ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
Wednesday, Aug 02, 2017 - 07:12 AM (IST)
ਕਾਲਾ ਸੰਘਿਆਂ, (ਨਿੱਝਰ)- ਸਥਾਨਕ ਕਸਬੇ ਦੇ ਇਕ ਕਿਸਾਨ ਦੇ ਨੌਜਵਾਨ ਸਪੁੱਤਰ ਨੂੰ ਬਿਜਲੀ ਦੇ ਕਰੰਟ ਦੇ ਲੱਗੇ ਜ਼ਬਰਦਸਤ ਝਟਕੇ ਨੇ ਮੌਤ ਦੇ ਮੂੰਹ 'ਚ ਪਾ ਦਿੱਤਾ, ਜਿਸ ਕਾਰਨ ਪੀੜਤ ਪਰਿਵਾਰ 'ਤੇ ਜਿੱਥੇ ਦੁੱਖਾਂ ਦਾ ਪਹਾੜ ਆ ਡਿੱਗਿਆ, ਮੌਤ ਕਾਰਨ ਕਾਲਾ ਸੰਘਿਆਂ ਤੇ ਆਸ-ਪਾਸ ਦੇ ਇਲਾਕੇ 'ਚ ਸ਼ੋਕ ਦੀ ਲਹਿਰ ਪਸਰ ਗਈ ਹੈ। ਜਾਣਕਾਰੀ ਅਨੁਸਾਰ ਸਥਾਨਕ ਕਸਬੇ ਦੇ ਕਿਸਾਨ ਕੁਲਵਿੰਦਰਜੀਤ ਸਿੰਘ ਦੇ 18 ਸਾਲਾਂ ਨੌਜਵਾਨ ਸਪੁੱਤਰ ਕੁਲਰਾਜਨ ਸਿੰਘ ਉਰਫ ਰਾਜਾ ਨੂੰ ਮੋਟਰ ਦੀ ਲਾਈਟ ਠੀਕ ਕਰਦਿਆਂ ਅਜਿਹਾ ਜ਼ਬਰਦਸਤ ਕਰੰਟ ਦਾ ਝਟਕਾ ਲੱਗਿਆ ਕਿ ਉਹ ਬੇਸੁੱਧ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਕਾਲਾ ਸੰਘਿਆਂ ਇਲਾਜ ਲਈ ਪਹੁੰਚਾਇਆ ਗਿਆ, ਜਿਥੇ ਪਹੁੰਚਦੇ ਸਾਰ ਹੀ ਉਸਦੀ ਮੌਤ ਹੋ ਗਈ। ਵਰਣਯੋਗ ਹੈ ਕਿ ਮ੍ਰਿਤਕ ਰਾਜਾ ਇਸ ਵਾਰ 10ਵੀਂ ਜਮਾਤ ਤੋਂ ਪਾਸ ਹੋਇਆ ਸੀ ਤੇ ਆਪਣੇ ਪਿਤਾ ਨਾਲ ਖੇਤੀਬਾੜੀ ਦੇ ਕੰਮਾਂ 'ਚ ਮਦਦ ਕਰਦਾ ਸੀ ਕਿ ਇਹ ਭਾਣਾ ਵਾਪਰ ਗਿਆ।
