ਅਦਾਲਤ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ 6 ਦਿਨਾ ਪੁਲਸ ਰਿਮਾਂਡ ’ਤੇ ਭੇਜਿਆ
Thursday, Jul 21, 2022 - 10:31 PM (IST)
ਗੁਰਦਾਸਪੁਰ (ਜੀਤ ਮਠਾਰੂ)-ਅੱਜ ਗੁਰਦਾਸਪੁਰ ਜ਼ਿਲ੍ਹੇ ਦੀ ਪੁਲਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਜਨਵਰੀ ਮਹੀਨੇ ਨਾਲ ਸਬੰਧਿਤ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨਾਲ ਸਬੰਧਿਤ ਇਕ ਕੇਸ ’ਚ ਟ੍ਰਾਂਜ਼ਿਟ ਰਿਮਾਂਡ ’ਤੇ ਲਿਆਂਦਾ ਹੈ। ਉਕਤ ਗੈਂਗਸਟਰ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਬਖਤਰਬੰਦ ਗੱਡੀ ’ਚ ਕੋਰਟ ਕੰਪਲੈਕਸ ਵਿਖੇ ਲਿਆਂਦਾ ਗਿਆ, ਜਿਸ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਨੇ ਪੁੱਛਗਿੱਛ ਲਈ 6 ਦਿਨਾਂ ਦਾ ਰਿਮਾਂਡ ਲਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਲ 28 ਜਨਵਰੀ ਨੂੰ ਭਾਰਤ-ਪਾਕਿਸਤਾਨ ਬਾਰਡਰ 'ਤੇ ਚੰਦੂ ਵਡਾਲਾ ਪੋਸਟ ਨੇੜੇ ਬੀ. ਐੱਸ. ਐੱਫ. ਦੇ ਜਵਾਨਾਂ ’ਤੇ ਫਾਇਰਿੰਗ ਹੋਈ ਸੀ। ਉਸ ਮੌਕੇ ਚੰਦੂ ਵਡਾਲਾ ਪੋਸਟ ਵਿਖੇ ਤਾਇਨਾਤ ਹੈੱਡ ਕਾਂਸਟੇਬਲ ਗਿਆਨ ਸਿੰਘ ਨੇ ਪੁਲਸ ਨੂੰ ਬਿਆਨ ਦਿੱਤੇ ਸਨ ਕਿ ਜਦੋਂ ਉਹ ਡਿਊਟੀ ’ਤੇ ਤਾਇਨਾਤ ਸੀ ਤਾਂ ਪਾਕਿਸਤਾਨ ਵਾਲੀ ਸਾਈਡ ਤੋਂ ਹਿੱਲਜੁਲ ਹੋਈ ਅਤੇ ਕੁਝ ਵਿਅਕਤੀ ਭਾਰਤ ਵਾਲੀ ਸਾਈਡ ਕੁਝ ਸਾਮਾਨ ਭੇਜਣ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਮੌਕੇ ਜਦੋਂ ਉਸ ਨੇ ਸਮੱਗਲਰਾਂ ’ਤੇ ਫਾਇਰਿੰਗ ਕੀਤੀ ਤਾਂ ਸਮੱਗਲਰਾਂ ਨੇ ਵੀ ਫਾਇਰਿੰਗ ਕੀਤੀ, ਜਿਸ ਕਾਰਨ ਉਹ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ : ਰੂਪਾ ਤੇ ਕੁੱਸਾ ਦੇ ਐਨਕਾਊਂਟਰ ਨੂੰ ਲੈ ਕੇ FIR ’ਚ ਹੋਇਆ ਅਹਿਮ ਖ਼ੁਲਾਸਾ
ਉਸ ਮੌਕੇ ਉਕਤ ਸਮੱਗਲਰ ਧੁੰਦ ਦੀ ਆੜ ਹੇਠ ਫਰਾਰ ਹੋ ਗਏ। ਉਸ ਮੌਕੇ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ ਪੁਲਸ ਨੇ ਕਰੀਬ 235 ਕਰੋੜ ਰੁਪਏ ਦੀ ਕੀਮਤ ਦੀ ਹੈਰੋਇਨ, 7 ਪੈਕੇਟ ਅਫੀਮ, 2 ਪਿਸਟਲ, 54 ਰੌਂਦ ਬਰਾਮਦ ਕੀਤੇ ਗਏ ਸਨ, ਜਿਸ ਤੋਂ ਬਾਅਦ ਪੁਲਸ ਥਾਣਾ ਕਲਾਨੌਰ ਵਿਚ ਪਰਚਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਪੁਲਸ ਨੇ ਭਾਰਤ ਵਾਲੇ ਪਾਸੇ ਆਏ ਸਮੱਗਲਰਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਵੀ ਪਰਚੇ ਵਿਚ ਨਾਮਜ਼ਦ ਕੀਤਾ ਸੀ, ਜਿਸ ਉਪਰੰਤ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਾਂ ਵੀ ਇਸ ਮਾਮਲੇ ਵਿਚ ਆਉਣ ਕਾਰਨ ਉਸ ਖਿਲਾਫ ਵੀ ਪਰਚਾ ਦਰਜ ਕੀਤਾ ਗਿਆ ਸੀ। ਇਸ ਕਾਰਨ ਪੁੱਛਗਿਛ ਲਈ ਅੱਜ ਉਸ ਨੂੰ ਟਰਾਂਜ਼ਿਟ ਰਿਮਾਂਡ 'ਤੇ ਲਿਆਂਦਾ ਹੈ। ਇਸ ਤੋਂ ਪਹਿਲਾਂ ਜੱਗੂ ਭਗਵਾਨਪੁਰੀਆ ਨੂੰ ਬਾਬਾ ਬਕਾਲਾ ਪੁਲਸ ਨੇ ਰਿਮਾਂਡ ’ਤੇ ਲਿਆ ਸੀ, ਜਿਥੋਂ ਅੱਜ ਉਸ ਨੂੰ ਗੁਰਦਾਸਪੁਰ ਲਿਆਂਦਾ ਗਿਆ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਾਕਿਸਤਾਨ ’ਚੋਂ ਆ ਰਹੇ ਫੋਨ, ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ