ਡੀ. ਸੀ. ਵਲੋਂ ਦਿੱਤੀ ਜਾਵੇਗੀ ਸਹੂਲਤ, ਜਲਦੀ ਹੀ 12 ਹੋਰ ਆਮ ਆਦਮੀ ਕਲੀਨਿਕ ਹੋਣਗੇ ਲੋਕਾਂ ਨੂੰ ਸਮਰਪਿਤ
Saturday, Dec 16, 2023 - 05:38 PM (IST)
ਅੰਮ੍ਰਿਤਸਰ (ਨੀਰਜ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਲੋਂ ਬੀਤੇ ਵਰ੍ਹੇ 15 ਅਗਸਤ 2022 ਤੋਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾਂ ’ਚ 30 ਨਵੰਬਰ 2023 ਤੱਕ ਲਗਭਗ 9 ਲੱਖ ਦੇ ਕਰੀਬ ਲੋੜਵੰਦ ਮਰੀਜ਼ਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ ਹੈ ਅਤੇ 143701 ਵਿਅਕਤੀਆਂ ਨੇ ਆਪਣੇ ਮੁਫ਼ਤ ’ਚ ਟੈਸਟ ਕਰਵਾਏ ਹਨ। ਡੀ. ਸੀ. ਘਨਸ਼ਾਮ ਥੋਰੀ ਵਲੋਂ ਜ਼ਿਲ੍ਹੇ ’ਚ ਚੱਲ ਰਹੇ 60 ਆਮ ਆਦਮੀ ਕਲੀਨਿਕਾਂ ਦੇ ਕੰਮਾਂ ਦੀ ਸਮੀਖਿਆ ਕਰਦੇ ਦੱਸਿਆ ਕਿ ਲੋਕਾਂ ਦੇ ਮਿਲੇ ਹੁੰਗਾਰੇ ਤੋਂ ਬਾਅਦ ਜ਼ਿਲ੍ਹੇ ’ਚ ਵੱਖ-ਵੱਖ ਸਥਾਨਾਂ ’ਤੇ 12 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਮੈਂ ਵੀ ਹਾਲ ਹੀ ’ਚ ਕਲੀਨਿਕਾਂ ਦਾ ਦੌਰਾ ਕੀਤਾ ਹੈ ਅਤੇ ਵੇਖਿਆ ਹੈ ਕਿ ਲੋਕ ਆਪਣੇ ਸਿਹਤ ਸੇਵਾਵਾਂ ਦਾ ਘਰਾਂ ਦੇ ਨੇੜੇ ਤੋਂ ਹੀ ਆਮ ਆਦਮੀ ਕਲੀਨਿਕਾਂ ਤੋਂ ਇਲਾਜ ਕਰਵਾ ਕੇ ਪੂਰੀ ਤਰ੍ਹਾਂ ਸੰਤੁਸ਼ਟ ਹਨ। ਡੀ. ਸੀ. ਨੇ ਆਮ ਆਦਮੀ ਕਲੀਨਿਕਾਂ ’ਚ ਕੰਮ ਕਰ ਰਹੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਇਥੋਂ ਹੀ ਪ੍ਰਾਪਤ ਹੋ ਜਾਂਦੀਆਂ ਹਨ। ਪਹਿਲਾਂ ਆਮ ਲੋਕਾਂ ਨੂੰ ਆਪਣੀ ਸਿਹਤ ਸਮੱਸਿਆ ਨੂੰ ਲੈ ਕੇ ਹਸਪਤਾਲਾਂ ’ਚ ਜਾਣਾ ਪੈਂਦਾ ਸੀ ਅਤੇ ਹਸਪਤਾਲਾਂ ’ਚ ਮਰੀਜ਼ਾ ਦੀ ਵਧੇਰੇ ਗਿਣਤੀ ਹੋਣ ਕਾਰਨ ਲੋਕਾਂ ਨੂੰ ਇੰਤਜ਼ਾਰ ਵੀ ਕਰਨਾ ਪੈਂਦਾ ਸੀ ਪਰ ਹੁਣ ਆਮ ਆਦਮੀ ਕਲੀਨਿਕਾ ਨਾਲ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਸਿਹਤ ਸੁਵਿਧਾਵਾਂ ਮੁਹੱਈਆ ਹੋ ਰਹੀਆਂ ਹਨ। ਇਸ ਮੌਕੇ ਸਿਵਲ ਸਰਜਨ ਵਿਜੈ ਕੁਮਾਰ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਸਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਬੀ. ਡੀ. ਪੀ. ਓ. ਖੰਨਾ ਮੁਅੱਤਲ, ਜਾਣੋ ਕੀ ਹੈ ਪੂਰਾ ਮਾਮਲਾ
ਪੰਚਾਇਤੀ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਆਰੰਭੀਆਂ
20 ਦਸੰਬਰ ਨੂੰ ਕਰਵਾਈ ਜਾਵੇਗੀ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾ
ਪੰਜਾਬ ਸਰਕਾਰ ਵੱਲੋਂ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਨਿਕਟ ਭਵਿੱਖ ’ਚ ਕਰਵਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸਦੇ ਚੱਲਦੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਵੋਟਰ ਸੂਚੀਆਂ ਦੀ ਸੁਧਾਈ ਤਰੁੰਤ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਰੀ ਕੀਤੇ ਗਏ ਹੁਕਮਾਂ ’ਚ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 20 ਦਸੰਬਰ 2023 ਨੂੰ ਕਰਵਾਈ ਜਾਵੇਗੀ ਅਤੇ ਵੋਟਾਂ ਸਬੰਧੀ ਦਾਅਵੇ ਤੇ ਇਤਰਾਜ਼ 21 ਤੋਂ 29 ਦਸੰਬਰ ਤੱਕ ਲਏ ਜਾਣਗੇ। ਉਨ੍ਹਾਂ ਹਦਾਇਤ ਕੀਤੀ ਕਿ ਉਕਤ ਦਾਅਵੇ ਤੇ ਇਤਰਾਜ਼ਾਂ ਦਾ ਨਿਪਟਾਰਾ 5 ਜਨਵਰੀ 2024 ਤੱਕ ਪੂਰਾ ਕਰ ਲਿਆ ਜਾਵੇ ਅਤੇ ਉਪਰੰਤ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 7 ਜਨਵਰੀ 2024 ਨੂੰ ਕਰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਬਲਾਕ ਅਜਨਾਲਾ, ਚੋਗਾਵਾਂ, ਹਰਸ਼ਾ ਛੀਨਾ, ਲੋਪੋਕੇ, ਮਜੀਠਾ, ਰਈਆ, ਤਰਸਿੱਕਾ ਅਤੇ ਬਾਬਾ ਬਕਾਲਾ ਸਾਹਿਬ ਲਈ ਐੱਸ. ਡੀ. ਐੱਮ. ਅਤੇ ਜੰਡਿਆਲਾ ਗੁਰੂ ਲਈ ਐੱਸ. ਡੀ. ਐੱਮ. ਅੰਮ੍ਰਿਤਸਰ-1 ਅਤੇ ਅਟਾਰੀ ਅਤੇ ਵੇਰਕਾ ਲਈ ਐੱਸ. ਡੀ. ਐੱਮ. ਅੰਮ੍ਰਿਤਸਰ-2 ਨੂੰ ਨਿਯੁੱਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਟੈਕਸ ਚੋਰਾਂ ’ਤੇ ਮੋਬਾਇਲ ਵਿੰਗ ਦਾ ਛਾਪਾ, ਟੈਕਸ ਮਾਫੀਆ ਨੇ ਬਦਲੇ ਰਸਤੇ
ਡੀ. ਸੀ ਦਫਤਰ ’ਚ ਭਰਤੀ ਕੀਤੇ ਜਾਣਗੇ ਦੋ ‘ਬਲੌਕ ਫੈਲੋ’-ਸਰਕਾਰ ਦੀਆਂ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਲੋਕਾਂ ’ਚ ਜਾਗਰੂਕਤਾ ਲਿਆਉਣ, ਅਧਿਕਾਰੀਆਂ ਵਿਚਾਲੇ ਬਿਹਤਰ ਤਾਲਮੇਲ ਲਈ ਡੀ. ਸੀ. ਦਫਤਰ ਵਿਚ ਦੋ ਬਲੌਕ ਫੈਲੋ ਭਰਤੀ ਕੀਤੇ ਜਾ ਰਹੇ ਹਨ। ਡੀ. ਸੀ. ਨੇ ਦੱਸਿਆ ਕਿ ਫੈਲੋਸ਼ਿਪ ਪ੍ਰੋਗਰਾਮ ਤਹਿਤ ਇਕ ਸਾਲ ਲਈ ਤਾਇਨਾਤੀ ਕੀਤੀ ਜਾਵੇਗੀ, ਇਸ ਲਈ ਪੋਸਟ ਗਰੈਜੂਏਸ਼ਨ ਵਿਅਕਤੀ 19 ਦਸੰਬਰ ਤੱਕ ਆਪਣੇ ਬਿਨੈ ਪੱਤਰ ਦੇ ਸਕਦੇ ਹਨ ਅਤੇ 22 ਦਸੰਬਰ ਤੱਕ ਕੰਮ ’ਤੇ ਬੁਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਅਕਾਲੀ ਨੇਤਾ ਭਾਜਪਾ ਦੀ ਛਤਰੀ ’ਤੇ ਮੰਡਰਾਉਣ ਲੱਗੇ!, ਛੇਤੀ ਸ਼ਾਮਲ ਹੋਣ ਦੀਆਂ ਕਨਸੋਆਂ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8