ਆਫਤ ਬਣੀ ਚਾਈਨਾ ਡੋਰ, ਪ੍ਰਸ਼ਾਸਨ ਦਾ ਨਹੀਂ ਚੱਲਦਾ ਜ਼ੋਰ

Wednesday, Jan 17, 2018 - 07:42 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਪ੍ਰਸ਼ਾਸਨ ਵਲੋਂ ਪਾਬੰਦੀ ਲਾਉਣ ਦੇ ਬਾਵਜੂਦ ਸ਼ਹਿਰ 'ਚ ਚਾਈਨਾ ਡੋਰ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ ਜਿੰਨੀ ਇਸ ਡੋਰ 'ਤੇ ਪਾਬੰਦੀ ਹੈ, ਓਨੀ ਇਹ ਬਲੈਕ 'ਚ ਵਿਕ ਰਹੀ ਹੈ ਹਾਲਾਂਕਿ ਚਾਈਨਾ ਡੋਰ ਦੀ ਵਿਕਰੀ ਦੇ ਮਾਮਲੇ 'ਚ ਪੁਲਸ ਨੇ ਕਈ ਕੇਸ ਵੀ ਦਰਜ ਕੀਤੇ ਹਨ ਪਰ ਫਿਰ ਵੀ ਲੋਕ ਬੇਖੌਫ ਹੋ ਕੇ ਇਸ ਨਾਲ ਪਤੰਗ ਉਡਾ ਰਹੇ ਸਨ। ਇਹ 'ਖੂਨੀ ਡੋਰ' ਜਿਥੇ ਕਈ ਪੰਛੀਆਂ ਦੀ ਜਾਨ ਲੈ ਚੁੱਕੀ ਹੈ ਉਥੇ ਕਈ ਦੋ ਪਹੀਆ ਵਾਹਨ ਚਾਲਕਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਚੁੱਕੀ ਹੈ। ਬੀਤੇ ਦਿਨੀਂ ਭਾਜਪਾ ਆਗੂ ਕੁਲਦੀਪ ਸਹੌਰੀਆ ਦੇ ਪੋਤਰੇ ਅਰਮਾਨ ਸਹੌਰੀਆ ਨੂੰ ਐੈੱਸ.ਡੀ. ਕਾਲਜ ਵਾਲੇ ਓਵਰਬ੍ਰਿਜ ਦੇ Àੁੱਪਰ ਚਾਈਨਾ ਡੋਰ ਨੇ ਆਪਣਾ ਸ਼ਿਕਾਰ ਬਣਾ ਲਿਆ, ਜਿਸ ਕਾਰਨ ਉਸ ਦੇ ਮੂੰਹ 'ਤੇ ਕਾਫੀ ਸੱਟਾਂ ਲੱਗੀਆਂ ਤੇ ਉਸ ਦੀ ਉਂਗਲ ਵੀ ਕੱਟ ਗਈ।
ਕਈ ਲੋਕ ਤਾਂ ਪਤੰਗ ਦੇ ਕੱਟ ਹੋ ਜਾਣ 'ਤੇ ਬੇਇੱਜ਼ਤੀ ਮਹਿਸੂਸ ਕਰਦੇ ਹਨ, ਜਿਸ ਕਾਰਨ ਦੇਸੀ ਡੋਰ ਨਾਲੋਂ ਚਾਈਨਾ ਡੋਰ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ।
ਮਾਮੂਲੀ ਸਜ਼ਾ ਦੀ ਵਿਵਸਥਾ ਕਾਰਨ 'ਡਰੈਗਨ' ਡੋਰ ਵੇਚਣ ਵਾਲਿਆਂ ਦੇ ਹੌਸਲੇ ਬੁਲੰਦ
ਪ੍ਰਸ਼ਾਸਨ ਵਲੋਂ ਪਾਬੰਦੀ ਲਾਉਣ ਦੇ ਬਾਵਜੂਦ ਚਾਈਨਾ ਡੋਰ ਪਿੱਛੇ ਆਖਿਰ ਕਾਰਨ ਕੀ ਹੈ। ਪੁਲਸ ਵਲੋਂ ਵੀ ਡੋਰ ਵੇਚਣ ਵਾਲਿਆਂ ਵਿਰੁੱਧ ਕੇਸ ਦਰਜ ਕੀਤੇ ਜਾ ਰਹੇ ਹਨ ਪਰ ਇਸ ਦੀ ਵਿਕਰੀ ਬੰਦ ਨਹੀਂ ਹੋ ਰਹੀ। ਚਾਈਨਾ ਡੋਰ ਨੂੰ ਜ਼ਿਲਾ ਮੈਜਿਸਟ੍ਰੇਟ ਵਲੋਂ ਧਾਰਾ 144 ਤਹਿਤ ਦਿੱਤੇ ਹੁਕਮਾਂ ਅਧੀਨ ਵੇਚਣ ਤੋਂ ਮਨ੍ਹਾ ਕੀਤਾ ਜਾਂਦਾ ਹੈ। ਜੇਕਰ ਕੋਈ ਧਾਰਾ 144 ਤਹਿਤ ਦਿੱਤੇ ਹੁਕਮਾਂ ਦਾ ਉਲੰਘਣ ਕਰਦਾ ਹੈ ਤਾਂ ਇਸ ਖਿਲਾਫ ਬਹੁਤ ਮਾਮੂਲੀ ਸਜ਼ਾ ਦੀ ਵਿਵਸਥਾ ਹੈ, ਜਿਸ ਕਾਰਨ ਚਾਈਨਾ ਡੋਰ ਵੇਚਣ ਵਾਲਿਆਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਹੁਣ ਤੋਂ ਚਾਈਨਾ ਡੋਰ ਦੀ ਵਿਕਰੀ 'ਚ ਹੁੰਦੇ ਮੁਨਾਫੇ ਨੂੰ ਦੇਖ ਕੇ ਇਸ ਦੀ ਹੋਮ ਡਲਿਵਰੀ ਵੀ ਕਰਨ ਲੱਗ ਪਏ ਹਨ।
ਸਖਤ ਧਾਰਾਵਾਂ ਤਹਿਤ ਦਰਜ ਹੋਣਾ ਚਾਹੀਦੈ ਮੁਕੱਦਮਾ : ਰਾਹੀ
Êਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿਰੁੱਧ ਧਾਰਾ 144 ਦੀ ਉਲੰਘਣਾ ਦਾ ਕੇਸ ਦਰਜ ਕੀਤਾ ਜਾਂਦਾ ਹੈ ਤਾਂ ਪ੍ਰਸ਼ਾਸਨ ਨੂੰ ਇਹ ਸਾਬਿਤ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿ ਉਸ ਨੇ ਧਾਰਾ 144 ਲਾਈ ਹੋਈ ਹੈ ਅਤੇ ਜਿਸ ਵਿਅਕਤੀ ਨੇ ਇਸ ਦੀ ਉਲੰਘਣਾ ਕੀਤੀ ਹੈ, ਉਹ ਉਸ ਦੇ ਨੋਟਿਸ 'ਚ ਹੈ। ਚਾਹੀਦਾ ਤਾਂ ਇਹ ਹੈ ਕਿ ਜੇਕਰ ਕੋਈ ਵਿਅਕਤੀ ਚਾਈਨਾ ਡੋਰ ਨਾਲ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਪੁਲਸ ਡਾਕਟਰ ਤੋਂ ਪੁੱਛਗਿੱਛ ਕਰੇ ਕਿ ਕੀ ਇਸ ਹਾਦਸੇ ਨਾਲ ਉਸ ਵਿਅਕਤੀ ਦੀ ਜਾਨ ਨੂੰ ਵੀ ਖਤਰਾ ਸੀ, ਜੇਕਰ ਹਾਂ ਤਾਂ ਪੁਲਸ ਨੂੰ ਇਸ ਵਿਚ ਇਰਾਦਾ ਕਤਲ ਦਾ ਕੇਸ ਦਰਜ ਕਰਨਾ ਚਾਹੀਦਾ ਹੈ। ਜੇਕਰ ਅਸੀਂ ਮੁਕੱਦਮਾ ਸਖਤ ਧਾਰਾਵਾਂ ਦੇ ਤਹਿਤ ਦਰਜ ਕਰਾਂਗੇ ਤਾਂ ਹੀ  ਚਾਈਨਾ ਡੋਰ ਤੋਂ ਮੁਕਤੀ ਸੰਭਵ ਹੈ। ਨਹੀਂ ਤਾਂ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਰਹਿਣਗੇ।


Related News