ਪੰਜਾਬ ’ਚ ਚਰਨਜੀਤ ਚੰਨੀ ਦੀ ਨਿਯੁਕਤੀ ਤੋਂ ਬਾਅਦ ਕਾਂਗਰਸ ਨੇ ਆਪਣਾ ਫੋਕਸ ਦਲਿਤਾਂ ਵੱਲ ਕੀਤਾ

Saturday, Sep 25, 2021 - 02:52 PM (IST)

ਜਲੰਧਰ (ਧਵਨ) : ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ’ਚ ਮੁੱਖ ਮੰਤਰੀ ਦਾ ਅਹੁਦਾ ਦੇਣ ਤੋਂ ਬਾਅਦ ਕਾਂਗਰਸ ਨੇ ਆਪਣਾ ਫੋਕਸ ਹੁਣ ਅਨੁਸੂਚਿਤ ਜਾਤੀ ਦੇ ਲੋਕਾਂ ਵੱਲ ਕਰ ਲਿਆ ਹੈ ਅਤੇ ਪੰਜਾਬ ਤੋਂ ਬਾਅਦ ਪਾਰਟੀ ਅਨੁਸੂਚਿਤ ਜਾਤੀਆਂ ਨੂੰ ਹੋਰ ਸੂਬਿਆਂ ’ਚ ਵੀ ਲੁਭਾਉਣ ’ਚ ਜੁਟ ਗਈ ਹੈ। ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਅਨੁਸੂਚਿਤ ਜਾਤੀ ਦੇ ਨੇਤਾਵਾਂ ਦਾ ਇਕ ਵਫਦ ਮਿਲਿਆ ਅਤੇ ਰਾਹੁਲ ਨੇ ਬੈਠਕ ਤੋਂ ਬਾਅਦ ਕਿਹਾ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਮਹੱਤਵਪੂਰਨ ਚਰਚਾ ਹੋਈ। ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਬਰਾਬਰ ਮੌਕੇ ਦੇਣਾ ਸਾਡਾ ਟੀਚਾ ਰਹੇਗਾ। ਸਾਬਕਾ ਸੰਸਦ ਮੈਂਬਰ ਉਦਿਤ ਰਾਜ ਦੀ ਅਗਵਾਈ ’ਚ ਅਨੁਸੂਚਿਤ ਜਾਤੀ ਦੇ ਕਾਂਗਰਸੀ ਨੇਤਾਵਾਂ ਨੇ ਰਾਹੁਲ ਗਾਂਧੀ ਨਾਲ ਬੈਠਕ ਕੀਤੀ ਤੇ ਨਾਲ ਹੀ ਇਨ੍ਹਾਂ ਨੇਤਾਵਾਂ ਨੇ ਰਾਹੁਲ ਗਾਂਧੀ ਦਾ ਚੰਨੀ ਦੀ ਨਿਯੁਕਤੀ ਲਈ ਧੰਨਵਾਦ ਕੀਤਾ। ਰਾਹੁਲ ਗਾਂਧੀ ਨੇ ਇਸ ਮੌਕੇ ’ਤੇ ਦੇਸ਼ ’ਚ ਅਨੁਸੂਚਿਤ ਜਾਤੀ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ। ਕਾਂਗਰਸ ਉੱਤਰੀ ਸੂਬਿਆਂ ’ਚ ਇਸ ਭਾਈਚਾਰੇ ਵਿਚਾਲੇ ਆਪਣੀਆਂ ਜੜਾਂ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਇਸ ਭਾਈਚਾਰੇ ਦੇ ਲੋਕ ਕਾਂਗਰਸ ਤੋਂ ਦੂਰ ਹੋਕੇ ਭਾਜਪਾ ਤੇ ਖੇਤਰੀ ਪਾਰਟੀਆਂ ਵੱਲ ਚਲੇ ਗਏ ਸਨ।

ਇਹ ਵੀ ਪੜ੍ਹੋ : ਅਨਿਲ ਵਿਜ ਨੇ ਪੰਜਾਬ ਦੀ ਸਿਆਸਤ ’ਤੇ ਲਾਇਆ ਤੜਕਾ, ਸਿੱਧੂ ’ਤੇ ਵਿੰਨ੍ਹਿਆ ਨਿਸ਼ਾਨਾ

ਕਾਂਗਰਸ ਨੇ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਦੀ ਇਸ ਗੱਲ ਲਈ ਨਿੰਦਾ ਕੀਤੀ, ਜਿਨ੍ਹਾਂ ਨੇ ਚੰਨੀ ਦੀ ਨਿਯੁਕਤੀ ਨੂੰ ਥੋੜੇ ਸਮੇਂ ਲਈ ਦੱਸਿਆ ਸੀ। ਉਨ੍ਹਾਂ ਨੇ ਮਾਇਆਵਤੀ ਨੂੰ ਕਿਹਾ ਕਿ ਕੀ ਉਹ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਅਨੁਸੂਚਿਤ ਜਾਤੀ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰੇਗੀ। ਕਾਂਗਰਸੀ ਨੇਤਾਵਾਂ ਨੇ ਚੰਨੀ ਦੀ ਨਿਯੁਕਤੀ ਨੂੰ ਇਕ ਮਾਸਟਰ ਸਟ੍ਰੋਕ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਇਸ ਨਾਲ ਅਨੁਸੂਚਿਤ ਜਾਤੀਆਂ ਨੂੰ ਸੱਤਾ ’ਚ ਲਿਆਉਣ ’ਚ ਮਦਦ ਮਿਲੀ ਹੈ। ਕਾਂਗਰਸ ਦਾ ਫੋਕਸ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ’ਤੇ ਹੈ। ਇਨ੍ਹਾਂ ਦੋਵਾਂ ਸੂਬਿਆਂ ’ਚ ਅਨੁਸੂਚਿਤ ਜਾਤੀ ਦੀਆਂ ਵੋਟਾਂ 25-25 ਫੀਸਦੀ ਦੱਸੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਕੈਪਟਨ ਜੋ ਪੌਣੇ 5 ਸਾਲ ’ਚ ਨਾ ਕਰ ਸਕੇ, ਕੀ ਚੰਨੀ 100 ਦਿਨ ’ਚ ਕਰ ਸਕਣਗੇ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News