ਅਮਰੀਕਾ ਵਿਚ ਆਮ ਹੁੰਦਾਹੈ। ਪਰ ਉਸ ਲਈ ਅਰਜ਼ੀ ਨੂੰ ਜਲਦੀ ਸਵੀਕਾਰ ਕਰਨਾ ਮੁਸ਼ਕਲ ਹੈ ਪਰ ਸਮੱਸਿਆ ਇਹ ਹੈ ਕਿ ਇਕ ਵਾਰ ਜਦੋਂ ਵਕੀਲ ਸ਼ਰਣ ਲਈ ਅਰਜ਼ੀ ਦੇ ਦਿੰਦਾ ਹੈ ਤਾਂ ਜਦੋਂ ਤਕ ਉਸ ਅਰਜ਼ੀ ’ਤੇ ਅਮਰੀਕਾ ਦੇ ਸੰਬੰਧਤ ਵਿਭਾਗ ਦੀ ਸੁਣਵਾਈ ਅਤੇ ਫੈਸਲਾ ਨਹੀਂ ਹੋ ਜਾਂਦਾ ਉਦੋਂ ਤੱਕ ਉਸ ਨੂੰ ਉਥੇ ਹੀ ਰਹਿਣਾ ਪੈਂਦਾ ਹੈ।
ਇਹ ਵੀ ਪੜ੍ਹੋ : ਐੱਸ. ਟੀ. ਐੱਫ. ਨੇ ਇੰਝ ਫੜਿਆ ਗੈਂਗਸਟਰ ਗੋਲਡੀ ਬਰਾੜ, ਟੀਮ ਦਾ ਹਿੱਸਾ ਰਹੇ ਪੁਲਸ ਅਫਸਰ ਨੇ ਕੀਤੇ ਵੱਡੇ ਖ਼ੁਲਾਸੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।