ਮੋਗਾ ਵਿਖੇ ਡਰਾਈਵਰ ਨੂੰ ਝੱਪਕੀ ਆਉਣ ਕਾਰਨ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, ਕਈ ਜ਼ਖ਼ਮੀ

Friday, May 06, 2022 - 11:36 AM (IST)

ਮੋਗਾ (ਆਜ਼ਾਦ) : ਅੱਜ ਸਵੇਰੇ ਥਾਣਾ ਸਦਰ ਮੋਗਾ ਕੋਲ ਸਬਜ਼ੀ ਨਾਲ ਭਰੀ ਪਿਕਅਪ ਮਹਿੰਦਰਾ ਗੱਡੀ ਪਲਟਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 7 ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਨੂੰ ਰੈਫਰ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਤਲਵੰਡੀ ਭਾਈ ਵਿਖੇ ਸਬਜ਼ੀ ਦਾ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਆਪਣੇ ਸਾਥੀਆਂ ਜਗਜੀਤ ਸਿੰਘ, ਅਰੁਣ ਕੁਮਾਰ, ਸੁਖਵਿੰਦਰ ਸਿੰਘ, ਮੌਜਦੀਨ, ਮੁਕੇਸ਼ ਕੁਮਾਰ, ਗੁਰਮੇਲ ਸਿੰਘ, ਸੰਤੋਸ਼, ਬਲਦੇਵ ਸਿੰਘ, ਜਤਿੰਦਰ ਸਿੰਘ, ਸੋਨੂੰ ਕੁਮਾਰ ਅਤੇ ਦੇਬੂ ਕੁਮਾਰ ਨਾਲ ਸਵੇਰੇ 4 ਵਜੇ ਸਬਜ਼ੀ ਮੰਡੀ ਮੋਗਾ ਵਿਚ ਸਬਜ਼ੀ ਲੈਣ ਲਈ ਆਏ ਸਨ, ਜਦੋਂ ਉਹ ਸਾਢੇ 8 ਵਜੇ ਦੇ ਕਰੀਬ ਸਬਜ਼ੀ ਲੱਦ ਕੇ ਤਲਵੰਡੀ ਭਾਈ ਜਾ ਰਹੇ ਸੀ ਤਾਂ ਡਰਾਈਵਰ ਸੁਖਵਿੰਦਰ ਸਿੰਘ ਨਿਵਾਸੀ ਤਲਵੰਡੀ ਭਾਈ ਦੀ ਅੱਖ ਲੱਗਣ ਕਾਰਣ ਗੱਡੀ ਬੇਕਾਬੂ ਹੋ ਕੇ ਡਵਾਈਡਰ ਨਾਲ ਜਾ ਟਕਰਾਈ ਅਤੇ ਪਲਟ ਗਈ। ਇਸ ਹਾਦਸੇ ਵਿਚ ਸਾਰੇ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਜੋੜੇ ਨੇ ਇਕੱਠਿਆਂ ਪੀਤਾ ਜ਼ਹਿਰ, ਪਤਨੀ ਦੀ ਮੌਤ

ਇਸ ਦੌਰਾਨ ਜ਼ਿਲਾ ਫਾਜ਼ਿਲਕਾ ਦੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਆਪਣੀ ਪਾਇਲਟ ਗੱਡੀ ਸਮੇਤ ਚੰਡੀਗੜ੍ਹ ਜਾ ਰਹੇ ਸੀ ਤਾਂ ਜਦੋਂ ਉਨ੍ਹਾਂ ਇਹ ਹਾਦਸਾ ਦੇਖਿਆ ਤਾਂ ਉਨ੍ਹਾਂ ਆਪਣੀ ਗੱਡੀ ਰੋਕੀ ਅਤੇ ਥਾਣਾ ਸਦਰ ਪੁਲਸ ਨੂੰ ਜਾਣਕਾਰੀ ਦਿੱਤੀ ਅਤੇ ਆਪਣੀ ਪਾਇਲਟ ਗੱਡੀ ਨੂੰ ਉਥੇ ਛੱਡ ਦਿੱਤਾ ਤਾਂਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਾ ਸਕੇ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਪਾਇਲਟ ਗੱਡੀ ਦੇ ਇਲਾਵਾ ਥਾਣਾ ਸਦਰ ਦੀਆਂ ਗੱਡੀ ਅਤੇ ਐਂਬੂਲੈਂਸ ਵੱਲੋਂ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ, ਜਿੱਥੇ ਜਗਜੀਤ ਸਿੰਘ (50) ਨਿਵਾਸੀ ਪਿੰਡ ਹਰਾਜ ਅਤੇ ਅਰੁਣ ਕੁਮਾਰ (31) ਨਿਵਾਸੀ ਬਿਹਾਰ ਦੀ ਮੌਤ ਹੋ ਗਈ, ਜਦਕਿ ਦੂਸਰੇ ਜ਼ਖਮੀ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ

ਉਨ੍ਹਾਂ ਕਿਹਾ ਕਿ ਮ੍ਰਿਤਕ ਜਗਜੀਤ ਸਿੰਘ ਦੇ ਭਰਾ ਰਣਜੀਤ ਸਿੰਘ ਅਤੇ ਮ੍ਰਿਤਕ ਅਰੁਣ ਕੁਮਾਰ ਦੇ ਭਰਾ ਚੰਦਰਕਾ ਰਾਏ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕਰਨ ਦੇ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਇਸ ਹਾਦਸੇ ਦੀ ਜਾਂਚ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News