ਸਵ. ਸਵਦੇਸ਼ ਚੋਪੜਾ ਜੀ ਦੀ ਯਾਦ ''ਚ 11 ਹਜ਼ਾਰ ਪੌਦੇ ਲਗਾਉਣ ਦਾ ਲਿਆ ਸੰਕਲਪ

Monday, Jul 08, 2024 - 01:41 PM (IST)

ਮਾਨਸਾ (ਸੰਦੀਪ ਮਿੱਤਲ) ਸਵ. ਸਵਦੇਸ਼ ਚੋਪੜਾ ਜੀ ਦੀ ਯਾਦ ਵਿੱਚ ਬੁਢਲਾਡਾ ਖੇਤਰ ਅੰਦਰ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ਼-ਸੁਥਰਾ ਬਣਾਉਣ, ਹਰਿਆਲੀ ਅਤੇ ਇਨਸਾਨ ਦੇ ਲਈ ਆਫ਼ਤ ਬਣ ਕੇ ਆ ਰਹੀਆਂ ਕੁਦਰਤੀ ਆਫ਼ਤਾਂ ਨੂੰ ਰੋਕਣ ਲਈ 11 ਹਜ਼ਾਰ ਪੌਦੇ ਲਗਾਏ ਜਾਣਗੇ। ਇਨ੍ਹਾਂ ਪੌਦਿਆਂ ਦੀ ਰਖਵਾਲੀ, ਵੱਡੇ ਹੋਣ ਤੱਕ ਇਨ੍ਹਾਂ ਦੀ ਸਾਂਭ-ਸੰਭਾਲ ਵੀ ਕੀਤੀ ਜਾਵੇਗੀ। ਬੁਢਲਾਡਾ ਵਾਸੀ ਰੋਟਰੀ ਕਲੱਬ ਦੇ ਪ੍ਰਧਾਨ ਅਤੇ ਭਾਜਪਾ ਜ਼ਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਸਵ. ਸਵਦੇਸ਼ ਚੋਪੜਾ ਜੀ ਦੀ 9ਵੀਂ ਬਰਸੀ ਮੌਕੇ ਪੱਤਰਕਾਰ ਮਨਜੀਤ ਸਿੰਘ ਅਹਿਮਦਪੁਰ ਦੇ ਸਹਿਯੋਗ ਨਾਲ ਪਿੰਡ ਅਹਿਮਦਪੁਰ ਬਾਬਾ ਕਿਸ਼ੋਰ ਦਾਸ ਜੀ ਦੀ ਸਮਾਧ ਦੇ ਪਾਰਕ ਵਿਖੇ ਪੌਦਾ ਲਗਾ ਕੇ ਬੁਢਲਾਡਾ ਖੇਤਰ ਵਿੱਚ 11 ਹਜ਼ਾਰ ਪੌਦੇ ਲਗਾਉਣ ਦਾ ਸੰਕਲਪ ਲਿਆ ਹੈ।

ਆਉਣ ਵਾਲੇ ਦਿਨਾਂ ਵਿੱਚ ਇਹ ਪੌਦੇ ਜਿੱਥੇ ਵੀ ਮੰਗ ਹੋਵੇਗੀ, ਸਾਂਝੀਆਂ ਥਾਵਾਂ 'ਤੇ ਲਗਾਏ ਜਾਣਗੇ। ਜਗਬਾਣੀ, ਪੰਜਾਬ-ਕੇਸਰੀ ਦੇ ਮੁੱਖ ਸੰਪਾਦਕ ਸ੍ਰੀ ਵਿਜੈ ਚੋਪੜਾ ਜੀ ਦੀ ਧਰਮ ਪਤਨੀ ਸਵ. ਸਵਦੇਸ਼ ਚੋਪੜਾ ਜੀ ਦੀ ਨਿੱਘੀ ਯਾਦ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਧਰਤੀ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਣ ਲਈ ਪੌਦੇ ਲਗਾਉਣ ਦੀ ਮੁੰਹਿਮ ਦਾ ਆਗਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੂਸ਼ਿਤ ਹੋ ਰਿਹਾ ਵਾਤਾਵਰਣ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਮਨੁੱਖ ਦੇ ਆਉਣ ਵਾਲੇ ਜੀਵਨ ਲਈ ਖ਼ਤਰਨਾਕ ਹੈ।

ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਇਹੀ ਸੱਚੀ ਸ਼ਰਧਾਂਜਲੀ ਹੈ ਕਿ ਅਸੀਂ ਸਮਾਜ ਸੇਵਾ ਅਤੇ ਸਮਾਜ ਦੇ ਹਿੱਤ ਲਈ ਉਹ ਕਾਰਜ ਕਰੀਏ, ਜੋ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ।  ਇਸੇ ਕਰਕੇ ਅੱਜ ਸਭ ਤੋਂ ਉੱਤਮ ਕਾਰਜ ਪੌਦੇ ਲਗਾਉਣ ਦੀ ਮੁੰਹਿਮ ਵਿੱਢੀ ਗਈ ਹੈ।  ਪੱਤਰਕਾਰ ਮਨਜੀਤ ਸਿੰਘ ਅਹਿਮਦਪੁਰ ਨੇ ਕਿਹਾ ਕਿ ਇਹ ਮੁੰਹਿਮ ਨੂੰ ਬੁਢਲਾਡਾ ਤੋਂ ਸ਼ੁਰੂ ਕਰਵਾਇਆ ਗਿਆ ਹੈ, ਜੋ ਇਹ ਮੁੰਹਿਮ ਪੂਰੇ ਪੰਜਾਬ ਵਿੱਚ ਮਾਤਾ ਸਵਦੇਸ਼ ਚੋਪੜਾ ਜੀ ਨੂੰ ਸਮਰਪਿਤ ਹੋ ਕੇ ਇੱਕ ਲਹਿਰ ਬਣੇਗੀ ਅਤੇ ਜਗਬਾਣੀ, ਪੰਜਾਬ ਕੇਸਰੀ ਦੇ ਪੱਤਰਕਾਰ ਵੀਰ ਇਸ ਵਿੱਚ ਸਹਿਯੋਗ ਕਰਕੇ ਇਸ ਨੂੰ ਚੱਲਦਾ ਰੱਖਣ।

ਉਨ੍ਹਾਂ ਇਹ ਵੀ ਕਿਹਾ ਕਿ ਧਰਤੀ 'ਤੇ ਪੌਦੇ ਲਗਾਉਣ ਨਾਲ ਸਿਰਫ ਇਨਸਾਨ ਹੀ ਨਹੀਂ, ਸਗੋਂ ਜੀਵ-ਜੰਤੂਆਂ, ਪੰਛੀਆਂ ਨੂੰ ਵੀ ਜੀਵਨ ਬਸਰ ਕਰਨ ਦਾ ਇੱਕ ਰਾਹ ਮਿਲਦਾ ਹੈ। ਧਰਤੀ ਤੇ ਦਰੱਖਤ ਕੁਦਰਤੀ ਆਫ਼ਤਾਂ ਨੂੰ ਰੋਕਦੇ ਹਨ। ਅੱਜ ਸਾਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਧਰਤੀ 'ਤੇ ਲੱਗੇ ਦਰੱਖ਼ਤ ਕੱਟਣ ਦੀ ਬਜਾਏ ਦੁੱਗਣੀ ਗਿਣਤੀ ਵਿੱਚ ਆਪੋ-ਆਪਣੇ ਖੇਤਾਂ, ਘਰਾਂ ਅਤੇ ਸਾਂਝੀਆਂ ਥਾਵਾਂ ਤੇ ਖੁਸ਼ੀਆਂ ਗਮੀਆਂ ਮੌਕੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਬਾਬਾ ਕੇਸਰ ਦਾਸ, ਰਾਕੇਸ਼ ਕੁਮਾਰ ਠਾਕੁਰ, ਤੇਜਿੰਦਰ ਸਿੰਘ ਗੋਰਾ, ਜੀਤ ਸਿੰਘ ਚੋਟਾਲਾ, ਰੋਬਿਨ ਸਿੰਘ ਮਸੌਣ ਤੋਂ ਇਲਾਵਾ ਹੋਰ ਵੀ ਮੌਜੂਦ ਸਨ।  


Babita

Content Editor

Related News