ਮੁੱਖ ਮੰਤਰੀ ਨੇ ਸਿਸਵਾਂ ਸਥਿਤ ਫ਼ਾਰਮ ਹਾਊਸ ’ਚ ਕੀਤੀ 16 ਵਿਧਾਇਕਾਂ ਨਾਲ ਮੁਲਾਕਾਤ
Thursday, Jun 17, 2021 - 12:31 AM (IST)

ਚੰਡੀਗੜ੍ਹ(ਅਸ਼ਵਨੀ)- ਇਕ ਪਾਸੇ ਜਿਥੇ ਕਾਂਗਰਸ ਹਾਈਕਮਾਨ ਵੱਲੋਂ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਤਲਬ ਕੀਤਾ ਗਿਆ ਤਾਂ ਦੂਜੇ ਪਾਸੇ ਪੰਜਾਬ ’ਚ ਮੁੱਖ ਮੰਤਰੀ ਨੇ ਵੀ ਬੈਠਕਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਕਰੀਬ 16 ਵਿਧਾਇਕਾਂ ਅਤੇ ਮੰਤਰੀਆਂ ਨਾਲ ਮੁੱਖ ਮੰਤਰੀ ਨੇ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਲੰਚ ਡਿਪਲੋਮੈਸੀ ਤਹਿਤ ਬੁਲਾਈ ਗਈ ਇਸ ਬੈਠਕ ’ਚ ਮੁੱਖ ਮੰਤਰੀ ਨੇ ਵਿਧਾਇਕਾਂ ਅਤੇ ਮੰਤਰੀਆਂ ਦੇ ਮਨ ਦੀ ਗੱਲ ਸੁਣੀ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਗਿਲੇ-ਸ਼ਿਕਵੇ ਦੂਰ ਕੀਤੇ ਜਾ ਸਕਣ।
ਇਹ ਵੀ ਪੜ੍ਹੋ- ਗਲਵਾਨ ਘਾਟੀ 'ਚ ਸ਼ਹੀਦ ਹੋਏ 'ਗੁਰਬਿੰਦਰ ਸਿੰਘ' ਦੇ ਪਰਿਵਾਰਕ ਮੈਂਬਰਾਂ ਨੇ ਖੋਲ੍ਹੀ ਸਰਕਾਰ ਦੇ ਵਾਅਦਿਆਂ ਦੀ ਪੋਲ (ਵੀਡੀਓ)
ਇਨ੍ਹਾਂ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਤੋਂ ਇਲਾਵਾ ਵਿਧਾਇਕ ਲਖਵੀਰ ਸਿੰਘ ਲੱਖਾ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਲਾਡੀ ਸ਼ੇਰੋਵਾਲੀਆ, ਨਾਜਰ ਸਿੰਘ ਮਾਨਸ਼ਾਹੀਆ ਆਦਿ ਸ਼ਾਮਲ ਸਨ। ਇਸ ਤੋਂ ਪਹਿਲਾਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਮੰਤਰੀ ਓ. ਪੀ. ਸੋਨੀ, ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਨਵਤੇਜ ਸਿੰਘ ਚੀਮਾ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਿੱਲੀ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਪਹਿਲਾਂ ਸਾਰੇ ਗਿਲੇ-ਸ਼ਿਕਵਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿਚ ਹਨ।
ਇਹ ਵੀ ਪੜ੍ਹੋ- ਅਧਿਆਪਕਾਂ ਪ੍ਰਤੀ ਮੁੱਖ ਮੰਤਰੀ ਦੇ ਗੈਰ-ਮਨੁੱਖੀ ਰਵੱਈਏ ਨਾਲ ਸੂਬੇ ’ਚ ਰੋਸ : ਚੁੱਘ
ਕਿਹਾ ਇਹ ਵੀ ਜਾ ਰਿਹਾ ਹੈ ਕਿ ਖੁਦ ਹਾਈਕਮਾਨ ਦੇ ਪੱਧਰ ’ਤੇ ਵੀ ਮੁੱਖ ਮੰਤਰੀ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪਾਰਟੀ ਪੱਧਰ ’ਤੇ ਵਿਧਾਇਕਾਂ, ਮੰਤਰੀਆਂ ਨਾਲ ਖੁੱਲ੍ਹੇ ਤੌਰ ’ਤੇ ਗੱਲ ਕਰਨ ਤਾਂ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ‘ਗਿਲਾ-ਸ਼ਿਕਵਾ’ ਹੈ ਤਾਂ ਉਸ ਨੂੰ ਦੂਰ ਕਰ ਕੇ ਪਾਰਟੀ ਨੂੰ ਇੱਕਜੁਟ ਕਰਦੇ ਹੋਏ 2022 ਦੇ ਚੋਣ ਮੈਦਾਨ ’ਚ ਉਤਰਿਆ ਜਾ ਸਕੇ। ਉਧਰ, ਚਰਚਾ ਇਸ ਗੱਲ ਦੀ ਵੀ ਹੈ ਕਿ ਮੁੱਖ ਮੰਤਰੀ ਨੇ ਕਰੀਬ 22 ਨੇਤਾਵਾਂ ਨਾਲ ਮੁਲਾਕਾਤ ਕਰਨੀ ਸੀ ਪਰ ਕੇਵਲ 16 ਨੇਤਾ ਹੀ ਮੁਲਾਕਾਤ ਕਰਨ ਪਹੁੰਚੇ। ਮੁਲਾਕਾਤਾਂ ਦਾ ਇਹ ਦੌਰ 19 ਜੂਨ ਤੱਕ ਜਾਰੀ ਰਹਿ ਸਕਦਾ ਹੈ। ਮੁਲਾਕਾਤ ਦੌਰਾਨ ਕਈ ਵਿਧਾਇਕਾਂ ਨੇ ਆਪਣੇ ਇਲਾਕੇ ਵਿਚ ਵਿਕਾਸ ਕੰਮਾਂ ਦੀ ਵੀ ਗੱਲ ਰੱਖੀ, ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਵਿਕਾਸ ਕੰਮਾਂ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਦਲਿਤ ਵੋਟ ਬੈਂਕ ਸਬੰਧੀ ਵੀ ਬੈਠਕ ਦੌਰਾਨ ਵਿਸਥਾਰਪੂਰਵਕ ਚਰਚਾ ਹੋਈ। ਤੈਅ ਕੀਤਾ ਗਿਆ ਕਿ ਐੱਸ. ਸੀ. ਸ਼੍ਰੇਣੀ ਨਾਲ ਸਬੰਧਤ ਪੋਸਟਾਂ ਨੂੰ ਛੇਤੀ ਭਰਿਆ ਜਾਵੇਗਾ। ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਦਲਿਤਾਂ ਦੀਆਂ ਯੋਜਨਾਵਾਂ ਨੂੰ ਪੂਰਾ ਕਰ ਕੇ, ਖਾਲੀ ਪਏ ਅਹੁਦਿਆਂ ਨੂੰ ਵੀ ਭਰਿਆ ਜਾਵੇ।