ਕੈਨੇਡਾ ਤੋਂ ਆਏ ਫੋਨ ਨੇ ਘਰ 'ਚ ਵਿਛਾ ਦਿੱਤੇ ਸੱਥਰ, 6 ਮਹੀਨੇ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਮੌਤ
Tuesday, Apr 11, 2023 - 05:02 PM (IST)

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਮਾਂ-ਪਿਉ ਆਪਣੇ ਦਿਲ 'ਤੇ ਪੱਥਰ ਰੱਖ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ, ਪਰ ਜਦ ਜਵਾਨ ਪੁੱਤ ਦੀ ਮੌਤ ਦੀ ਖ਼ਬਰ ਆਉਂਦੀ ਹੈ ਤਾਂ ਮਾਂ-ਪਿਓ ਸਦਮਾ ਸਹਾਰ ਨਹੀਂ ਸਕਦੇ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਬਟਾਲਾ ਦੇ ਨਜ਼ਦੀਕੀ ਪਿੰਡ ਸਰਵਾਲੀ ਦਾ ਜਿਥੋਂ ਦੇ ਨੌਜਵਾਨ ਸਰਦੂਲ ਸਿੰਘ ਦੀ ਕੈਨੇਡਾ 'ਚ ਹਾਰਟ ਅਟੈਕ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਸ਼ੱਕੀ ਹਾਲਤ 'ਚ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ
ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਹੈ। ਜਾਣਕਾਰੀ ਮੁਤਾਬਕ ਸਰਵਾਲੀ ਦਾ ਨੌਜਵਾਨ ਸਰਦੂਲ ਸਿੰਘ ਜੋ ਕਰੀਬ 6 ਮਹੀਨੇ ਪਹਿਲਾਂ ਹੀ ਕੈਨੇਡਾ ਵਰਕ ਪਰਮਿਟ 'ਤੇ ਗਿਆ ਸੀ। ਮ੍ਰਿਤਕ ਸਰਦੂਲ ਸਿੰਘ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪੁੱਤਰ ਸਰਦੂਲ ਸਿੰਘ ਨੂੰ ਬੜੇ ਚਾਵਾਂ ਦੇ ਨਾਲ ਕੈਨੇਡਾ (ਸਰੀ) ਵਿਖੇ ਭੇਜਿਆ ਸੀ ।
ਇਹ ਵੀ ਪੜ੍ਹੋ- ਵਿਸਾਖੀ ਮੌਕੇ ਪਾਕਿਸਤਾਨ ਗਏ ਭਾਰਤੀ ਜਥੇ ਨੇ ਗ਼ਰੀਬਾਂ 'ਚ ਵੰਡਣ ਲਈ ਦਾਨ ਕੀਤੇ ਚੌਲ ਅਤੇ ਆਟਾ
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਫੋਨ 'ਤੇ ਸਰਦੂਲ ਦੇ ਦੋਸਤਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੂੰ ਹਾਰਟ ਅਟੈਕ ਆਇਆ ਤੇ ਉਸਦੀ ਮੌਤ ਹੋ ਗਈ ਹੈ। ਸਰਦੂਲ ਸਿੰਘ ਅਜੇ ਕੁਆਰਾ ਸੀ ਅਤੇ ਘਰ ਦਾ ਛੋਟਾ ਅਤੇ ਲਾਡਲਾ ਪੁੱਤ ਸੀ ਅਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਮਾਂ ਸਰਦੂਲ ਸਿੰਘ ਦਾ ਚਿਹਰਾ ਆਖਰੀ ਵਾਰ ਵੇਖਣ ਲਈ ਤਰਸ ਰਹੀ ਹੈ। ਨੌਜਵਾਨ ਸਰਦੂਲ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮਦਦ ਲਈ ਅਪੀਲ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ ਤਾਂ ਜੋ ਆਪਣੇ ਹੱਥੀਂ ਉਸ ਅੰਤਿਮ ਰਸਮਾਂ ਨਾਲ ਸਸਕਾਰ ਕਰ ਸਕਣ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।