ਸਿੱਖਿਆ ਵਿਭਾਗ ਦੀ ਹਾਲਤ ਸੱਪ ਦੇ ਲੰਘਣ ਮਗਰੋਂ ਲਕੀਰ ਪਿੱਟਣ ਵਾਲੀ
Wednesday, Sep 20, 2017 - 12:03 AM (IST)
ਜਲੰਧਰ (ਸੁਮਿਤ ਦੁੱਗਲ) - ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਪੰਜਾਬ ਦਾ ਸਿੱਖਿਆ ਵਿਭਾਗ ਆਪਣੇ ਕਿਸੇ ਹੁਕਮ ਨੂੰ ਲੈ ਕੇ ਚਰਚਾ 'ਚ ਆਇਆ ਹੋਵੇ, ਅਜਿਹਾ ਅਕਸਰ ਹੀ ਹੁੰਦਾ ਰਹਿੰਦਾ ਹੈ। ਇਸ ਵਾਰ ਵੀ ਵਿਭਾਗ ਵਲੋਂ ਸਕੂਲਾਂ 'ਚ ਬੱਚਿਆਂ ਨੂੰ ਲਗਾਈਆਂ ਜਾਣ ਵਾਲੀਆਂ ਮਹਿੰਗੀਆਂ ਪ੍ਰੈਕਟੀਕਲ ਕਾਪੀਆਂ ਦੇ ਸੰਬੰਧ 'ਚ ਇਕ ਪੱਤਰ ਜਾਰੀ ਕਰਕੇ ਹਦਾਇਤਾਂ ਦਿੱਤੀਆਂ ਗਈਆਂ ਹਨ ਪਰ ਇਹ ਹਦਾਇਤਾਂ ਵੀ ਚਰਚਾ 'ਚ ਆ ਗਈਆਂ ਹਨ। ਇਸ ਦਾ ਕਾਰਨ ਇਹ ਹੈ ਕਿ ਇਹ ਹਦਾਇਤਾਂ ਉਸ ਸਮੇਂ ਜਾਰੀ ਕੀਤੀਆਂ ਗਈਆਂ ਹਨ, ਜਦੋਂ ਅੱਧਾ ਸੈਸ਼ਨ ਬੀਤ ਚੁੱਕਾ ਹੈ ਅਤੇ ਬੱਚੇ ਪ੍ਰੈਕਟੀਕਲ ਕਾਪੀਆਂ ਖਰੀਦ ਚੁੱਕੇ ਹਨ। ਅਜਿਹੇ 'ਚ ਸਿੱਖਿਆ ਜਗਤ ਨਾਲ ਜੁੜੇ ਲੋਕਾਂ ਦਾ ਇਹੀ ਕਹਿਣਾ ਸੀ ਕਿ ਇਹ ਹਦਾਇਤਾਂ ਤਾਂ ਸੈਸ਼ਨ ਸ਼ੁਰੂ ਕਰਨ ਵੇਲੇ ਜਾਰੀ ਕਰਨੀਆਂ ਚਾਹੀਦੀਆਂ ਸਨ, ਤਾਂ ਕਿ ਬੱਚਿਆਂ ਨੂੰ ਇਨ੍ਹਾਂ ਦਾ ਫਾਇਦਾ ਹੋ ਸਕਦਾ। ਹੁਣ ਤਾਂ ਸੱਪ ਦੇ ਲੰਘਣ ਮਗਰੋਂ ਲਕੀਰ ਪਿੱਟਣ ਵਾਲੀ ਗੱਲ ਹੈ। ਇਨ੍ਹਾਂ ਦਾ ਕਹਿਣਾ ਸੀ ਕਿ ਹੁਣ ਤਾਂ ਇਹ ਹੁਕਮ ਅਗਲੇ ਸੈਸ਼ਨ ਦੀ ਸ਼ੁਰੂਆਤ 'ਚ ਜਾਰੀ ਕਰਨੇ ਚਾਹੀਦੇ ਹਨ। ਉਥੇ ਪੇਰੈਂਟਸ ਦੀ ਮੰਨੀਏ ਤਾਂ ਉਨ੍ਹਾਂ ਦਾ ਵੀ ਇਹੀ ਕਹਿਣਾ ਸੀ ਕਿ ਅਜਿਹੇ ਹੁਕਮ ਤਾਂ ਸਹੀ ਸਮੇਂ 'ਤੇ ਹੀ ਜਾਰੀ ਕੀਤੇ ਜਾਣੇ ਚਾਹੀਦੇ ਹਨ, ਤਾਂ ਕਿ ਸਾਡੇ 'ਤੇ ਮਾਲੀ ਬੋਝ ਨਾ ਪੈਂਦਾ।
ਇਥੇ ਦੱਸ ਦੇਈਏ ਕਿ ਸਕੂਲਾਂ 'ਚ ਛੇਵੀਂ ਕਲਾਸ ਤੋਂ ਲੈ ਕੇ ਨੌਵੀਂ ਕਲਾਸ ਦੇ ਵਿਦਿਆਰਥੀਆਂ ਦੇ ਹਿੱਤ 'ਚ ਸਿੱਖਿਆ ਵਿਭਾਗ ਵਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਅਧਿਆਪਕ ਬੱਚਿਆਂ ਨੂੰ ਪ੍ਰਾਈਵੇਟ ਪਬਲਿਸ਼ਰਜ਼ ਦੀਆਂ ਮਹਿੰਗੀਆਂ ਪ੍ਰੈਕਟੀਕਲ ਕਾਪੀਆਂ ਨਾ ਲਗਵਾਉਣ। ਵਿਭਾਗ ਦਾ ਤਰਕ ਸੀ ਕਿ ਇਸ ਨਾਲ ਬੱਚਿਆਂ 'ਤੇ ਮਾਲੀ ਬੋਝ ਘੱਟ ਪਵੇਗਾ। ਇਸ ਬਾਰੇ ਸਿੱਖਿਆ ਸਕੱਤਰ ਵਲੋਂ ਵੀ ਗੱਲ ਕੀਤੀ ਗਈ ਸੀ ਪਰ ਉਦੋਂ ਤਕ ਤਾਂ ਬੱਚੇ ਮੈਥ-ਸਾਇੰਸ ਨਾਲ ਸੰਬੰਧਿਤ ਪ੍ਰੈਕਟੀਕਲ ਕਾਪੀਆਂ ਖਰੀਦ ਚੁੱਕੇ ਸਨ।
