ਡਿਫ਼ਾਲਟਰ ਕਿਰਾਏਦਾਰਾਂ ’ਤੇ ਨਿਗਮ ਦੀ ਵੱਡੀ ਕਾਰਵਾਈ, ਰਾਤ ਦੇ ਹਨੇਰੇ ’ਚ 21 ਦੁਕਾਨਾਂ ਕੀਤੀਆਂ ਸੀਲ

04/02/2022 11:16:33 AM

ਜਲੰਧਰ (ਖੁਰਾਣਾ)–ਨਵਾਂ ਵਿੱਤੀ ਸਾਲ ਸ਼ੁਰੂ ਹੁੰਦੇ ਹੀ ਜਲੰਧਰ ਨਗਰ ਨਿਗਮ ਨੇ ਆਪਣੇ ਕਿਰਾਏਦਾਰਾਂ ’ਤੇ ਵੱਡੀ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਇਸ ਸਮੇਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਨਗਰ ਨਿਗਮ ਦੀਆਂ 220 ਤੋਂ ਵੱਧ ਦੁਕਾਨਾਂ ਹਨ, ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਨਿਗਮ ਨੇ ਕਿਰਾਏ ’ਤੇ ਦਿੱਤੀਆਂ ਹੋਈਆਂ ਹਨ। 60 ਦੇ ਲਗਭਗ ਦੁਕਾਨਦਾਰ ਅਜਿਹੇ ਹਨ, ਜਿਹੜੇ ਪਿਛਲੇ ਲੰਮੇ ਸਮੇਂ ਤੋਂ ਨਿਗਮ ਨੂੰ ਕਿਰਾਇਆ ਅਦਾ ਨਹੀਂ ਕਰ ਰਹੇ ਹਨ ਅਤੇ ਵੱਖ-ਵੱਖ ਤਰ੍ਹਾਂ ਦੀ ਬਹਾਨੇਬਾਜ਼ੀ ਕਰੀ ਜਾ ਰਹੇ ਹਨ। ਅਜਿਹੇ ਡਿਫਾਲਟਰਾਂ ਕੋਲੋਂ ਨਿਗਮ ਨੇ ਸਵਾ ਕਰੋੜ ਰੁਪਏ ਤੋਂ ਵੱਧ ਦੀ ਉਗਰਾਹੀ ਕਰਨੀ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਹੀ ਨਗਰ ਨਿਗਮ ਨੇ ਰਾਤ ਦੇ ਹਨੇਰੇ ਵਿਚ 21 ਡਿਫ਼ਾਲਟਰ ਦੁਕਾਨਦਾਰਾਂ ਦੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ। ਇਨ੍ਹਾਂ ਦੁਕਾਨਾਂ ਵਿਚ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਕੀਤੇ ਜਾ ਰਹੇ ਸਨ। ਸਵੇਰੇ ਜਦੋਂ ਦੁਕਾਨਦਾਰਾਂ ਨੇ ਆਪਣੇ-ਆਪਣੇ ਸ਼ਟਰ ਅਤੇ ਤਾਲਿਆਂ ਨੂੰ ਸੀਲ ਲੱਗੀ ਦੇਖੀ ਅਤੇ ਨੋਟਿਸ ਲਾਏ ਦੇਖੇ ਤਾਂ ਉਨ੍ਹਾਂ ਨੂੰ ਨਿਗਮ ਦੀ ਕਾਰਵਾਈ ਦਾ ਪਤਾ ਲੱਗਾ।

ਇਹ ਵੀ ਪੜ੍ਹੋ: ਸਦਨ ਤੋਂ ਵਾਕਆਊਟ ਕਰਕੇ ਭਾਜਪਾ ਨੇ ਪੰਜਾਬ ਦੇ ਲੋਕਾਂ ਦੀ ਪਿੱਠ ’ਚ ਛੁਰਾ ਮਾਰਿਆ: ਸੁਖਜਿੰਦਰ ਰੰਧਾਵਾ

PunjabKesari

ਇਹ ਕਾਰਵਾਈ ਬੀਤੀ ਰਾਤ ਲਗਭਗ 10 ਵਜੇ ਤਹਿਬਾਜ਼ਾਰੀ ਸੁਪਰਿੰਟੈਂਡੈਂਟ ਮਨਦੀਪ ਸਿੰਘ ਦੀ ਅਗਵਾਈ ਵਿਚ ਹੋਈ। ਇਸ ਦੌਰਾਨ ਰਾਤ 1-2 ਵਜੇ ਤੱਕ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਦੁਕਾਨਾਂ ਨੂੰ ਸੀਲ ਕੀਤਾ ਗਿਆ। ਇਹ ਕਾਰਵਾਈ ਸੰਜੇ ਗਾਂਧੀ ਨਗਰ ਮਾਰਕੀਟ, ਅਲਾਸਕਾ ਚੌਕ, ਸ਼ਾਸਤਰੀ ਮਾਰਕੀਟ ਚੌਕ, ਕੁਮਹਾਰਾਂ ਵਾਲੀ ਮਸਜਿਦ ਚੌਕ ਅਤੇ ਹੰਸਰਾਜ ਸਟੇਡੀਅਮ ਦੇ ਨੇੜੇ ਸਥਿਤ ਨਿਗਮ ਦੀਆਂ ਦੁਕਾਨਾਂ ’ਤੇ ਕੀਤੀ ਗਈ। ਸਾਰਾ ਦਿਨ ਨਿਗਮ ਅਧਿਕਾਰੀਆਂ ਨੂੰ ਸੀਲ ਖੋਲ੍ਹਣ ਲਈ ਸਿਫਾਰਸ਼ੀ ਫੋਨ ਆਉਂਦੇ ਰਹੇ ਪਰ ਨਿਗਮ ਨੇ ਸਿਰਫ ਉਨ੍ਹਾਂ 3 ਦੁਕਾਨਾਂ ਦੀ ਸੀਲ ਖੋਲ੍ਹੀ, ਜਿਨ੍ਹਾਂ 13.50 ਲੱਖ ਦਾ ਪਿਛਲਾ ਕਿਰਾਇਆ ਨਿਗਮ ਨੂੰ ਅਦਾ ਕਰ ਦਿੱਤਾ। ਸੁਪਰਿੰਟੈਂਡੈਂਟ ਮਨਦੀਪ ਸਿੰਘ ਨੇ ਦੱਸਿਆ ਕਿ ਬਾਕੀ ਦੁਕਾਨਦਾਰਾਂ ਕੋਲੋਂ ਵੀ ਪਿਛਲਾ ਕਿਰਾਇਆ ਲੈ ਕੇ ਹੀ ਸੀਲ ਖੋਲ੍ਹੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਰਾਤ ਨੂੰ ਵੀ ਨਿਗਮ ਦਾ ਤਹਿਬਾਜ਼ਾਰੀ ਵਿਭਾਗ ਬਾਕੀ ਡਿਫ਼ਾਲਟਰ ਦੁਕਾਨਦਾਰਾਂ ਦੀਆਂ ਦੁਕਾਨਾਂ ਨੂੰ ਸੀਲ ਕਰਨ ਦੀ ਕਾਰਵਾਈ ਕਰੇਗਾ।

ਇਹ ਵੀ ਪੜ੍ਹੋ: ਵਿਧਾਨ ਸਭਾ ਇਜਲਾਸ ’ਚ ਹੰਗਾਮਾ: ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸਦਨ ’ਚੋਂ ਕੱਢਿਆ ਬਾਹਰ

PunjabKesari

ਨਿਗਮ ਨੇ ਇਕ ਕਾਲੋਨੀ ਨੂੰ ਤੋੜਿਆ, ਦੁਕਾਨ ਨੂੰ ਕੀਤਾ ਸੀਲ
ਨਗਰ ਨਿਗਮ ਦੇ ਬਿਲਡਿੰਗ ਮਹਿਕਮੇ ਨੇ ਬੀਤੇ ਦਿਨ ਨਾਜਾਇਜ਼ ਕਾਲੋਨੀਆਂ ਅਤੇ ਉਸਾਰੀਆਂ ਪ੍ਰਤੀ ਆਪਣੀ ਮੁਹਿੰਮ ਜਾਰੀ ਰੱਖੀ, ਜਿਸ ਤਹਿਤ ਕਾਲਾ ਸੰਘਿਆਂ ਰੋਡ ’ਤੇ ਦਰਸ਼ਨ ਅਕਾਦਮਿਕ ਨੇੜੇ ਨਾਜਾਇਜ਼ ਢੰਗ ਨਾਲ ਕੱਟੀ ਗਈ ਇਕ ਕਾਲੋਨੀ ਨੂੰ ਤੋੜ ਦਿੱਤਾ ਗਿਆ। ਇਹ ਕਾਰਵਾਈ ਏ. ਟੀ. ਪੀ. ਵਿਨੋਦ ਕੁਮਾਰ ਅਤੇ ਬਿਲਡਿੰਗ ਇੰਸ. ਦਿਨੇਸ਼ ਜੋਸ਼ੀ ਦੀ ਦੇਖ-ਰੇਖ ਵਿਚ ਕੀਤੀ ਗਈ। ਨਿਗਮ ਦੀ ਇਕ ਦੂਜੀ ਟੀਮ ਨੇ ਜੀ. ਟੀ. ਰੋਡ ’ਤੇ ਫਿਸ਼ ਮਾਰਕੀਟ ਨੇੜੇ ਨਾਜਾਇਜ਼ ਢੰਗ ਨਾਲ ਬਣੀ ਇਕ ਦੁਕਾਨ ਨੂੰ ਸੀਲ ਕਰ ਦਿੱਤਾ। ਆਉਣ ਵਾਲੇ ਦਿਨਾਂ ਵਿਚ ਵੀ ਇਹ ਮੁਹਿੰਮ ਜਾਰੀ ਰਹੇਗੀ।

ਇਹ ਵੀ ਪੜ੍ਹੋ: ਇਸ ਗੈਂਗਸਟਰ ਗਰੁੱਪ ਨੇ ਲਈ ਨਵਾਂਸ਼ਹਿਰ ’ਚ ਕਤਲ ਕੀਤੇ ਨੌਜਵਾਨ ਦੀ ਜ਼ਿੰਮੇਵਾਰੀ, ਫੇਸਬੁੱਕ ’ਤੇ ਪਾਈ ਪੋਸਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News